Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (29 ਜਨਵਰੀ 2025)

ਏਜੰਸੀ

ਪੰਥਕ, ਹੁਕਮਨਾਮਾ

Ajj da Hukamnama Sri Darbar Sahib:ਸਲੋਕ ਮਃ ੧ ॥

Ajj da Hukamnama Sri Darbar Sahib: Today's Hukamnama (29 January 2025)

 

Ajj da Hukamnama Sri Darbar Sahib:ਸਲੋਕ ਮਃ ੧ ॥

ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥

ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥

ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥

ਜੋਗੀ ਸੁੰਨਿ ਧਿਆਵਨਿੑ ਜੇਤੇ ਅਲਖ ਨਾਮੁ ਕਰਤਾਰੁ ॥

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥

ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥

ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥

ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥

ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭੀ ਕਾਈ ਕਾਰ ॥

ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥

ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥

ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥ ਮਃ ੧ ॥

ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿੑਆਰ ॥

ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥

ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥

ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥ ਪਉੜੀ ॥

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥

ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥

ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥

ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥

ਜਗਜੀਵਨੁ ਦਾਤਾ ਪਾਇਆ ॥੬॥

ਬੁੱਧਵਾਰ, ੧੬ ਮਾਘ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੪੬੫)

ਪੰਜਾਬੀ ਵਿਆਖਿਆ:

ਸਲੋਕ ਮਃ ੧ ॥

ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ (ਸਭ ਤੋਂ ਵਧੀਕ ਚੰਗੀ ਲੱਗਦੀ ਹੈ), ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ (ਇਹ) ਵਿਚਾਰ ਕਰਦੇ ਹਨ (ਕਿ) ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ (ਸ਼ਰਹ ਦੀ) ਬੰਦਸ਼ ਵਿਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ । ਹਿੰਦੂ ਸ਼ਾਸਤਰ ਦੁਆਰਾ ਹੀ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ, ਹਰੇਕ ਤੀਰਥ ਤੇ ਨ੍ਹਾਉਂਦੇ ਹਨ, ਮੂਰਤੀਆਂ ਅਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ । ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ ‘ਅਲਖ, ਅਲਖ’ ਉਸ ਦਾ ਨਾਮ ਉਚਾਰਦੇ ਹਨ । (ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ । ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕੁਝ ਦੇਣ ਦੀ ਵਿਚਾਰ ਕਰਦੇ ਹਨ; (ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੍ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ । (ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ, ਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ । ਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ—ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ । ਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ । ਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ ।੧। (ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ, ਪਰ) ਉਸ ਥਾਂ ਦੀ ਮਿੱਟੀ ਭੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ (ਕਈ ਵਾਰੀ) ਕੁਮਿ੍ਹਆਰ ਦੇ ਵੱਸ ਪੈ ਜਾਂਦੀ ਹੈ (ਭਾਵ, ਉਹ ਮਿੱਟੀ ਚੀਕਣੀ ਹੋਣ ਕਰਕੇ ਕੁਮਿ੍ਹਆਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਣ ਲਈ ਲੈ ਆਉਂਦੇ ਹਨ); (ਕੁਮਿ੍ਹਆਰ ਉਸ ਮਿੱਟੀ ਨੂੰ) ਘੜ ਕੇ (ਉਸ ਦੇ) ਭਾਂਡੇ ਤੇ ਇੱਟਾਂ ਬਣਾਉਂਦਾ ਹੈ, (ਤੇ ਆਵੀ ਵਿਚ ਪੈ ਕੇ, ਉਹ ਮਿੱਟੀ, ਮਾਨੋ) ਸੜਦੀ ਹੋਈ ਪੁਕਾਰ ਕਰਦੀ ਹੈ, ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ, (ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ), ਹੇ ਨਾਨਕ! ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਉਹ (ਅਸਲ ਭੇਦ ਨੂੰ) ਜਾਣਦਾ ਹੈ ।੨। ਕਿਸੇ ਮਨੁੱਖ ਨੂੰ (‘ਜਗ ਜੀਵਨੁ ਦਾਤਾ’) ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ (‘ਜਗ ਜੀਵਨ ਦਾਤਾ’) ਨਹੀਂ ਮਿਲਿਆ । (ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ । ਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ । (ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ ।੬।