ਸੋ ਦਰ ਤੇਰਾ ਕੇਹਾ - ਕਿਸਤ - 16

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਗੱਲ ਚਲ ਰਹੀ ਸੀ ਸਤਿਨਾਮ ਦੀ, ਜਿਸ ਵਿਚ ਵਿਚਾਰ ਕੀਤਾ ਗਿਆ ਸੀ ਕਿ ਸਿਰਫ਼ ਇਕ ਹੀ ਸਤਿ ਹੈ,

So Dar Tera Keha

ਅਧਿਆਏ - 12

ਗੱਲ ਚਲ ਰਹੀ ਸੀ ਸਤਿਨਾਮ ਦੀ, ਜਿਸ ਵਿਚ ਵਿਚਾਰ ਕੀਤਾ ਗਿਆ ਸੀ ਕਿ ਸਿਰਫ਼ ਇਕ ਹੀ ਸਤਿ ਹੈ, ਕਿਉਂਕਿ ਉਸ ਦੀ ਹੋਂਦ ਇਸ ਦੁਨੀਆ ਦੇ ਪਸਾਰੇ ਤੋਂ ਪਹਿਲਾਂ ਵੀ ਸੀ ਅਤੇ ਪਸਾਰੇ ਦੇ ਖ਼ਤਮ ਹੋਣ ਮਗਰੋਂ ਵੀ ਸਿਰਫ਼ ਉਹ ਇਕ ਹੀ ਰਹਿ ਜਾਵੇਗਾ। ਇਥੇ ਇਕ ਹੋਰ ਵਿਚਾਰ ਕਰਨੀ ਵੀ ਜ਼ਰਰੀ ਹੈ ਕਿ ਵੈਦਿਕ ਧਰਮ ਨੇ ਵੀ ਕਿਸੇ ਵੇਲੇ ਉਸ ਇਕ ਨੂੰ ਹੀ ਹੋਂਦ ਵਾਲਾ ਯਾਨੀ ਸਤਿ ਮੰਨਿਆ ਸੀ, ਜਿਸ ਨੂੰ ਬ੍ਰਾਹਮਣ ਨੇ ਅਜਿਹੀ ਕਰੂਪ ਸ਼ਕਲ ਦੇ ਦਿਤੀ ਕਿ ਇਹ ਸੱਭ ਤੋਂ ਵੱਡਾ ਸੱਚ ਹੀ ਸਮਾਜਕ ਵਿਕਾਸ ਲਈ ਘਾਤਕ ਹੋ ਨਿਬੜਿਆ। ਸ਼ੁਰੂ ਵਿਚ ਬ੍ਰਾਹਮਣ ਅਨੁਸਾਰ ਵੀ, ਉਹੀ ਇਕ ਸੱਚ ਹੈ (ਜਿਸ ਨੂੰ ਕਿ ਮਗਰੋਂ ਅਪਣੀ ਲੁੱਟ ਜਾਲ ਦੇ ਸਾਧਨ ਵਜੋਂ ਅਨੇਕ ਦੇਵਤਿਆਂ ਅਤੇ ਉੁਨ੍ਹਾਂ ਦੀਆਂ ਮੂਰਤੀਆਂ ਵਿਚ ਵੰਡ ਦਿਤਾ, ਜਿਨ੍ਹਾਂ ਵਿਚ ਉਹ ਸਤਿ, ਉਹ ਸੱਚ ਗਵਾਚ ਕੇ ਹੀ ਰਹਿ ਗਿਆ) ਪਰ ਇਹ ਵੀ ਕਿਹਾ ਕਿ ਉਸ ਤੋਂ ਬਗੈਰ ਸੱਭ ਪਸਾਰਾ, ਕੂੜ ਦਾ ਪਸਾਰਾ ਹੈ, ਧੂਏਂ ਦਾ ਪਹਾੜ ਹੈ, ਝੂਠਾ ਹੈ। ਇਥੋਂ ਹੀ ਉਸ ਇਕ ਦੇ ਸੱਚ ਹੋਣ ਦੀ ਗੱਲ ਤੋਂ ਉਲਟ ਦੁਨੀਆ ਦੇ ਝੂਠੇ ਹੋਣ ਦੀ ਗੱਲ ਜ਼ਿਆਦਾ ਚੱਲ ਪਈ ਜਿਸ ਕਾਰਨ ਸਮਾਜ ਵਿਚ ਦੋ ਮਾਰੂ ਬਿਮਾਰੀਆਂ ਨੇ ਜਨਮ ਲਿਆ। ਇਕ ਤਾਂ ਹੈ ਉਸ ਇਕ ਨਾਲ ਜੁੜਨ ਦਾ ਵਿਖਾਵਾ ਕਰਨ ਵਾਲਾ ਵਿਹਲੜ, ਜੋ ਦੁਨੀਆਂ ਦਾ ਕਾਰ ਵਿਹਾਰ ਚਲਾਉਣ ਵਾਲੇ ਕਿਰਤੀ ਨਾਲੋਂ ਜ਼ਿਆਦਾ ਸਤਿਕਾਰ ਵਾਲਾ ਤੇ ਜ਼ਿਆਦਾ ਇੱਜ਼ਤ ਵਾਲਾ ਬਣ ਬੈਠਾ। ਕਿਰਤ ਕਮਾਈ ਕਰ ਕੇ ਅਪਣਾ ਅਤੇ ਇਨ੍ਹਾਂ ਵਿਹਲੜਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਦਾਨੀ ਸਗੋਂ ਨੀਚ ਹੋ ਗਿਆ ਅਤੇ ਦੂਸਰਿਆਂ ਦੇ ਟੁਕੜਿਆਂ 'ਤੇ ਪਲਣ ਵਾਲਾ, ਸਮਾਜ 'ਤੇ ਭਾਰ, ਵਿਹਲੜ, ਮੰਗਤਾ ਸਤਿਕਾਰਤ, ਉੱਚ ਅਤੇ ਪੂਜਣ ਯੋਗ ਹੋ ਗਿਆ।

