ਸੂਹੀ ਮਹਲਾ ੫ ॥
ਲਾਲਨੁ ਰਾਵਿਆ ਕਵਨ ਗਤੀ ਰੀ ॥
ਸਖੀ ਬਤਾਵਹੁ ਮੁਝਹਿ ਮਤੀ ਰੀ ॥੧॥
ਸੂਹਬ ਸੂਹਬ ਸੂਹਵੀ ॥
ਅਪਨੇ ਪ੍ਰੀਤਮ ਕੈ ਰੰਗਿ ਰਤੀ ॥੧॥ ਰਹਾਉ ॥
ਪਾਵ ਮਲੋਵਉ ਸੰਗਿ ਨੈਨ ਭਤੀਰੀ ॥
ਜਹਾ ਪਠਾਵਉ ਜਾਂਉ ਤਤੀ ਰੀ ॥੨॥
ਜਪ ਤਪ ਸੰਜਮ ਦੇਉ ਜਤੀ ਰੀ ॥
ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥੩॥
ਮਾਣੁ ਤਾਣੁ ਅਹੰਬੁਧਿ ਹਤੀ ਰੀ ॥ ਸਾ ਨਾਨਕ ਸੋਹਾਗਵਤੀ ਰੀ ॥੪॥੪॥੧੦॥
ਸ਼ਨਿੱਚਰਵਾਰ, ੧੨ ਪੋਹ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੭੩੯)
ਸੂਹੀ ਮਹਲਾ ੫ ॥
ਹੇ ਸਖੀ! ਤੂੰ ਕਿਸ ਤਰੀਕੇ ਨਾਲ ਸੋਹਣੇ ਲਾਲ ਦਾ ਮਿਲਾਪ ਪ੍ਰਾਪਤ ਕੀਤਾ ਹੈ? ਹੇ ਸਖੀ! ਮੈਨੂੰ ਭੀ ਉਹ ਅਕਲ ਦੱਸ ।੧।ਹੇ ਸਖੀ! ਤੇਰੇ ਮੂੰਹ ਉਤੇ ਲਾਲੀ ਭਖ ਰਹੀ ਹੈ, ਤੂੰ ਆਪਣੇ ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ ਹੈਂ ।੧।ਰਹਾਉ। ਹੇ ਸਖੀ! (ਮੈਨੂੰ ਭੀ ਦੱਸ) ਮੈਂ ਤੇਰੇ ਪੈਰ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਨਾਲ ਮਲਾਂਗੀ, ਤੂੰ ਮੈਨੂੰ ਜਿਥੇ ਭੀ (ਕਿਸੇ ਕੰਮ) ਭੇਜੇਂਗੀ ਮੈਂ ਉਥੇ ਹੀ (ਖ਼ੁਸ਼ੀ ਨਾਲ) ਜਾਵਾਂਗੀ ।੨।ਹੇ ਸਖੀ! ਅੱਖ ਝਮਕਣ ਜਿਤਨੇ ਸਮੇ ਵਾਸਤੇ ਹੀ ਤੂੰ ਮੈਨੂੰ ਜਿੰਦ ਦਾ ਮਾਲਕ ਪ੍ਰਭੂ ਮਿਲਾ ਦੇ, ਮੈਂ ਉਸ ਦੇ ਇਵਜ਼ ਵਿਚ ਸਾਰੇ ਜਪ ਤਪ ਸੰਜਮ ਦੇ ਦਿਆਂਗੀ ।੩।ਹੇ ਨਾਨਕ! ਜੇਹੜੀ ਜੀਵ-ਇਸਤ੍ਰੀ (ਕਿਸੇ ਭੀ ਆਪਣੇ ਮਿਥੇ ਹੋਏ ਪਦਾਰਥ ਜਾਂ ਉੱਦਮ ਆਦਿਕ ਦਾ) ਮਾਣ ਤੇ ਆਸਰਾ ਛੱਡ ਦੇਂਦੀ ਹੈ, ਹਉਮੈ ਵਾਲੀ ਅਕਲ ਤਿਆਗ ਦੇਂਦੀ ਹੈ, ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ ।੪।੪।੧੦।