ਸੋ ਦਰ ਤੇਰਾ ਕਿਹਾ - ਕਿਸਤ - 12

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਸਵਾਮੀ ਜੀ ਨੇ ਮੇਰੇ ਦਫ਼ਤਰ ਵਿਚ ਆਉਣ ਸਮੇਂ ਅੰਗਰੇਜ਼ੀ 'ਸਪੋਕਸਮੈਨ' ਹੱਥ ਵਿਚ ਚੁਕਿਆ ਹੋਇਆ ਸੀ

So Dar Tera Keha

ਅਧਿਆਏ - 9

ਸਵਾਮੀ ਜੀ ਨੇ ਮੇਰੇ ਦਫ਼ਤਰ ਵਿਚ ਆਉਣ ਸਮੇਂ ਅੰਗਰੇਜ਼ੀ 'ਸਪੋਕਸਮੈਨ' ਹੱਥ ਵਿਚ ਚੁਕਿਆ ਹੋਇਆ ਸੀ। ਚੰਗੇ ਪੜ੍ਹੇ ਲਿਖੇ ਸਨ ਤੇ ਅੰਗਰੇਜ਼ੀ ਵਿਚ ਵੀ ਆਸਾਨੀ ਨਾਲ ਗੱਲ ਕਰ ਲੈਂਦੇ ਸਨ। ਕਹਿਣ ਲੱਗੇ, ''ਜੇ ਦੂਜੇ ਕਈ ਕੱਟੜ ਸਿੱਖਾਂ ਵਾਂਗ ਤੁਸੀ ਵੀ 'ੴ' ਦਾ ਸ੍ਰੋਤ 'ਓਮ' ਨੂੰ ਨਹੀਂ ਮੰਨਦੇ ਤਾਂ ਮੈਂ ਅਪਣਾ ਸਮਾਂ ਵੀ ਖ਼ਰਾਬ ਨਹੀਂ ਕਰਾਂਗਾ ਤੇ ਤੁਹਾਡਾ ਵੀ ਨਹੀਂ। ਪਰ ਤੁਹਾਡਾ ਰਸਾਲਾ ਪੜ੍ਹ ਕੇ ਮੈਨੂੰ ਲੱਗਾ ਸੀ ਕਿ ਤੁਸੀ ਦਲੀਲ ਦੀ ਗੱਲ ਕਰਦੇ ਹੋ, ਇਸ ਲਈ ਮੈਂ ਸੋਚਿਆ, ਆਪ ਤੁਹਾਨੂੰ ਮਿਲ ਕੇ ਕੋਈ ਰਾਏ ਤੁਹਾਡੇ ਬਾਰੇ ਬਣਾਵਾਂ।

'' ਮੈਂ ਉੁਨ੍ਹਾਂ ਨੂੰ ਬੈਠਣ ਦੀ ਬੇਨਤੀ ਕੀਤੀ ਤੇ ਕਿਹਾ ਕਿ ਹਿੰਦੂ ਮੱਤ ਇਕ ਵੱਡਾ ਮੱਤ ਹੈ ਤੇ ਇਸ ਖ਼ਿੱਤੇ ਵਿਚ ਪੈਦਾ ਹੋਏ ਧਰਮਾਂ ਵਿਚੋਂ ਸੱਭ ਤੋਂ ਪੁਰਾਣਾ ਧਰਮ ਹੈ, ਇਸ ਲਈ ਕੋਈ ਵੀ ਧਰਮ ਜੋ ਇਸ ਤੋਂ ਬਾਅਦ ਇਸ ਖ਼ਿੱਤੇ ਵਿਚ ਪੈਦਾ ਹੋਇਆ ਹੈ ਜਾਂ ਹੋਵੇਗਾ, ਉਸ ਵਿਚ ਹਿੰਦੂ ਮੱਤ ਵਾਲੀ ਸ਼ਬਦਾਵਲੀ ਥੋੜੇ ਬਹੁਤ ਫ਼ਰਕ ਨਾਲ ਜ਼ਰੂਰ ਕਾਇਮ ਰਹੇਗੀ। ਇਹ ਉਸ ਤਰ੍ਹਾਂ ਹੀ ਹੈ ਜਿਵੇਂ ਸਾਮੀ ਮੱਤਾਂ ਵਿਚੋਂ ਯਹੂਦੀਆਂ ਦਾ ਧਰਮ ਸੱਭ ਤੋਂ ਪੁਰਾਣਾ ਧਰਮ ਹੋਣ ਕਰ ਕੇ, ਉਸ ਦੀ ਸ਼ਬਦਾਵਾਲੀ, ਮਗਰੋਂ ਪੈਦਾ ਹੋਣ ਵਾਲੇ ਸਾਰੇ ਧਰਮਾਂ ਵਿਚ ਇਕ ਜਾਂ ਦੂਜੇ ਰੂਪ ਵਿਚ ਮੌਜੂਦ ਹੈ। ਯਹੂਦੀ ਇਹ ਸ਼ਰਤ ਨਹੀਂ ਰਖਦੇ ਕਿ ਉੁਨ੍ਹਾਂ ਦੀ ਸ਼ਬਦਾਵਲੀ ਵਰਤਣ ਵਾਲੇ ਨਵੇਂ ਧਰਮ, ਯਹੂਦੀ ਧਰਮ ਨੂੰ ਅਪਣਾ ਮੂਲ ਧਰਮ ਮੰਨਣ ਤੇ ਹਿੰਦੂ ਧਰਮ ਦੇ ਪ੍ਰਚਾਰਕਾਂ ਨੂੰ ਵੀ, ਮੇਰੇ ਖ਼ਿਆਲ ਵਿਚ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ। ਪਰ ਸਵਾਮੀ ਜੀ, ਤੁਸੀ ਜੋ ਦਾਅਵਾ ਕਰਨਾ ਚਾਹੁੰਦੇ ਹੋ, ਉਸ ਨੂੰ ਪਹਿਲੀ ਸ਼ਰਤ ਦਾ ਰੂਪ ਕਿਉਂ ਦੇਣਾ ਚਾਹੁੰਦੇ ਹੋ?''