ਦੂਸਰਾ ਉਨ੍ਹਾਂ ਬੁਧੀਜੀਵੀ ਬੰਦਿਆਂ ਨੇ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇ ਕੇ ਸਮਾਜ ਉਸਾਰੀ ਵਿਚ ਵੱਡਾ ਯੋਗਦਾਨ ਪਾਉਣਾ ਸੀ, ਉਹ ਸਮਾਜ ਨਾਲੋਂ ਟੁੱਟ ਕੇ ਗ੍ਰਿਸਤ ਅਤੇ ਸਮਾਜ ਨੂੰ ਤਿਆਗ ਕੇ ਜੰਗਲਾਂ ਅਤੇ ਪਹਾੜਾਂ ਵਿਚ ਜਾ ਵਸੇ। ਉਨ੍ਹਾਂ ਦਾ ਸਮਾਜ ਨਾਲ ਏਨਾ ਹੀ ਸਬੰਧ ਰਹਿ ਗਿਆ ਕਿ ਉਨ੍ਹਾਂ ਦੇ ਚੇਲਿਆਂ ਨੇ ਕਿਰਤੀਆਂ ਦੇ ਘਰਾਂ ਵਿਚੋਂ ਇਨ੍ਹਾਂ ਸਮਾਜ ਦੇ ਭਗੌੜਿਆਂ ਲਈ ਲੋੜੀਂਦੀਆਂ ਚੀਜ਼ਾਂ ਮੰਗ ਲਿਜਾਣੀਆਂ ਅਤੇ ਸਮਾਜ ਵਿਚ ਪ੍ਰਚਾਰ ਕਰ ਜਾਣਾ ਕਿ ਤੁਸੀ ਤਾਂ ਐਵੇਂ ਝੂਠੇ ਸੰਸਾਰ ਵਿਚ ਫਸੇ ਅਪਣਾ ਜੀਵਨ ਬੇਕਾਰ ਕਰ ਰਹੇ ਹੋ, ਇਸ ਲਈ ਕਿਸੇ ਤਿਆਗੀ ਸਾਧੂ ਨਾਲ ਜੁੜ ਕੇ, ਉਸ ਦੇ ਚੇਲੇ ਬਣ ਕੇ ਅਪਣਾ ਜਨਮ ਸਵਾਰ ਲਵੋ। ਇਸ ਨਾਲ ਯੋਗ ਵਿਅਕਤੀਆਂ ਨੂੰ ਸਮਾਜ ਵਲੋਂ ਅੱਖਾਂ ਮੀਟ ਕੇ, ਸਮਾਜ ਵਿਚੋਂ ਭਗੌੜੇ ਹੋਣ ਦੀ ਪ੍ਰੇਰਨਾ ਮਿਲਦੀ ਸੀ। ਜਿਨ੍ਹਾਂ ਵਿਅਕਤੀਆਂ ਨੇ ਵਿਦਿਆ ਰਾਹੀਂ, ਡਾਕਟਰ ਬਣ ਕੇ, ਇੰਜੀਨੀਅਰ ਬਣ ਕੇ, ਸਮਾਜ ਸੁਧਾਰਕ ਬਣ ਕੇ, ਵਿਚਾਰਕ ਬਣ ਕੇ, ਸਮਾਜ ਦੀ ਤਰੱਕੀ ਵਿਚ ਹਿੱਸਾ ਪਾਉਣਾ ਸੀ, ਅਪਣੇ ਬਾਹੂ ਬਲ ਨਾਲ ਸਮਾਜ ਵਿਚਲੇ ਭੈੜੇ ਵਿਅਕਤੀਆਂ ਨੂੰ ਠੱਲ੍ਹ ਪਾਉਣੀ ਸੀ, ਬਾਹਰੀ ਹਮਲਾਵਰਾਂ ਤੋਂ ਸਮਾਜ ਨੂੰ ਬਚਾਉਣਾ ਸੀ, ਜਦ ਉਹੀ ਸਮਾਜ ਵਿਚੋਂ ਭਗੌੜੇ ਹੋ ਗਏ ਤਾਂ ਸਮਾਜਕ ਤਰੱਕੀ ਕਿਵੇਂ ਹੋਣੀ ਸੀ?

