ਸੋ ਦਰ ਤੇਰਾ ਕਿਹਾ - ਕਿਸਤ - 13

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

'' ਮੈਂ ਉਨ੍ਹਾਂ ਨੂੰ ਇਸ ਦਾ ਵਿਸਥਾਰ ਦੇਣ ਲਈ ਕਿਹਾ ਤਾਂ ਉੁਨ੍ਹਾਂ ਦਸਿਆ ਕਿ ਭਾਰਤ ਦੇ ਰਿਸ਼ੀਆਂ ਮੁਨੀਆਂ ਨੇ ਹਿਮਾਲੀਆ ਦੀਆਂ ਚੋਟੀਆਂ ਤੇ ਬੈਠ ਕੇ ਇਕ ਵਾਰ ਫ਼ੈਸਲਾ ਕੀਤਾ

So Dar Tera Keha

ਅੱਗੇ.......

'' ਮੈਂ ਉਨ੍ਹਾਂ ਨੂੰ ਇਸ ਦਾ ਵਿਸਥਾਰ ਦੇਣ ਲਈ ਕਿਹਾ ਤਾਂ ਉੁਨ੍ਹਾਂ ਦਸਿਆ ਕਿ ਭਾਰਤ ਦੇ ਰਿਸ਼ੀਆਂ ਮੁਨੀਆਂ ਨੇ ਹਿਮਾਲੀਆ ਦੀਆਂ ਚੋਟੀਆਂ ਤੇ ਬੈਠ ਕੇ ਇਕ ਵਾਰ ਫ਼ੈਸਲਾ ਕੀਤਾ ਕਿ ਸਾਰੇ ਰੱਲ ਕੇ ਸਮਾਧੀ ਵਿਚ ਚਲੇ ਜਾਣ ਤੇ ਪ੍ਰਮਾਤਮਾ ਦਾ ਨਾਂ ਪ੍ਰਗਟ ਹੋਣ ਤਕ ਸਮਾਧੀ ਨਾ ਖੋਲ੍ਹਣ। ਸ਼ੁਰੂਆਤ ਉਹ 'ਓ' ਨਾਲ ਕਰਨ। ਕਿਸੇ ਨੂੰ ਵੀ ਬੁਲਾਉਣ ਲਈ ਓ, ਓਇ, ਓ ਬੇ, ਓ ਭਾਈ ਸ਼ਬਦ ਲਗਭਗ ਹਰ ਭਾਸ਼ਾ ਵਿਚ ਹੀ ਵਰਤੇ ਜਾਂਦੇ ਹਨ। ਖ਼ੈਰ, ਸਮਾਧੀ ਲੱਗ ਗਈ ਤੇ ਉਨ੍ਹਾਂ ਨੇ ਕਈ ਘੰਟੇ ਜਾਂ ਕਈ ਦਿਨਾ ਤੀਕ ਜਾਂ ਕਈ ਸਾਲਾਂ ਤਕ (ਜਿਵੇਂ ਦਾਅਵਾ ਕੀਤਾ ਜਾਂਦਾ ਹੈ) ਇਹਸਮਾਧੀ ਜਾਰੀ ਰੱਖੀ।

ਅਖ਼ੀਰ ਹੌਲੀ ਹੌਲੀ ਸੱਭ ਦੇ ਮੂੰਹ ਬੰਦ ਹੋਏ ਤਾਂ ਅੱਖਰ 'ਮ' ਉਨ੍ਹਾਂ ਦੇ ਮੂੰਹ 'ਚੋਂ ਨਿਕਲਿਆ। ਅਰਥਾਤ ਓ ਤੋਂ ਸ਼ੁਰੂ ਹੋਈ ਸਮਾਧੀ 'ਮ' ਤੇ ਆ ਕੇ ਖ਼ਤਮ ਹੋਈ। ਇਸ ਲਈ ਸਾਰਿਆਂ ਨੇ ਸਰਬ-ਸੰਮਤੀ ਨਾਲ ਫ਼ੈਸਲਾ ਕੀਤਾ ਕਿ 'ਓਮ' ਹੀ ਉਹ ਸ਼ਕਤੀ ਜਾਂ ਸ਼ਬਦ ਹੈ ਜਿਸ ਦੀ ਉਹ ਖੋਜ ਕਰ ਰਹੇ ਸਨ। ਮੈਂ ਹਿੰਦੂ ਧਰਮ ਬਾਰੇ ਜਿੰਨੀਆਂ ਵੀ ਕਿਤਾਬਾਂ ਪੜ੍ਹੀਆਂ ਸਨ, ਉਨ੍ਹਾਂ ਵਿਚ ਸਵਾਮੀ ਜੀ ਵਲੋਂ ਸੁਣਾਈ ਗਈ ਵਾਰਤਾ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ ਪਰ 'ਓਮ' ਦੇ 16 ਵਖਰੇ ਵਖਰੇ ਅਰਥ ਦਿਤੇ ਗਏ ਸਨ ਜਿਹੜੇ ਮੈਂ ਨੋਟ ਕੀਤੇ ਹੋਏ ਸਨ। ਸਵਾਮੀ ਜੀ ਕਹਿਣ ਲੱਗੇ, ''ਇਹ ਤਾਂ ਵਿਦਵਾਨਾਂ ਦੀ ਵਿਦਵਤਾ ਬੋਲਦੀ ਹੈ ਪਰ ਪੂਰਨ ਸੱਚ ਉਹੀ ਹੈ ਜੋ ਮੈਂ ਤੁਹਾਨੂੰ ਦਸਿਆ ਹੈ।''

