Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (28 ਜਨਵਰੀ 2026)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

Ajj da Hukamnama Sri Darbar Sahib: ਬਿਲਾਵਲੁ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥

Ajj da Hukamnama Sri Darbar Sahib

Ajj da Hukamnama Sri Darbar Sahib: ਬਿਲਾਵਲੁ ਮਹਲਾ ੫ ਛੰਤ ੴ ਸਤਿਗੁਰ ਪ੍ਰਸਾਦਿ ॥

ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥

ਅਬਿਨਾਸੀ ਵਰੁ ਸੁਣਿਆ ਮਨਿ ਉਪਜਿਆ ਚਾਇਆ ਰਾਮ ॥

ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥

ਸਹਜੇ ਸਮਾਈਐ ਗੋਵਿੰਦੁ ਪਾਈਐ ਦੇਹੁ ਸਖੀਏ ਮੋਹਿ ਮਤੇ ॥

ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥

ਬਿਨਵੰਤਿ ਨਾਨਕ ਕਰਹੁ ਕਿਰਪਾ ਲੈਹੁ ਮੋਹਿ ਲੜਿ ਲਾਇਆ ॥੧॥

ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਸਹੇਲੀਏ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆਂ (ਮਨ ਵਿਚ) ਖ਼ੁਸ਼ੀ ਦਾ ਰੰਗ-ਢੰਗ ਬਣ ਜਾਂਦਾ ਹੈ। ਉਸ ਕਦੇ ਨਾਹ ਮਰਨ ਵਾਲੇ ਖਸਮ-ਪ੍ਰਭੂ (ਦਾ ਨਾਮ) ਸੁਣਿਆਂ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ। (ਜਦੋਂ) ਵੱਡੀ ਕਿਸਮਤ ਨਾਲ (ਕਿਸੇ ਜੀਵ-ਇਸਤ੍ਰੀ ਦੇ) ਮਨ ਵਿਚ ਪਰਮਾਤਮਾ-ਪਤੀ ਦਾ ਪਿਆਰ ਪੈਦਾ ਹੁੰਦਾ ਹੈ, (ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ) ਸਾਰੇ ਗੁਣਾਂ ਦੇ ਮਾਲਕ ਪ੍ਰਭੂ-ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ। (ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ-ਜੇ) ਆਤਮਕ ਅਡੋਲਤਾ ਵਿਚ ਲੀਨ ਰਹੀਏ ਤਾਂ ਪਰਮਾਤਮਾ-ਪਤੀ ਮਿਲ ਪੈਂਦਾ ਹੈ। (ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਮੁੜ ਮੁੜ ਪੁੱਛਦੀ ਹੈ-) ਹੇ ਸਹੇਲੀਏ! ਮੈਨੂੰ ਮਤਿ ਦੇਹਿ, ਕਿ ਕਿਸ ਤਰੀਕੇ ਨਾਲ ਪ੍ਰਭੂ-ਪਤੀ ਮਿਲ ਸਕਦਾ ਹੈ (ਹੇ ਸਹੇਲੀਏ! ਦੱਸ) ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ। (ਗੁਰੂ ਨਾਨਕ ਜੀ ਕਹਿੰਦੇ ਹਨ ਕਿ) ਨਾਨਕ (ਭੀ) ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, (ਮੈਨੂੰ ਆਪਣੇ) ਲੜ ਨਾਲ ਲਾਈ ਰੱਖ ॥੧॥