ਅੱਜ ਦਾ ਹੁਕਮਨਾਮਾ (31 ਅਕਤੂਬਰ 2022)

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਹੁਕਮਨਾਮਾ

ਸਲੋਕੁ ਮ ੩ ॥

Hukamnama Sri Darbar Sahib Amritsar

ਸਲੋਕੁ ਮ ੩ ॥

ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥

ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥

ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥ ੧॥

ਮ ੩ ॥ ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥

ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥ ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥

ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥

ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥੨॥ ਪਉੜੀ ॥

ਜਿਸੁ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥

ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥

ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥

ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ ॥

ਹਰਿ ਨਾਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥

ਸੋਮਵਾਰ, ੧੫ ਕੱਤਕ (ਸੰਮਤ ੫੫੪ ਨਾਨਕਸ਼ਾਹੀ) (ਅੰਗ : ੫੯੧)

ਪੰਜਾਬੀ ਵਿਆਖਿਆ:

ਸਲੋਕੁ ਮ ੩ ॥

ਜਿਸ ਮਨੁੱਖ ਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰੂ ਦੇ ਸ਼ਬਦ ਵਿਚ ਜਿਸ ਦਾ ਪਿਆਰ ਨਹੀਂ ਲੱਗਾ ਉਸ ਨੂੰ ਕਦੇ ਸੁਖ ਨਹੀਂ, ਭਾਵੇਂ (ਗੁਰੂ ਪਾਸ) ਸੌ ਵਾਰੀ ਆਵੇ ਜਾਏ । ਹੇ ਨਾਨਕ! ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ ।੧। ਹੇ ਮੇਰੇ ਮਨ! ਇਹੋ ਜਿਹਾ ਸਤਿਗੁਰੂ ਖੋਜ ਕੇ ਲੱਭ, ਜਿਸ ਦੀ ਸੇਵਾ ਕੀਤਿਆਂ ਤੇਰਾ ਸਾਰੀ ਉਮਰ ਦਾ ਦੁਖ ਦੂਰ ਹੋ ਜਾਏ; ਕਦੇ ਉੱਕਾ ਹੀ ਚਿੰਤਾ ਨਾ ਹੋਵੇ ਤੇ (ਉਸ ਸਤਿਗੁਰੂ ਦੇ) ਸ਼ਬਦ ਨਾਲ ਤੇਰੀ ਹਉਮੈ ਸੜ ਜਾਏ; ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਏ ਤੇ ਮਨ ਵਿਚ ਸੱਚਾ ਹਰੀ ਆ ਵੱਸੇ, ਅਤੇ ਹੇ ਮਨ! (ਉਸ ਸਤਿਗੁਰੂ ਦੇ ਦੱਸੇ ਹੋਏ) ਸੰਜਮ ਵਿਚ ਸੱਚੀ ਕਾਰ ਕਰ ਕੇ ਤੇਰੇ ਅੰਦਰ ਸ਼ਾਂਤੀ ਤੇ ਸੁਖ ਹੋ ਜਾਏ ।

ਹੇ ਨਾਨਕ! ਜਦੋਂ ਹਰੀ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ਤਦੋਂ (ਇਹੋ ਜਿਹਾ) ਸਤਿਗੁਰੂ ਪੂਰੀ ਬਖ਼ਸ਼ਸ਼ ਨਾਲ ਹੀ ਮਿਲਦਾ ਹੈ ।੨। ਜਿਸ ਮਨੁੱਖ ਦੇ ਹਿਰਦੇ ਵਿਚ (ਸਭ ਦਾ) ਹਾਕਮ ਪ੍ਰਭੂ ਵੱਸਦਾ ਹੋਵੇ, ਸਾਰਾ ਸੰਸਾਰ ਉਸ ਦੇ ਵੱਸ ਵਿਚ ਆ ਜਾਂਦਾ ਹੈ, ਉਸ ਨੂੰ ਕਿਸੇ ਦੀ ਕਾਣ ਨਹੀਂ ਹੁੰਦੀ, (ਸਗੋਂ) ਪਰਮਾਤਮਾ ਹਾਕਮ ਨੇ ਸਾਰਿਆਂ ਨੂੰ ਲਿਆ ਕੇ ਉਸ ਦੀ ਚਰਨੀਂ ਪਾਇਆ (ਹੁੰਦਾ) ਹੈ ।

ਮਨੁੱਖ ਦੀ ਕਚਹਿਰੀ ਵਿਚੋਂ ਤਾਂ ਮਨੁੱਖ ਨੱਸ ਭੱਜ ਕੇ ਭੀ ਕਿਤੇ ਖਿਸਕ ਸਕਦਾ ਹੈ, ਪਰ ਰੱਬ ਦੀ ਹਕੂਮਤਿ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ? ਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿਚ ਵੱਸਿਆ ਹੋਇਆ ਹੈ, ਉਸ ਨੇ “ਰਹਿੰਦੇ ਖੁੰਹਦੇ” ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾਂ ਦੇ ਅੱਗੇ ਖੜੇ ਕਰ ਦਿੱਤਾ ਹੈ (ਭਾਵ, ਚਰਨੀਂ ਲਿਆ ਪਾਇਆ ਹੈ) । ਪ੍ਰਭੂ ਦੀ ਖ਼ਾਸ ਮੇਹਰ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ (ਕਰਨ ਦਾ ਗੁਣ) ਪ੍ਰਾਪਤ ਹੁੰਦਾ ਹੈ; ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ (ਨਾਮ) ਸਿਮਰਦਾ ਹੈ ।੧੪।