Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (28 ਅਗਸਤ 2025)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

Ajj da Hukamnama Sri Darbar Sahib: ਸੂਹੀ ਮਹਲਾ ੧ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥

Ajj da Hukamnama Sri Darbar Sahib

Ajj da Hukamnama Sri Darbar Sahib: ਸੂਹੀ ਮਹਲਾ ੧ ॥ ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥

ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥

ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥

ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥

ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੋਈ ॥

ਮੇਰਾ ਮਨੁ ਰਾਤਾ ਗੁਣ ਰਵੈ ਮਨਿ ਭਾਵੈ ਸੋਈ ॥੧॥

(ਪਰਮਾਤਮਾ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪਰਮਾਤਮਾ ਦੇ) ਗੁਣ ਚੇਤੇ ਕਰਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪਰਮਾਤਮਾ ਹੀ ਪਿਆਰਾ ਲੱਗਦਾ ਜਾ ਰਿਹਾ ਹੈ। ਪਰਮਾਤਮਾ ਦੇ ਗੁਣ ਗਾਵਣੇ, ਮਾਨੋ, ਇਕ ਪੌੜੀ ਹੈ ਜੋ ਗੁਰੂ ਨੇ ਦਿੱਤੀ ਹੈ ਤੇ ਇਸ ਪੌੜੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤਕ ਪਹੁੰਚ ਸਕੀਦਾ ਹੈ, (ਇਸ ਪੌੜੀ ਤੇ ਚੜ੍ਹਨ ਦੀ ਬਰਕਤਿ ਨਾਲ ਮੇਰੇ ਅੰਦਰ) ਸਦਾ-ਥਿਰ ਰਹਿਣ ਵਾਲਾ ਆਨੰਦ ਬਣ ਰਿਹਾ ਹੈ। ਜੇਹੜਾ ਮਨੁੱਖ (ਇਸ ਪੌੜੀ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਆਤਮਕ ਅਡੋਲਤਾ ਵਿਚ ਪਹੁੰਚਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਸਦਾ-ਥਿਰ ਪ੍ਰਭੂ ਦੇ ਗੁਣ ਗਾਵਣ ਵਾਲੀ ਉਸ ਦੀ ਮੱਤ ਅਟੱਲ ਹੋ ਜਾਂਦੀ ਹੈ। ਪਰਮਾਤਮਾ ਅਟੱਲ ਹੈ। (ਜੇ ਗੁਣ ਗਾਵਣ ਵਾਲੀ ਮੱਤ ਨਹੀਂ ਬਣੀ, ਤਾਂ) ਕੋਈ ਇਸ਼ਨਾਨ, ਕੋਈ ਦਾਨ, ਕੋਈ ਚੁੰਚ-ਗਿਆਨਤਾ, ਤੇ ਕੋਈ ਤੀਰਥ-ਇਸ਼ਨਾਨ ਪਰਮਾਤਮਾ ਨੂੰ ਖ਼ੁਸ਼ ਨਹੀਂ ਕਰ ਸਕਦਾ। (ਗੁਣ ਗਾਵਣ ਵਾਲੇ ਮਨੁੱਖ ਦੇ ਮਨ ਵਿਚੋਂ) ਧੋਖੇ-ਫ਼ਰੇਬ, ਮੋਹ ਦੇ ਚਮਤ-ਕਾਰੇ, ਵਿਕਾਰ ਆਦਿਕ ਸਭ ਮੁੱਕ ਜਾਂਦੇ ਹਨ। ਉਸ ਦੇ ਅੰਦਰ ਨਾਹ ਝੂਠ ਰਹਿ ਜਾਂਦਾ ਹੈ, ਨਾਹ ਠੱਗੀ ਰਹਿੰਦੀ ਹੈ, ਨਾਹ ਮੇਰ-ਤੇਰ ਰਹਿੰਦੀ ਹੈ। (ਪ੍ਰਭੂ ਦੇ ਪਿਆਰ ਵਿਚ) ਰੰਗਿਆ ਹੋਇਆ ਮੇਰਾ ਮਨ (ਜਿਉਂ ਜਿਉਂ ਪ੍ਰਭੂ ਦੇ) ਗੁਣ ਗਾਂਵਦਾ ਹੈ (ਤਿਉਂ ਤਿਉਂ) ਮੇਰੇ ਮਨ ਵਿਚ ਉਹ ਪ੍ਰਭੂ ਹੀ ਪਿਆਰਾ ਲੱਗਦਾ ਜਾ ਰਿਹਾ ਹੈ ॥੧॥