ਬਹਿਬਲਕਲਾਂ ਮੋਰਚੇ ਦਾ ਫ਼ੈਸਲਾ: ਸਰਕਾਰ ਨੂੰ ਦਿਤਾ 2 ਹਫ਼ਤੇ ਦਾ ਸਮਾਂ
ਸਾਨੂੰ ਅਖ਼ੌਤੀ ਨਹੀਂ ਸਿਰਾਂ ਵਾਲੇ ਅਕਾਲੀਆਂ ਦੀ ਲੋੜ ਹੈ - ਸੁਖਰਾਜ ਸਿੰਘ ਨਿਆਂਮੀਵਾਲਾ
> ਹੁਣ 15 ਅਗਸਤ ਨੂੰ ਹੋਵੇਗਾ ਜਥੇਬੰਦੀਆਂ ਦਾ ਇਕੱਠ
>ਸਿੱਖ ਸੰਗਤਾਂ ਨੂੰ ਅਪੀਲ -15 ਅਗਸਤ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਝੁਲਾਏ ਜਾਣ ਕੇਸਰੀ ਝੰਡੇ
ਬਹਿਬਲ ਕਲਾਂ : ਬਹਿਬਲਕਲਾਂ ਮੋਰਚੇ ਨੇ ਅੱਜ ਸਰਕਾਰ ਨੂੰ ਆਪਣੀ ਕਾਰਵਾਈ ਕਰਨ ਲਈ 15 ਦਿਨ ਦਾ ਹੋਰ ਸਮਾਂ ਦਿੱਤੋ ਹੈ ਉਨ੍ਹਾਂ ਕਿਹਾ ਕਿ ਇਹ ਸਮਾਂ ਨਹੀਂ ਸਗੋਂ ਇੱਕ ਰੂਪ ਵਿਚ ਸਰਕਾਰ ਨੂੰ ਅਲਟੀਮੇਟਮ ਹੈ ਕਿਉਂਕਿ ਕਰੀਬ ਸੱਤ ਸਾਲ ਤੋਂ ਉਹ ਇਹ ਸੰਘਰਸ਼ ਕਰ ਰਹੇ ਹਨ ਅਤੇ ਅੱਜ ਤੱਕ ਬੇਅਦਬੀ ਦੇ ਮਾਮਲਿਆਂ ਦਾ ਉਨ੍ਹਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਹੈ।
ਇਸ ਮੌਕੇ ਬੋਲਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ, ''ਅਸੀਂ ਉਨ੍ਹਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਅਕਾਲੀ ਦਲ ਦੀ ਨੀਂਹ ਰੱਖੀ ਅਤੇ ਸਿਰ ਦਿਤੇ ਪਰ ਅਸੀਂ ਇਨ੍ਹਾਂ ਅਖ਼ੌਤੀ ਅਕਾਲੀਆਂ ਦੇ ਵਾਰਸ ਨਹੀਂ ਹਾਂ ਜਿਨ੍ਹਾਂ ਜਥੇਦਾਰਾਂ ਨੂੰ ਇਹ ਵੀ ਨਹੀਂ ਪਤਾ ਕਿ ਬੇਅਦਬੀ ਹੋਈ ਹੈ। ਇੰਨੇ ਸਮੇਂ ਤੋਂ ਮੋਰਚਾ ਚੱਲ ਰਿਹਾ ਹੈ ਪਰ ਜਥੇਦਾਰ ਨੇ ਇਸ ਬਾਰੇ ਕੁਝ ਵੀ ਬੋਲਣਾ ਠੀਕ ਨਹੀਂ ਸਮਝਿਆ''
ਦੱਸ ਦੇਈਏ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਕੱਲ ਤੋਂ ਸਹਿਜ ਪਾਠ ਆਰੰਭ ਕੀਤੇ ਜਾਣਗੇ ਜਿਨ੍ਹਾਂ ਦਾ ਭੋਗ 15 ਅਗਸਤ ਨੂੰ ਪਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 15 ਅਗਸਤ ਨੂੰ ਸਾਰੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਕੇਸਰੀ ਝੰਡੇ ਝੁਲਾਉਣ। ਉਨ੍ਹਾਂ ਦੱਸਿਆ ਕਿ 16 ਅਗਸਤ ਨੂੰ ਸਾਰੀਆਂ ਜਥੇਬੰਦੀਆਂ ਵਲੋਂ ਵੱਡਾ ਇਕੱਠ ਕੀਤਾ ਜਾਵੇਗਾ।