ਮੈਂ ਕਿਹਾ, ''ਚਲੋ ਇਸੇ ਨੂੰ ਠੀਕ ਮੰਨ ਲੈਂਦੇ ਹਾਂ। ਹੁਣ ਬਾਬਾ ਨਾਨਕ ਨੇ 'ੴ' ਵਿਚ ਕੀ ਇਕ (੧) 'ਓਮ' ਚੋਂ ਲਿਆ ਹੈ?''
ਸਵਾਮੀ ਜੀ: ਹਾਂ, ਇਹ ਮੈਂ ਮੰਨ ਲੈਂਦਾ ਹਾਂ ਕਿ '੧' ਬਾਬਾ ਨਾਨਕ ਨੇ 'ਓਮ' ਤੋਂ ਨਹੀਂ ਲਿਆ।

ਮੈਂ ਕਿਹਾ, ''ਕੀ 'ਮ' ਬਾਬਾ ਨਾਨਕ ਨੇ 'ਓਮ' ਤੋਂ ਲਿਆ ਹੈ?''
ਸਵਾਮੀ ਜੀ: ਨਹੀਂ, ਉਹ ਤਾਂ 'ਮ' ਤਕ ਪਹੁੰਚਦੇ ਹੀ ਨਹੀਂ।

ਮੈਂ ਕਿਹਾ, ''ਬਾਬਾ ਨਾਨਕ ਨੇ ਇਸ ਸਿਧਾਂਤ ਨੂੰ ਪ੍ਰਵਾਨ ਹੀ ਨਹੀਂ ਕੀਤਾ ਕਿ ਮਨੁੱਖ ਦੀ ਸਮਾਧੀ ਸ਼ੁਰੂ ਹੋਣ ਨਾਲ ਉਸ ਦਾ ਨਾਂ ਸ਼ੁਰੂ ਹੁੰਦਾ ਹੈ ਤੇ ਮਨੁੱਖ ਦੀ ਸਮਾਧੀ ਖੁਲ੍ਹਣ ਨਾਲ ਜੋ ਅੱਖਰਸਾਡੇ ਹੋਠਾਂ ਦੇ ਜੁੜਨ ਨਾਲ ਗੂੰਜਦਾ ਹੈ, ਉਹ ਪ੍ਰਮਾਤਮਾ ਦੇ ਨਾਂ ਦਾ ਅੰਤਮ ਅੱਖਰ ਹੈ। ਰਹਿ ਗਿਆ ਓ' ਤਾਂ ਆਪ ਦੇ ਸਮਾਧੀ ਸਿਧਾਂਤ ਅਨੁਸਾਰ ਇਹ ਤਾਂ ਪ੍ਰਮਾਤਮਾ ਨੂੰ ਸੰਬੋਧਨ ਕਰਨ ਵਾਲਾ ਹੀ ਇਕ ਅੱਖਰ ਹੈ। ਪਰ ਜੇ ਦੂਜੇ ਹਿੰਦੂ ਵਿਦਵਾਨਾਂ ਵਲੋਂ 'ਓਮ' ਦੇ ਕੀਤੇ ਅਰਥਾਂ ਨੂੰ ਵੀ ਲੈ ਲਈਏ ਤਾਂ ਵੀ ਆਪ ਦਾ ਦਾਅਵਾ ਬਹੁਤਾ ਢੁਕਵਾਂ ਨਹੀਂ ਲਗਦਾ।''
 

