ਸੋ ਦਰ ਤੇਰਾ ਕੇਹਾ - ਕਿਸਤ - 15

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਸੀ 'ੴ ' ਦੀ ਵਿਆਖਿਆ ਕਰਦਿਆਂ ਵੇਖਿਆ ਕਿ ਭਾਵੇਂ ਬਾਬਾ ਨਾਨਕ ਨੇ ਪ੍ਰਮਾਤਮਾ ਦੇ ਇਕ ਹੋਣ ਦੇ ਸਿਧਾਂਤ ਦੀ ਰਾਖੀ ਲਈ '੧' ਹਿੰਦਸੇ ਦੀ ਵਾੜ ਵੀ ਲਾ ਲਈ

So Dar Tera

ਅਧਿਆਏ – 11

ਅਸੀ 'ੴ ' ਦੀ ਵਿਆਖਿਆ ਕਰਦਿਆਂ ਵੇਖਿਆ ਕਿ ਭਾਵੇਂ ਬਾਬਾ ਨਾਨਕ ਨੇ ਪ੍ਰਮਾਤਮਾ ਦੇ ਇਕ ਹੋਣ ਦੇ ਸਿਧਾਂਤ ਦੀ ਰਾਖੀ ਲਈ '੧' ਹਿੰਦਸੇ ਦੀ ਵਾੜ ਵੀ ਲਾ ਲਈ ਪਰ ਪੁਰਾਤਨ ਸਮੇਂ ਤੋਂ ਅਕਾਲ ਪੁਰਖ ਨੂੰ ਅਪਣੇ ਅਪਣੇ ਢੰਗ ਨਾਲ ਬਿਆਨ ਕਰਨ ਵਾਲੇ ਪ੍ਰਚਾਰਕਾਂ ਨੇ '੧' ਦੀ ਵਾੜ ਵੀ ਟੱਪਣ ਤੋਂ ਪਰਹੇਜ਼ ਨਾ ਕੀਤਾ ਤੇ 'ੴ' ਨੂੰ ਅਜਿਹਾ ਉਚਾਰਨ ਤੇ ਅਜਿਹੇ ਅਰਥ ਦਿਤੇ ਜੋ ਵਿਆਕਰਣ ਦੇ ਨਿਯਮਾਂ ਮੁਤਾਬਕ ਵੀ ਜਾਇਜ਼ ਨਹੀਂ ਸਨ ਬਣਦੇ ਪਰ ਜਿਨ੍ਹਾਂ ਨਾਲ 'ੴ' ਨੂੰ ਦੇਵਤਿਆਂ ਆਦਿ ਨਾਲ ਵੀ ਜੋੜੇ ਜਾਣ ਦਾ ਕਮਜ਼ੋਰ ਜਿਹਾ ਬਹਾਨਾ ਮਿਲ ਜਾਂਦਾ ਸੀ।

ਜਦ 'ੴ' ਦਾ ਉਚਾਰਣ 'ਇਕ ਓਂਕਾਰ' ਕੀਤਾ ਜਾਂਦਾ ਹੈ ਤਾਂ ਕਈ ਲੋਕ ਇਹ ਦਾਅਵਾ ਵੀ ਕਰਨ ਤਕ ਚਲੇ ਜਾਂਦੇ ਹਨ ਕਿ 'ਓਂਕਾਰ' ਇਕ ਪੌਰਾਣਿਕ ਦੇਵਤਾ ਹੈ ਜਿਸ ਦੇ ਨਾਂ ਤੇ ਦੱਖਣ ਵਿਚ ਇਕ ਮੰਦਰ ਵੀ ਬਣਿਆ ਹੋਇਆ ਹੈ ਤੇ ਉਸ ਮੰਦਰ ਦੇ ਨਾਂ 'ਤੇ ਸ਼ਹਿਰ ਜਾਂ ਕਸਬੇ ਦਾ ਨਾਂ ਵੀ 'ਓਂਕਾਰ' ਹੀ ਰਖਿਆ ਹੋਇਆ ਹੈ। ਇਸ ਤਰ੍ਹਾਂ ਉਹ '੧' ਦੀ ਵਾੜ ਟੱਪ ਕੇ, ੴ ਨੂੰ ਇਕ ਹੋਰ ਦੇਵਤੇ ਨਾਲ ਜੋੜਨ ਦਾ ਯਤਨ ਵੀ ਕਰਦੇ ਵੇਖੇ ਗਏ ਹਨ। ਉਹ ੴ ਦੇ ਅਰਥ ਜਾਣਨ ਲਈ ਬਾਬੇ ਨਾਨਕ ਦੀ ਬਾਣੀ ਵਲ ਨਹੀਂ ਵੇਖਦੇ, ਇਕ ਅੱਖਰ ਦੀ ਆਵਾਜ਼ ਨੂੰ ਦੂਜੇ ਕਿਸੇ ਅੱਖਰ ਦੀ ਆਵਾਜ਼ ਨਾਲ ਮਿਲਾਉਣ ਲਗਦੇ ਹਨ। ਇਕ ਈਸਾਈ ਮਿਸ਼ਨਰੀ ਨੇ :

