ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ
ੴ☬ ਸਤਿਗੁਰ ਪ੍ਰਸਾਦਿ ॥
ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥
ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ
ਬਚਨੀ ਮੈ ਪਾਈ ॥੧॥
ਹਰਿ ਕੀ ਕਥਾ ਅਨਾਹਦ ਬਾਨੀ ॥
ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥
ਰਹਾਉ॥ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥
ਗੁਪਤਾ ਹੀਰਾ ਪ੍ਰਗਟ
ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥
ਐਤਵਾਰ, ੧੧ ਭਾਦੋਂ (ਸੰਮਤ ੫੫੫ ਨਾਨਕਸ਼ਾਹੀ) ੨੭ ਅਗਸਤ, ੨੦੨੩ (ਅੰਗ: ੪੮੩)
ਪੰਜਾਬੀ ਵਿਆਖਿਆ:
ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ
ੴ☬ ਸਤਿਗੁਰ ਪ੍ਰਸਾਦਿ ॥
ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ । ਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ—ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ ।੧।ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ ਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ) ।੧।ਰਹਾਉ।ਕਬੀਰ ਆਖਦਾ ਹੈ—ਜੋ ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ, ਜਦੋਂ ਉਸ ਤਕ ਪਹੁੰਚ ਵਾਲੇ ਸਤਿਗੁਰੂ ਨੇ ਮੈਨੂੰ ਉਸ ਦਾ ਦੀਦਾਰ ਕਰਾਇਆ, ਤਾਂ ਮੈਂ ਉਹ ਹੀਰਾ (ਆਪਣੇ ਅੰਦਰ ਹੀ) ਵੇਖ ਲਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ ਹੀ) ਪ੍ਰਤੱਖ ਹੋ ਗਿਆ ।੨।੧।੩੧।