ਇਸ ਤੋਂ ਬਾਅਦ ਮੈਂ ਕੁੱਝ ਹਿੰਦੂ ਵਿਦਵਾਨਾਂ ਦੇ ਵਿਚਾਰ ਕੱਢ ਕੇ ਉਨ੍ਹਾਂ ਨੂੰ ਵਿਖਾਏ (ਸਵਾਮੀ ਜੀ ਇਨ੍ਹਾਂ ਤੋਂ ਚੰਗੀ ਤਰ੍ਹਾਂ ਪ੍ਰੀਚਤ ਸਨ) ਜਿਨ੍ਹਾਂ ਵਿਚ 'ਓਮ' ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਸੀ- 'ਓ-ਅ-ਮ'। ਸੰਸਕ੍ਰਿਤ ਵਿਦਵਾਨਾਂ ਨੇ ਇਨ੍ਹਾਂ ਤਿੰਨਾਂ ਅੱਖਰਾਂ ਨੂੰ ਬ੍ਰਹਮਾ (ਓ), ਵਿਸ਼ਨੂੰ (ਅ) ਤੇ ਸ਼ਿਵ (ਮ) ਨਾਂ ਦੇ ਕੇ ਪ੍ਰਮਾਤਮਾ ਨੂੰ ਤਿੰਨ ਰੂਪ ਦਿਤੇ ਹਨ। ਹਿੰਦੂ ਵਿਦਵਾਨਾਂ ਦਾ ਇਕ ਹੋਰ ਵਰਗ 'ਓਅੰਮ' ਸ਼ਬਦ ਨੂੰ ਵੀ ਤਿੰਨ ਹਿੱਸਿਆਂ ਵਿਚ ਵੰਡ ਕੇ ਉਪਰੋਕਤ ਅਨੁਸਾਰ ਹੀ, ਤਿੰਨਾਂ ਹਿੱਸਿਆਂ ਨੂੰ ਸੂਰਜ, ਅਗਨੀ ਤੇ ਵਾਯੂ ਨਾਮ ਦੇਂਦਾ ਹੈ। ਮੈਂ ਕਿਹਾ, ਬਾਬੇ ਨਾਨਕ ਨੇ ੴ ਦੀ ਵਿਆਖਿਆ ਵਿਚ ਇਨ੍ਹਾਂ ਦੋਹਾਂ ਵੰਡੀਆਂ ਨੂੰ ਅਪ੍ਰਵਾਨ ਕਰ ਦਿਤਾ ਹੈ ਤੇ ੴ ਨੂੰ ਬਿਲਕੁਲ ਨਵੇਂ ਅਰਥ ਦਿਤੇ ਹਨ।

ਸਵਾਮੀ ਜੀ ਬੜੇ ਧਿਆਨ ਨਾਲ ਮੇਰੀਆਂ ਗੱਲਾਂ ਸੁਣ ਰਹੇ ਸਨ ਜਦ ਕਿ ਮੈਨੂੰ ਡਰ ਸੀ ਕਿ ਉਹ ਸ਼ਾਇਦ ਮੈਨੂੰ ਗ਼ਲਤ ਸਾਬਤ ਕਰਨ ਲਈ ਕੋਈ ਹੋਰ ਵੱਡਾ ਦਾਅਵਾ ਕਰ ਦੇਣਗੇ।