'ਸ੍ਰੀ ਅਸਪਾਨ ਜਗਤ ਕੇ ਈਸਾ'ਦਾ ਅਰਥ ਇਹ ਕੱਢ ਕੇ ਪ੍ਰਚਾਰਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ 'ਹਜ਼ਰਤ ਈਸਾ' ਨੂੰ ਜਗਤ ਦਾ ਮਾਲਕ ਦਸਿਆ ਸੀ। ਸਿੱਖ ਘਰਾਣੇ ਵਿਚ ਜੰਮੇ ਪਲੇ, ਸਰਸੇ (ਹਰਿਆਣੇ) ਦੇ ਇਕ 'ਬਾਬੇ' ਨੇ ਵੀ ਇਸੇ ਤਰ੍ਹਾਂ :

'ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ'

ਵਿਚਲੇ ਅੱਖਰ 'ਸਰਸੇ' ਦੇ ਇਹ ਅਰਥ (ਜਾਂ ਅਨਰਥ) ਪ੍ਰਚਾਰੇ ਕਿ ਗੁਰਬਾਣੀ ਵੀ ਕਹਿੰਦੀ ਹੈ ਕਿ ਪੂਰੇ ਗੁਰੂ ਦੇ ਦਰਸ਼ਨ ਸਰਸਾ ਵਿਚ ਹੀ ਹੋਣੇ ਹਨ ਤੇ ਸੰਤ, ਸੱਜਣ ਲੋਕ ਉਥੇ ਪਹੁੰਚ ਜਾਣ। ਅਜਿਹੇ ਲੋਕ ਸਦਾ ਹੀ ਰਹਿਣਗੇ ਜੋ ਠੀਕ ਅਰਥਾਂ ਨੂੰ ਸਮਝਣ ਦੀ ਜੁਗਤ ਜਾਣਦੇ ਹੋਏ ਵੀ, ਅਪਣੇ ਮਤਲਬ ਲਈ, ਗੁਰਬਾਣੀ ਦੇ ਹਰ ਸਪੱਸ਼ਟ ਤੋਂ ਸਪੱਸ਼ਟ ਅੱਖਰ ਨੂੰ ਵੀ, ਗ਼ਲਤ ਰੂਪ ਵਿਚ ਪੇਸ਼ ਕਰਨਗੇ ਪਰ ਬਾਬੇ ਨਾਨਕ ਦੀ ਬਾਣੀ 'ਚੋਂ ਸਹੀ ਅਰਥ ਲੱਭਣ ਦੇ ਯਤਨ ਨਹੀਂ ਕਰਨਗੇ। ਬਾਬਾ ਨਾਨਕ ਤਾਂ ਵਾਰ ਵਾਰ ੴ ਦਾ ਮਤਲਬ 'ਏਕੋ' ਸਮਝਾਂਦੇ ਨਹੀਂ ਥਕਦੇ। ਵੇਖੋ

ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ   (350)
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ         (1291)
ਏਕੋ ਕਰਤਾ ਜਿਨ ਜਗ ਕੀਆ              (1188)
ਏਕੋ ਜਾਣੈ ਅਵਰੁ ਨ ਕੋਇ                    (1343)
ਏਕੋ ਜਾਤਾ ਸਬਦ ਵੀਚਾਰੈ                 (1188)
ਏਕੋ ਤਖਤੁ ਏਕੋ ਪਾਤਿਸਾਹੁ                (1080)

