ਸੂਹੀ ਛੰਤ ਮਹਲਾ ੪ ॥
ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥
ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥
ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥
ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥੧॥
ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥
ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥
ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥
ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥੨॥
ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥
ਮੇਰਾ ਠਾਕੁਰੁ ਅਗਮ ਦਇਆਲੁ ਹੈ ਰਾਮ ਰਾਜਿਆ ਕਰਿ ਕਿਰਪਾ ਲੇਹੁ ਮਿਲਾਈ ॥
ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥
ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥੩॥
ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥
ਮੈ ਮਨਿ ਤਨਿ ਪ੍ਰੇਮ ਬੈਰਾਗੁ ਹੈ ਰਾਮ ਰਾਜਿਆ ਗੁਰੁ ਮੇਲੇ ਕਿਰਪਾ ਕਰੇਈ ॥
ਹਉ ਗੁਰ ਵਿਟਹੁ ਘੋਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥
ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥੪॥੨॥੬॥੫॥੭॥੬॥੧੮॥
ਸ਼ਨਿਚਰਵਾਰ, ੧੪ ਕੱਤਕ (ਸੰਮਤ ੫੫੩ ਨਾਨਕਸ਼ਾਹੀ) ੩੦ ਅਕਤੂਬਰ, ੨੦੨੧ (ਅੰਗ: ੭੭੬)
ਪੰਜਾਬੀ ਵਿਆਖਿਆ:
ਸੂਹੀ ਛੰਤ ਮਹਲਾ ੪ ॥
ਹੇ ਭਾਈ! ਜਿਸ ਹਉਮੈ ਨੇ, ਜਿਸ ਮਾਇਆ ਨੇ ਜੀਵ ਨੂੰ ਕਦੇ ਪਰਮਾਤਮਾ ਨਾਲ ਮਿਲਣ ਨਹੀਂ ਦਿੱਤਾ, ਇਸ ਹਉਮੈ ਨੂੰ, ਇਸ ਮਾਇਆ ਨੂੰ ਆਪਣੇ ਅੰਦਰੋਂ ਮਾਰ ਮੁਕਾਓ। ਹੇ ਭਾਈ! ਵੇਖੋ! ਇਹ ਸਰੀਰ ਸੋਨੇ ਦੇ ਰੰਗ ਵਰਗਾ ਸੋਹਣਾ ਹੁੰਦਾ ਹੈ, ਪਰ ਜਿੱਥੇ ਹਉਮੈ ਆ ਵੜੀ, ਇਸ ਹਉਮੈ ਨੇ ਉਸ ਸਰੀਰ ਨੂੰ ਮਾਰ ਕੇ ਖ਼ੁਆਰ ਕਰ ਦਿੱਤਾ। ਹੇ ਭਾਈ! ਮਾਇਆ ਦਾ ਮੋਹ ਨਿਰੀ ਕਾਲਖ ਹੈ, ਪਰ ਆਪਣੇ ਮਨ ਦੇ ਮੁਰੀਦ ਇਸ ਮੂਰਖ ਮਨੁੱਖ ਨੇ ਆਪਣੇ ਆਪ ਨੂੰ ਇਸ ਕਾਲਖ ਨਾਲ ਹੀ ਜੋੜ ਰੱਖਿਆ ਹੈ। ਹੇ ਦਾਸ ਨਾਨਕ! ਆਖ ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਹਊਮੇ ਤੋਂ ਬਚ ਜਾਂਦੇ ਹਨ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਨੂੰ ਹਉਮੈ ਤੋਂ ਖਲਾਸੀ ਮਿਲ ਜਾਂਦੀ ਹੈ।੧। ਹੇ ਭਾਈ! ਆਪਣੇ ਇਸ ਮਨ ਨੂੰ ਸਦਾ ਆਪਣੇ ਵੱਸ ਵਿਚ ਰੱਖੋ।
