ਪਾਸਟਰ ਬਜਿੰਦਰ ਤੋਂ ਪੀੜਤ ਬੀਬੀਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
ਜਥੇਦਾਰ ਨੇ ਇਨਸਾਫ਼ ਤੱਕ ਨਾਲ ਖੜ੍ਹਨ ਦਾ ਦਿੱਤਾ ਭਰੋਸਾ
ਪਾਸਟਰ ਬਜਿੰਦਰ ਮਾਮਲੇ ਵਿਚ ਦੋ ਪੀੜਤ ਬੀਬੀਆਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਮੁਲਾਕਾਤ ਕੀਤੀ ਅਤੇ ਆਪਣੇ ਨਾਲ ਵਾਪਰੇ ਸਮੁੱਚੇ ਘਟਨਾਕ੍ਰਮ ਬਾਰੇ ਜਥੇਦਾਰ ਨੂੰ ਦੱਸਿਆ। ਜਥੇਦਾਰ ਵਲੋਂ ਦੋਵੇਂ ਬੀਬੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਤੇ ਸਰਕਾਰ ਨੂੰ ਤਾੜਨਾ ਕੀਤੀ ਗਈ ਕਿ ਦੋਸ਼ੀ ਬਜਿੰਦਰ ਦੇ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ।
ਪੀੜਤਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਬੋਲਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾ ਮਜਲੂਮਾਂ, ਧੀਆਂ, ਭੈਣਾਂ ਲਈ ਖੜ੍ਹਿਆ ਹੈ। ਅੱਜ ਮੇਰੀਆਂ ਭੈਣਾਂ ਨੇ ਆ ਕੇ ਇਥੇ ਫ਼ਰਿਆਦ ਕੀਤੀ ਹੈ। ਉਨ੍ਹਾਂ ਦਾ ਦਰਦ ਬਹੁਤ ਵੱਡਾ ਹੈ, ਪੀੜਤ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਇਸ ਮਜਲੂਮ ਭੈਣ ਵਾਸਤੇ ਵੀ ਜ਼ਰੂਰ ਖੜੇਗਾ। ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਮੁੱਦੇ 'ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕਮੁੱਠ ਹੋਣਾ ਚਾਹੀਦਾ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੀੜਤ ਨੇ ਬੋਲਦਿਆਂ ਕਿਹਾ ਕਿ ਅੱਜ ਅਸੀਂ ਅਕਾਲ ਤਖ਼ਤ ਸਾਹਿਬ ਆਏ, ਇਥੇ ਸਾਨੂੰ ਹੌਸਲਾ ਦਿੱਤਾ ਗਿਆ ਕਿ ਅਸੀਂ ਤੁਹਾਡੇ ਨਾਲ ਹਾਂ।ਪੀੜਤ ਨੇ ਬੋਲਦਿਆਂ ਕਿਹਾ ਕਿ ਬਜਿੰਦਰ ਨੇ ਈਸਾਈ ਧਰਮ ਨੂੰ ਬਦਨਾਮ ਕੀਤਾ। ਬਜਿੰਦਰ ਨੇ ਧਰਮ ਦੀ ਆੜ ਵਿਚ ਗ਼ਲਤ ਕੰਮ ਕੀਤੇ। ਅਜੇ ਵੀ ਬਹੁਤ ਸਾਰੀਆਂ ਕੁੜੀਆਂ ਉਥੇ ਫਸੀਆਂ ਹੋਈਆਂ ਹਨ, ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਥੇਦਾਰ ਸਾਹਿਬ ਨੇ ਇਨਸਾਫ਼ ਤੱਕ ਨਾਲ ਖੜ੍ਹਨ ਦੀ ਗੱਲ ਕਹੀ।