'ੴ ' ਦੀ ਗੱਲ ਕਰਦਿਆਂ, ਇਸ ਦੀ ਪੂਰੀ ਸਮਝ ਜ਼ਰੂਰੀ ਹੈ, ਨਹੀਂ ਤਾਂ ਅਗਲੀ ਬਾਣੀ ਵਿਚ ਵੀ ਟਪਲਾ ਲਗਦਾ ਰਹੇਗਾ। ਇਸੇ ਲਈ ਬਾਬੇ ਨਾਨਕ ਦੀ ਬਾਣੀ ਵਿਚ ਰਲਾ ਪਾਉਣ ਵਾਲਿਆਂ ਨੇ ਵੀ 'ੴ ' ਨੂੰ ਉਸ ਦੇ ਅਸਲ ਅਰਥਾਂ ਦੇ ਕਿੱਲੇ ਤੋਂ ਉਖੇੜਨ ਦੇ ਬੜੇ ਯਤਨ ਕੀਤੇ ਹਨ। 'ਜਪੁਜੀ' ਦੀ ਵਿਆਖਿਆ ਕਰਨ ਵਾਲੇ ਸਾਡੇ ਪਹਿਲੇ ਵਿਦਵਾਨ ਵੀ, ਗੱਲ ਨੂੰ ਪੂਰੀ ਤਰ੍ਹਾਂ ਸਮਝ ਨਾ ਸਕੇ ਅਤੇ ਉੁਨ੍ਹਾਂ ਇਸ ਮੂਲ ਪ੍ਰਸ਼ਨ ਦੀ ਤਹਿ ਵਿਚ ਜਾਣਾ ਵੀ ਜ਼ਰੂਰੀ ਨਾ ਸਮਝਿਆ ਕਿ ਗਰਾਮਰ ਜਾਂ ਵਿਆਕਰਣ ਦੇ ਕਿਸ ਨਿਯਮ ਅਧੀਨ ੴ ਨੂੰ 'ਇਕ ਓਂਕਾਰ' ਜਾਂ 'ਇਕ ਔਂਕਾਰ' ਵਜੋਂ ਪੜ੍ਹਿਆ ਜਾ ਸਕਦਾ ਹੈ।

ਪਰ ਚੰਗੀ ਗੱਲ ਇਹੀ ਹੈ ਕਿ ਹੁਣ ਕੁੱਝ ਵਿਦਵਾਨਾਂ ਨੇ ਪੂਰੀ ਗੰਭੀਰਤਾ ਨਾਲ ਇਸ ਪਾਸੇ ਵੀ ਖੋਜ ਕਰਨੀ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦੀ ਨਜ਼ਰ ਵਿਚ 'ੴ ' ਨੂੰ ਕੇਵਲ ਤੇ ਕੇਵਲ 'ਏਕੋ' ਦੇ ਅਰਥ ਵਿਚ ਲਿਆ ਜਾ ਸਕਦਾ ਹੈ ਤੇ ਇਸ ਦਾ ਉਚਾਰਨ ਵੀ 'ਏਕੋ' ਤੋਂ ਬਿਨਾਂ ਕੋਈ ਹੋਰ ਨਹੀਂ ਹੋ ਸਕਦਾ।

ਸਤਿ ਨਾਮ

ਬਾਬੇ ਨਾਨਕ ਨੂੰ ਅਗਲਾ ਸਵਾਲ ਸੀ ਕਿ 'ੴ ' ਨਜ਼ਰ ਤਾਂ ਆਉਂਦਾ ਨਹੀਂ,
ਫਿਰ ਤੁਸੀ ਦੱਸੋ, ਉਹ ਹੈ ਵੀ ਕਿ ਨਹੀਂ?
ਬਾਬਾ ਨਾਨਕ ਦਾ ਉੱਤਰ ਹੈ, ਉਹ ਇਕੋ ਇਕ ਸਤਿ ਹੈ।
'ਸਤਿ' ਕਿਵੇਂ?

