ਅੱਜ ਦਾ ਹੁਕਮਨਾਮਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਸੂਹੀ ਮਹਲਾ ੪ ਘਰੁ ੨

Hukamnama Sri Darbar Sahib Amritsar

ਸੂਹੀ ਮਹਲਾ ੪ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਗੁਰਮਤਿ ਨਗਰੀ ਖੋਜਿ ਖੋਜਾਈ ॥ ਹਰਿ ਹਰਿ ਨਾਮੁ ਪਦਾਰਥੁ ਪਾਈ ॥੧॥ ਮੇਰੈ ਮਨਿ ਹਰਿ ਹਰਿ ਸਾਂਤਿ ਵਸਾਈ ॥ ਤਿਸਨਾ ਅਗਨਿ ਬੁਝੀ ਖਿਨ ਅੰਤਰਿ ਗੁਰਿ ਮਿਲਿਐ ਸਭ ਭੁਖ ਗਵਾਈ ॥੧॥ ਰਹਾਉ ॥ ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥ ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥੨॥ ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥ ਸਤਸੰਗਤਿ ਮਿਲਿ ਹਰਿ ਰਸੁ ਪਾਈ ॥੩॥ ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥ ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥੪॥੧॥੫॥



ਸ਼ਨਿਚਰਵਾਰ, ੧੪ ਮੱਘਰ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੭੩੨)


ਸੂਹੀ ਮਹਲਾ ੪ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ! ਗੁਰੂ ਦੀ ਮਤਿ ਲੈ ਕੇ ਮੈਂ ਆਪਣੇ ਸਰੀਰ-ਨਗਰ ਦੀ ਚੰਗੀ ਤਰ੍ਹਾਂ ਖੋਜ ਕੀਤੀ ਹੈ, ਅਤੇ, (ਸਰੀਰ ਦੇ ਵਿਚੋਂ ਹੀ) ਪਰਮਾਤਮਾ ਦਾ ਕੀਮਤੀ ਨਾਮ ਮੈਂ ਲੱਭ ਲਿਆ ਹੈ ।੧। ਹੇ ਭਾਈ! (ਗੁਰੂ ਨੇ ਮੈਨੂੰ ਹਰਿ-ਨਾਮ ਦੀ ਦਾਤਿ ਦੇ ਕੇ) ਮੇਰੇ ਮਨ ਵਿਚ ਠੰਢ ਪਾ ਦਿੱਤੀ ਹੈ । (ਮੇਰੇ ਅੰਦਰੋਂ) ਇਕ ਛਿਨ ਵਿਚ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਬੁੱਝ ਗਈ ਹੈ । ਗੁਰੂ ਦੇ ਮਿਲਣ ਨਾਲ ਮੇਰੀ ਸਾਰੀ (ਮਾਇਆ ਦੀ) ਭੁੱਖ ਦੂਰ ਹੋ ਗਈ ਹੈ ।੧।ਰਹਾਉ। ਹੇ ਮੇਰੀ ਮਾਂ! (ਹੁਣ ਜਿਉਂ ਜਿਉਂ) ਮੈਂ ਪਰਮਾਤਮਾ ਦੇ ਗੁਣ ਗਾਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਰਿਹਾ ਹੈ । ਦਇਆ ਦੇ ਘਰ ਸਤਿਗੁਰੂ ਨੇ ਮੇਰੇ ਹਿਰਦੇ ਵਿਚ ਪ੍ਰਭੂ ਦੇ ਗੁਣ ਪੱਕੇ ਕਰ ਦਿੱਤੇ ਹਨ, ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਹੈ ।੨। ਹੇ ਭਾਈ! ਹੁਣ ਮੈਂ ਪਿਆਰੇ ਹਰਿ-ਪ੍ਰਭੂ ਦੀ ਭਾਲ ਕਰਦਾ ਹਾਂ, (ਸਤਸੰਗੀਆਂ ਪਾਸੋਂ) ਭਾਲ ਕਰਾਂਦਾ ਹਾਂ । ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੇ ਨਾਮ ਦਾ ਸੁਆਦ ਮਾਣਦਾ ਹਾਂ ।੩। ਹੇ ਭਾਈ! ਧੁਰ ਦਰਗਾਹ ਤੋਂ (ਜਿਸ ਮਨੁੱਖ ਦੇ) ਮੱਥੇ ਉੱਤੇ ਪ੍ਰਭੂ-ਮਿਲਾਪ ਦਾ ਲਿਖਿਆ ਲੇਖ ਉੱਘੜਦਾ ਹੈ, ਉਸ ਉਤੇ ਗੁਰੂ ਨਾਨਕ ਪ੍ਰਸੰਨ ਹੁੰਦਾ ਹੈ ਅਤੇ, ਉਸ ਨੂੰ ਪਰਮਾਤਮਾ ਮਿਲਾ ਦੇਂਦਾ ਹੈ ।੪।੧।੫।