ਮਨੁੱਖ ਦਾ ਇਹ ਮਨ ਸਦਾ ਬਾਸੇ (ਸ਼ਿਕਾਰੀ ਪੰਛੀ) ਵਾਂਗ ਭਟਕਦਾ ਰਹਿੰਦਾ ਹੈ। ਸਦਾ ਆਸਾਂ ਹੀ ਆਸਾਂ ਬਣਾਂਦਿਆਂ ਮਨੁੱਖ ਦੀ ਸਾਰੀ ਜ਼ਿੰਦਗੀ ਦੀ ਰਾਤ ਦੁੱਖ ਵਿਚ ਹੀ ਬੀਤਦੀ ਹੈ। ਹੇ ਸੰਤ ਜਨੋ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਹ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਤੇ ਨਾਮ ਜਪਦਿਆਂ ਉਸ ਦੇ ਮਨ ਵਿਚ ਉੱਠੀ ਹਰਿ-ਨਾਮ ਸਿਮਰਨ ਦੀ ਆਸ ਪੂਰੀ ਹੋ ਜਾਂਦੀ ਹੈ। ਹੇ ਦਾਸ ਨਾਨਕ! ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖ- ਹੇ ਪ੍ਰਭੂ! ਮੈਨੂੰ ਵੀ ਆਪਣਾ ਨਾਮ ਜਪਣ ਦੀ ਸੂਝ ਬਖ਼ਸ਼। ਜਿਹੜਾ ਮਨੁੱਖ ਨਾਮ ਜਪਦਾ ਹੈ, ਉਹ ਦੁਨੀਆ ਵਾਲੀਆਂ ਆਸਾਂ ਛੱਡ ਕੇ ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ।੨। ਹੇ ਭਾਈ! ਗੁਰੂ ਦੀ ਸਰਨ ਪਈ ਰਹਿਣ ਵਾਲੀ ਜੀਵ-ਇਸਤ੍ਰੀ ਆਪਣੇ ਚਿੱਤ ਵਿਚ ਨਿੱਤ ਪ੍ਰਭੂ-ਪਤੀ ਦੇ ਮਿਲਾਪ ਦੀ ਆਸ ਕਰਦੀ ਰਹਿੰਦੀ ਹੈ, ਤੇ ਆਖਦੀ ਹੈ- ਹੇ ਪ੍ਰਭੂ ਪਾਤਿਸ਼ਾਹ! ਹੇ ਹਰੀ! ਹੇ ਪ੍ਰਭੂ! ਮੇਰੇ ਹਿਰਦੇ ਦੀ ਸੋਹਣੀ ਸੇਜ ਉੱਤੇ ਆ ਵੱਸ! ਹੇ ਪ੍ਰਭੂ-ਪਾਤਿਸ਼ਾਹ!
ਤੂੰ ਮੇਰਾ ਮਾਲਕ ਹੈਂ, ਤੂੰ ਦਇਆ ਦਾ ਸੋਮਾ ਹੈਂ, ਪਰ ਤੂੰ ਮੇਰੇ ਲਈ ਅਪਹੁੰਚ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਮਿਲਾ ਲੈ। ਹੇ ਪ੍ਰਭੂ-ਪਾਤਿਸ਼ਾਹ! ਗੁਰੂ ਦੀ ਸਰਨ ਪੈ ਕੇ ਮੇਰੇ ਮਨ ਵਿਚ, ਮੇਰੇ ਤਨ ਵਿਚ ਤੇਰੇ ਮਿਲਾਪ ਦੀ ਤਾਂਘ ਪੈਦਾ ਹੋ ਚੁਕੀ ਹੈ। ਹੇ ਹਰੀ! ਮੈਂ ਸਰਧਾ ਦੀ ਸੇਜ ਵਿਛਾ ਰੱਖੀ ਹੈ। ਹੇ ਦਾਸ ਨਾਨਕ! ਆਖ-ਹੇ ਪ੍ਰਭੂ ਪਾਤਿਸ਼ਾਹ! ਹੇ ਹਰੀ! ਜਿਹੜੀ ਜੀਵ-ਇਸਤ੍ਰੀ ਤੈਨੂੰ ਪਿਆਰੀ ਲੱਗ ਜਾਂਦੀ ਹੈ, ਤੂੰ ਉਸ ਨੂੰ ਆਤਮਕ ਅਡੋਲਤਾ ਵਿਚ ਟਿਕੀ ਨੂੰ ਪ੍ਰੇਮ ਵਿਚ ਟਿਕੀ ਨੂੰ ਮਿਲ ਪੈਦਾ ਹੈਂ।੩।
ਹੇ ਭਾਈ! ਜੀਵ-ਇਸਤ੍ਰੀ ਦੀ ਇੱਕੋ ਹੀ ਹਿਰਦਾ-ਸੇਜ ਉੱਤੇ ਹਰੀ ਪ੍ਰਭੂ ਵੱਸਦਾ ਹੈ, ਜਿਸ ਜੀਵ-ਇਸਤ੍ਰੀ ਨੂੰ ਗੁਰੂ ਦੱਸ ਪਾਂਦਾ ਹੈ, ਉਸ ਨੂੰ ਹਰੀ ਨਾਲ ਮਿਲਾ ਦੇਂਦਾ ਹੈ। ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪ੍ਰਭੂ ਦੇ ਮਿਲਾਪ ਲਈ ਖਿੱਚ ਹੈ, ਤਾਂਘ ਹੈ ਪਰ ਜਿਸ ਜੀਵ ਇਸਤ੍ਰੀ ਉੱਤੇ ਗੁਰੂ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ ਨਾਲ ਮਿਲਾਂਦਾ ਹੈ। ਹੇ ਭਾਈ! ਮੈਂ ਗੁਰੂ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਮੈਂ ਆਪਣੀ ਜਿੰਦ ਗੁਰੂ ਅੱਗੇ ਭੇਟ ਧਰਦਾ ਹਾਂ। ਹੇ ਦਾਸ ਨਾਨਕ! ਆਖ- ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਸ ਨੂੰ ਹਰਿ-ਪ੍ਰਭੂ ਨਾਲ ਮਿਲਾ ਦੇਂਦਾ ਹੈ।੪।੨।੬।੧੮।