ਸਤਿ ਜਾਂ ਸੱਚ ਉਹੀ ਹੁੰਦਾ ਹੈ ਜਿਸ ਦੀ ਹੋਂਦ ਹੈ। ਇਥੇ 'ਸਤਿ' ਦਾ ਅਰਥ ਵੀ ਹੋਂਦ ਹੈ। ਪਰ ਉਸ ਅਕਾਲ ਪੁਰਖ ਨੇ ਅਪਣੇ ਅਤੇ ਸਾਡੇ ਵਿਚ ਕੂੜ ਦੀ ਇਕ ਪਾਲ ਵੀ ਖੜੀ ਕੀਤੀ ਹੋਈ ਹੈ ਜਿਸ ਕਾਰਨ ਬਾਹਰੀ ਅੱਖਾਂ ਨਾਲ ਉਹ ਸਾਨੂੰ ਨਜ਼ਰ ਨਹੀਂ ਆਉਂਦਾ। ਇਸੇ ਲਈ ਕਈ ਲੋਕ ਇਹ ਕਹਿਣਾ ਸ਼ੁਰੂ ਕਰ ਦੇਂਦੇ ਹਨ ਕਿ ਉਹ ਤਾਂ ਹੈ ਈ ਕੋਈ ਨਹੀਂ ਤੇ ਅਸੀ ਅਪਣੀ ਸੋਚ-ਉਡਾਰੀ ਦੇ ਸਹਾਰੇ ਹੀ ਉਸ ਦੇ ਨਾਂ ਦੀ ਮਿਥ ਸਿਰਜ ਲਈ ਹੋਈ ਹੈ। ਉਂਜ ਜੇ ਕੋਈ ਸਾਇੰਸਦਾਨ ਕਹਿ ਦੇਵੇ ਕਿ ਸੂਰਜ ਦੀਆਂ ਕਿਰਨਾਂ ਦੇ ਮਾਰੂ ਅਸਰ ਤੋਂ ਸਾਡੀ ਧਰਤੀ ਨੂੰ ਓਜ਼ੋਨ ਦੀ ਇਕ ਮੋਟੀ ਪਰਤ ਬਚਾ ਰਹੀ ਹੈ ਤਾਂ ਓਜ਼ੋਨ ਨੂੰ ਭਾਵੇਂ ਅਸੀ ਨਹੀਂ ਵੀ ਵੇਖ ਸਕਦੇ, ਤਾਂ ਵੀ ਅਸੀ ਸਾਇੰਸਦਾਨਾਂ ਦੀ ਗੱਲ ਮੰਨ ਲੈਂਦੇ ਹਾਂ। ਬਾਬੇ ਨਾਨਕ ਦੀ ਸਾਰੀ ਬਾਣੀ ਪੜ੍ਹਨ ਮਗਰੋਂ ਅਸੀ ਜਾਣ ਜਾਵਾਂਗੇ ਕਿ ਆਪ ਵੀ ਇਕ ਰੂਹਾਨੀ ਵਿਗਿਆਨੀ ਸਨ ਜਿਨ੍ਹਾਂ ਦੇ ਹਰ ਦਾਅਵੇ ਪਿੱਛੇ ਤਰਕ, ਤਜਰਬਾ ਅਤੇ 'ਵਿਗਿਆਨੀਆਂ' ਵਾਲੀ ਖੋਜ ਕੰਮ ਕਰਦੇ ਸਨ ਤੇ ਆਪ ਹਰ ਇਕ ਨੂੰ ਦਾਅਵੇ ਨਾਲ ਦਸਦੇ ਹਨ ਕਿ ਤੁਸੀ ਸਤਿ ਜਾਂ ਹੋਂਦ ਦੀ ਪਰਖ, ਸ੍ਰੀਰ ਦੀਆਂ ਅੱਖਾਂ ਨਾਲ ਕਰਨ ਦੀ ਬਜਾਏ ਮਨ ਦੀਆਂ ਅੱਖਾਂ ਨਾਲ ਕਰਨ ਦਾ ਯਤਨ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ 'ਹੋਂਦ' ਤਾਂ ਹੈ ਈ ਕੇਵਲ ਉਸ ਅਕਾਲ ਪੁਰਖ ਦੀ। ਇਸੇ ਲਈ ਉਹ 'ਸਤਿ' ਹੈ।