ਅਖ਼ੀਰ ਤੇ ਮੈਂ ਕਿਹਾ, ''ਇਸ ਨਾਲ ਗੁਰੂ ਨਾਨਕ ਨੇ ਛੋਟਾ ਨਹੀਂ ਹੋ ਜਾਣਾ ਜੇ ਇਹ ਮੰਨ ਲਿਆ ਜਾਏ ਕਿ 'ੴ' ਦਾ ਸ੍ਰੋਤ 'ਓਮ' ਸੀ, ਨਾ ਹੀ ਹਿੰਦੂ ਧਰਮ ਨੇ ਛੋਟਾ ਹੋ ਜਾਣਾ ਹੈ ਜੇ ਇਹ ਮੰਨ ਲਿਆ ਜਾਏ ਕਿ 'ੴ' ਇਕ ਹੋਰ ਸਿਧਾਂਤ ਦਾ ਪ੍ਰਤੀਕ ਹੈ ਤੇ 'ਓਮ' ਇਕ ਹੋਰ ਦਾ। ਪਰ ਦੋਹਾਂ ਅੱਖਰਾਂ ਵਿਚ ਕੇਵਲ 'ਓ' ਦੀ ਸਾਂਝ ਨਾਲ, ਮਜ਼ਬੂਤ ਦਾਅਵਾ ਤਾਂ ਨਹੀਂ ਕੀਤਾ ਜਾ ਸਕਦਾ। ਅੱਖਰ ਨਾਲੋਂ ਜ਼ਿਆਦਾ ਮਹੱਤਵਪੂਰਨ, ਉਸ ਦੇ ਪਿੱਛੇ ਕੰਮ ਕਰਦਾ ਸਿਧਾਂਤ ਹੈ। ਸਿਧਾਂਤ ਰੂਪ ਵਿਚ ਦੋਹਾਂ ਅੱਖਰਾਂ ਵਿਚ ਅੰਤਰ ਜ਼ਿਆਦਾ ਹੈ ਤੇ ਨੇੜਤਾ ਥੋੜੀ। ਇਸ ਲਈ ਮੇਰੀ ਬੇਨਤੀ ਹੈ ਕਿ ਇਹ ਬਹਿਸ ਹੀ ਨਿਰਰਥਕ ਹੈ ਤੇ ਸਵਾਮੀ ਜੀ ਵਰਗੇ ਸਮਝਦਾਰ ਲੋਕਾਂ ਨੂੰ ਇਸ ਤੋਂ ਪਰੇ ਹੀ ਰਹਿਣਾ ਚਾਹੀਦਾ ਹੈ। ਛੋਟੇ ਪ੍ਰਚਾਰਕ ਬੜੇ ਗ਼ਲਤ ਦਾਅਵੇ ਕਰਦੇ ਹਨ (ਸਿੱਖ ਪ੍ਰਚਾਰਕਾਂ ਸਮੇਤ। ਉਨ੍ਹਾਂ ਨੂੰ ਅਪਣਾ ਸ਼ੁਗ਼ਲ ਜਾਰੀ ਰੱਖਣ ਦਿਉ। ਸਿਆਣੇ ਲੋਕਾਂ ਲਈ ਅੱਖਰ ਨਹੀਂ, ਉੁਨ੍ਹਾ ਦੇ ਅਰਥ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ ਤੇ ਗ਼ਲਤ ਦਾਅਵੇ ਕਰਨ ਨਾਲ ਅਸੀ ਨਾ ਤਾਂ ਸਹੀ ਅਰਥਾਂ ਨੂੰ ਸਮਝ ਸਕਾਂਗੇ, ਨਾ ਮਨ ਵਿਚੋਂ ਇਕ ਦੂਜੇ ਪ੍ਰਤੀ ਸ਼ੰਕੇ ਪੈਦਾ ਹੋਣੋਂ ਰੋਕ ਸਕਾਂਗੇ।''

ਅਖ਼ੀਰ ਵਿਚ ਮੈਂ ਸਵਾਮੀ ਜੀ ਨੂੰ ਕਿਹਾ, ''ਹੁਣ ਆਪ ਦਾ ਕੀ ਫ਼ੈਸਲਾ ਹੈ? ਮੈਂ ਸੁਣਨਾ ਚਾਹਾਂਗਾ।''
ਸਵਾਮੀ ਜੀ ਦੇ ਚਿਹਰੇ ਤੋਂ ਮੈਂ ਏਨਾ ਹੀ ਪੜ੍ਹ ਸਕਿਆ ਕਿ ਉਹ ਸੋਚਾਂ ਵਿਚ ਘਿਰੇ ਹੋਏ ਸਨ। ਉਹ ਚੁਪਚਾਪ ਉਠੇ ਤੇ ਮੇਰੇ ਮੋਢੇ ਨੂੰ ਥਪਥਪਾਉੁਂਦੇ ਹੋਏ, ਕੁੱਝ ਵੀ ਕਹੇ ਬਿਨਾਂ, ਚਲੇ ਗਏ। ਮੈਂ ਉੁਨ੍ਹਾਂ ਨੂੰ ਚਾਹ ਪਾਣੀ ਲੈਣ ਲਈ ਵੀ ਬੇਨਤੀ ਕੀਤੀ ਪਰ ਉਹ ਮੁਸਕ੍ਰਾਉੁਂਦੇ ਹੋਏ ਤੇ ਹੱਥ ਹਿਲਾਉੁਂਦੇ ਹੋਏ, ਬਾਹਰ ਨਿਕਲ ਗਏ।
'ੴ' ਸੱਭ ਤੋਂ ਮਹੱਤਵਪੂਰਨ ਅੱਖਰ ਹੈ, ਗੁਰਮਤਿ ਫ਼ਸਲਫ਼ੇ ਦਾ ਵੀ ਤੇ ਗੁਰਬਾਣੀ ਦਾ ਵੀ। ਇਸੇ ਲਈ ਇਸ ਬਾਰੇ ਜ਼ਰਾ ਵਿਸਥਾਰ ਨਾਲ ਗੱਲ ਕਰ ਰਹੇ ਹਾਂ।

ਲੇਖਕ: ਜੋਗਿੰਦਰ ਸਿੰਘ