ੴ ਸਤਿਗੁਰ ਪ੍ਰਸਾਦਿ ॥
ਰਾਗੁ ਦੇਵਗੰਧਾਰੀ ਮਹਲਾ ੯ ॥
ਯਹ ਮਨੁ ਨੈਕ ਨ ਕਹਿਓ ਕਰੈ ॥
ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥
ਵੀਰਵਾਰ, ੧੮ ਵੈਸਾਖ (ਸੰਮਤ ੫੫੨ ਨਾਨਕਸ਼ਾਹੀ) (ਅੰਗ: ੫੩੬)
ੴ ਸਤਿਗੁਰ ਪ੍ਰਸਾਦਿ ॥
ਰਾਗੁ ਦੇਵਗੰਧਾਰੀ ਮਹਲਾ ੯ ॥
ਹੇ ਭਾਈ! ਇਹ ਮਨ ਰਤਾ ਭਰ ਭੀ ਮੇਰਾ ਕਿਹਾ ਨਹੀਂ ਮੰਨਦਾ । ਮੈਂ ਆਪਣੇ ਵਲੋਂ ਇਸ ਨੂੰ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਫਿਰ ਭੀ ਇਹ ਖੋਟੀ ਮਤਿ ਵਲੋਂ ਹਟਦਾ ਨਹੀਂ ।੧।ਰਹਾਉ।
ਹੇ ਭਾਈ! ਮਾਇਆ ਦੇ ਨਸ਼ੇ ਵਿਚ ਇਹ ਮਨ ਝੱਲਾ ਹੋਇਆ ਪਿਆ ਹੈ, ਕਦੇ ਇਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, ਵਿਖਾਵਾ ਕਰ ਕੇ ਦੁਨੀਆ ਨੂੰ ਠੱਗਦਾ ਰਹਿੰਦਾ ਹੈ, ਤੇ, (ਠੱਗੀ ਨਾਲ ਇਕੱਠੇ ਕੀਤੇ ਧਨ ਦੀ ਰਾਹੀਂ) ਆਪਣਾ ਪੇਟ ਭਰਦਾ ਰਹਿੰਦਾ ਹੈ ।੧। ਹੇ ਭਾਈ! ਕੁੱਤੇ ਦੀ ਪੂਛਲ ਵਾਂਗ ਇਹ ਮਨ ਕਦੇ ਭੀ ਸਿੱਧਾ ਨਹੀਂ ਹੁੰਦਾ, (ਕਿਸੇ ਦੀ ਭੀ) ਦਿੱਤੀ ਹੋਈ ਸਿੱਖਿਆ ਨੂੰ ਧਿਆਨ ਨਾਲ ਨਹੀਂ ਸੁਣਦਾ ।
ਹੇ ਨਾਨਕ! (ਮੁੜ ਇਸ ਨੂੰ) ਆਖ—(ਹੇ ਮਨ!) ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ਜਿਸ ਦੀ ਬਰਕਤਿ ਨਾਲ ਤੇਰਾ ਜਨਮ-ਮਨੋਰਥ ਹੱਲ ਹੋ ਜਾਏ ।੨।੧।