ਅਸੀ ਸਾਰੇ ਅੱਜ ਹਾਂ, ਥੋੜੇ ਸਮੇਂ ਮਗਰੋਂ ਨਹੀਂ ਹੋਵਾਂਗੇ। ਜਦੋਂ ਅਸੀ ਨਹੀਂ ਸੀ, ਉਦੋਂ ਵੀ ਉਹ ਤਾਂ ਸੀ ਅਤੇ ਜਦੋਂ ਅਸੀ ਨਹੀਂ ਹੋਵਾਗੇ, ਉਦੋਂ ਵੀ ਉਹ ਤਾਂ ਹੋਵੇਗਾ ਹੀ। ਜਦੋਂ 'ਅਰਬਦ ਨਰਬਦ ਧੁੰਦੂਕਾਰਾ' ਵਾਲੀ ਹਾਲਤ ਸੀ, ਉਦੋਂ ਦਿਸਦੀ ਸ੍ਰਿਸ਼ਟੀ ਅਜੇ ਹੋਂਦ ਵਿਚ ਨਹੀਂ ਸੀ ਆਈ। ਉਦੋਂ ਵੀ ਉਹ 'ਕਰਤਾ ਪੁਰਖ' ਤਾਂ ਮੌਜੂਦ ਸੀ। ਬੱਸ ਇਹੀ ਤਾਂ 'ਸਤਿ' ਅਥਵਾ ਅਸਲੀ ਹੋਂਦ ਹੈ ਜਿਸ ਦੇ ਮੁਕਾਬਲੇ ਦੀ ਹੋਰ ਕਿਸੇ ਦੀ ਕੋਈ ਹੋਂਦ ਨਹੀਂ ਹੈ। ਇਕ ਵਿਦਵਾਨ ਦਾ ਕਹਿਣਾ ਹੈ ''ਸਾਨੂੰ ਸਾਰਿਆਂ ਨੂੰ ਮੌਤ ਦੀ ਸਜ਼ਾ ਮਿਲੀ ਹੋਈ ਹੈ - ਕੇਵਲ ਸਾਨੂੰ ਮੌਤ ਦੇ ਦਿਨ ਦਾ ਪਤਾ ਨਹੀਂ।'

ਦੂਜੇ ਅਰਥਾਂ ਵਿਚ ਧਰਤੀ ਤੇ ਰਹਿਣ ਵਾਲੇ ਹਰ ਜੀਵ, ਪਸ਼ੂ, ਪੰਛੀ, ਵਸਤ ਨੇ ਅੰਤ ਮਿਟ ਜਾਣਾ ਹੈ, ਮਰ ਜਾਣਾ ਹੈ ਤੇ ਖ਼ਤਮ ਹੋ ਜਾਣਾ ਹੈ। ਜਿਸ ਨੇ ਮਰ ਜਾਣਾ ਹੈ, ਉਹ ਸਤਿ ਨਹੀਂ ਹੋ ਸਕਦਾ ਤੇ ਉਸ ਦੀ ਹੋਂਦ 'ਸਤਿ' ਨਹੀਂ ਹੋ ਸਕਦੀ। ਫਿਰ ਜੇ ਅਸੀ 'ਸਤਿ' ਨਹੀਂ ਤਾਂ ਹੋਰ ਕੌਣ ਹੈ ਜਿਸ ਦੀ ਹੋਂਦ ਕਦੀ ਮਿਟਦੀ ਨਹੀਂ? ਬਾਬਾ ਨਾਨਕ ਕਹਿੰਦੇ ਹਨ, 'ਸਤਿ' ਕੇਵਲ ਉਹੀ ਅਕਾਲ ਪੁਰਖ ਹੋ ਸਕਦਾ ਹੈ, ਕੋਈ ਮਨੁੱਖ ਨਹੀਂ ਹੋ ਸਕਦਾ। ਹਰ ਜਾਨਦਾਰ ਤੇ ਹਰ ਵਸਤ ਦੀ ਹੋਂਦ, ਜਦੋਂ ਉਹ ਚਾਹੇ, ਮਿਟ ਸਕਦੀ ਹੈ ਪਰ ਇਕੋ ਉਹ ਹੈ ਜਿਸ ਦੀ ਹੋਂਦ ਸਦੀਵੀ ਸੀ, ਸਦੀਵੀ ਹੈ ਤੇ ਸਦੀਵੀ ਰਹੇਗੀ ਤੇ ਹੋਰ ਕੋਈ ਨਹੀਂ ਮਿਟਾ ਸਕਦਾ। ਇਸ ਲਈ ਕੇਵਲ ਉਹੀ 'ਸਤਿ' ਹੈ ਤੇ ਉਸ ਦਾ ਨਾਮ ਹੀ 'ਸਤਿ ਹੈ।

ਲੇਖਕ: ਜੋਗਿੰਦਰ ਸਿੰਘ