ਸਵਾਮੀ ਜੀ ਬੋਲੇ, ''ਕਿਉੁਂਕਿ ਇਹੀ ਸੱਚ ਹੈ ਤੇ ਜਿਹੜਾ ਕੋਈ ਇਸ ਸੱਚ ਨੂੰ ਵੀ ਪ੍ਰਵਾਨ ਨਹੀਂ ਕਰਦਾ, ਉਸ ਨਾਲ ਗੱਲ ਕਰਨੀ ਹੀ ਫ਼ਜ਼ੂਲ ਹੈ। ਤੁਸੀ ਮੈਨੂੰ ਹਾਂ ਜਾਂ ਨਾਂਹ ਵਿਚ ਜਵਾਬ ਦਿਉ।'' ਮੈਂ ਕਿਹਾ, ''ਮੈਂ ਆਪ ਜਵਾਬ ਨਹੀਂ ਦਿਆਂਗਾ। 15 ਮਿੰਟ ਬਾਅਦ ਜੋ ਤੁਸੀ ਕਹੋਗੇ, ਉਸ ਨੂੰ ਮੰਨ ਲਵਾਂਗਾ।''

ਸਵਾਮੀ ਜੀ ਖ਼ੁਸ਼ ਹੋ ਗਏ ਤੇ ਕੁਰਸੀ ਤੇ ਬੈਠ ਗਏ। ਹੁਣ ਤਕ ਉਹ ਖੜੇ ਖੜੇ ਹੀ ਗੱਲ ਕਰ ਰਹੇ ਸਨ।
ਮੈਂ ਉੁਨ੍ਹਾਂ ਨੂੰ ਕਿਹਾ ਕਿ ਜੇ ਉਹ ਆਗਿਆ ਦੇਣ ਤਾਂ ਇਕ ਸਵਾਲ ਪੁੱਛਣ ਦੀ ਪਹਿਲ ਕਰਾਂ? ਜਦ ਉੁਨ੍ਹਾਂ 'ਹਾਂ' ਕਰ ਦਿਤੀ ਤਾਂ ਮੈਂ ਪੁਛਿਆ, ''ਇਹ ਦੱਸੋ 'ਓਮ' ਦਾ ਸ੍ਰੋਤ ਕੀ ਹੈ? ਇਹ ਪਵਿੱਤਰ ਸ਼ਬਦ ਕਿਥੋਂ ਉਪਜਿਆ ਸੀ?

'' ਉਹ ਕਹਿਣੇ ਲੱਗੇ, ''ਰਿਸ਼ੀਆਂ ਮੁਨੀਆਂ ਨੇ ਸਮਾਧੀ ਲਾ ਕੇ ਜਦ ਪ੍ਰਮਾਤਮਾ ਨਾਲ ਸਿੱਧੀ ਵਾਰਤਾ ਕੀਤੀ ਤਾਂ ਸਮਾਧੀ ਖੁਲ੍ਹਣ ਤੇ ਪਹਿਲਾ ਸ਼ਬਦ ਜੋ ਸਾਰਿਆਂ ਦੇ ਮੂੰਹ 'ਚੋਂ ਨਿਕਲਿਆ, ਉਹ 'ਓਮ' ਹੀ ਸੀ। ਉਹ ਰਿਸ਼ੀ ਮੁਨੀ ਪ੍ਰਮਾਤਮਾ ਦੇ ਪਹਿਲੇ ਖੋਜੀ ਸਨ ਤੇ ਬਹੁਤ ਸਾਰੇ ਪਹਿਲੇ ਖੋਜੀਆਂ ਦੇ ਮੂੰਹ 'ਚੋਂ ਇਕ ਹੀ ਸ਼ਬਦ 'ਓਮ' ਨਿਕਲਿਆ। ਇਸ 'ਓਮ' ਸ਼ਬਦ ਤੋਂ ਹੀ ਸੰਸਾਰ ਦੇ ਸਾਰੇ ਧਾਰਮਕ ਚਿੰਤਨ ਦਾ ਨਿਕਾਸ ਤੇ ਵਿਕਾਸ ਹੋਇਆ। ਮਾਨਵ ਦੇ ਇਤਿਹਾਸ ਵਿਚ 'ਓਮ' ਸੱਭ ਤੋਂ ਪਹਿਲਾ ਸ਼ਬਦ ਹੈ ਜੋ ਰਿਸ਼ੀਆਂ ਮੁਨੀਆਂ ਤੇ ਪ੍ਰਮਾਤਮਾ ਦੇ ਸੰਵਾਦ ਜਾਂ ਸੰਬੋਧਨ 'ਚੋਂ ਨਿਕਲਿਆ.  (ਚਲਦਾ)........

ਲੇਖਕ: ਜੋਗਿੰਦਰ ਸਿੰਘ