ਪਰ ਇਸ ਨੀਤੀ ਦਾ ਬ੍ਰਾਹਮਣ ਨੂੰ ਬੜਾ ਫ਼ਾਇਦਾ ਹੋਇਆ। ਲੋਕ ਅੰਧ ਵਿਸ਼ਵਾਸ ਵਿਚ ਫਸੇ ਬ੍ਰਾਹਮਣ ਵਲੋਂ ਸਥਾਪਤ ਆਰੇ (ਕਲਵਤਰ-ਕਰਵਤ) ਥੱਲੇ, ਸਵਰਗ ਦੇ ਲਾਲਚ ਵਿਚ ਚਿਰਨ ਤੋਂ ਪਹਿਲਾਂ ਘਰ ਘਾਟ, ਜ਼ਮੀਨ-ਜਾਇਦਾਦ, ਇਥੋਂ ਤਕ ਕਿ ਅਪਣੀ ਜ਼ਨਾਨੀ ਵੀ ਬ੍ਰਾਹਮਣ ਨੂੰ ਦਾਨ ਕਰਦੇ ਰਹੇ। ਸੋਨੇ ਦੀ ਚਿੜੀ, ਭਾਰਤ ਦਾ ਸਾਰਾ ਸੋਨਾ, ਹੀਰੇ-ਜਵਾਹਰਾਤ ਬ੍ਰਾਹਮਣ ਦੇ ਕਬਜ਼ੇ ਵਿਚ ਆ ਗਿਆ। ਦੂਸਰੇ ਪਾਸੇ ਸਮਾਜਕ ਚਿੰਤਕਾਂ ਦੀ ਘਾਟ ਕਾਰਨ, ਭਾਰਤ ਅਗਵਾਈ ਰਹਿਤ ਹੁੰਦਾ ਗਿਆ ਅਤੇ 1200 ਸਾਲ ਤੋਂ ਵੱਧ ਵੱਖ-ਵੱਖ ਛੋਟੇ ਛੋਟੇ ਕਬੀਲਿਆਂ ਦੀ ਗ਼ੁਲਾਮੀ ਸਹਿਣੀ ਪਈ। ਬ੍ਰਾਹਮਣ ਵਲੋਂ ਇਕੱਠਾ ਕੀਤਾ ਸਾਰਾ ਸੋਨਾ, ਸਾਰੇ ਹੀਰੇ ਜਵਾਹਰਾਤ ਹੀ ਨਹੀਂ, ਭਾਰਤ ਦੀ ਜਵਾਨੀ, ਜਿਸ ਨੇ ਭਾਰਤ ਦੀ ਤਕਦੀਰ ਬਦਲਣੀ ਸੀ, ਉਹ ਵੀ ਵਿਦੇਸ਼ਾਂ ਵਿਚ ਟਕੇ-ਟਕੇ ਵਿਚ ਵਿਕਦੀ ਰਹੀ।

ਇਸ ਕਾਰਨ ਬਾਬੇ ਨਾਨਕ ਨੇ ਇਸ ਇਕ ਪੱਖੀ ਵਿਆਖਿਆ ਨੂੰ ਰੱਦ ਕਰਦੇ ਹੋਏ ਇਨ੍ਹਾਂ ਲਫ਼ਜ਼ਾਂ ਨਾਲ ਸੰਸਾਰ ਦੀ ਨਾਸ਼ਵਾਨਤਾ ਨੂੰ ਮੰਨਦੇ ਹੋਏ ਵੀ ਸੰਸਾਰ ਨੂੰ ਬਿਲਕੁਲ ਧੂਏਂ ਦਾ ਪਹਾੜ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ

'' ਆਪਿ ਸਤਿ ਕੀਆ ਸਭੁ ਸਤਿ ||'' (284)

ਯਾਨੀ ਉਹ ਆਪ ਵੀ ਸੱਚਾ ਹੈ, ਉਸ ਦੀ ਬਣਾਈ ਹਰ ਚੀਜ਼ ਵੀ ਸੱਚੀ ਹੈ, ਘਟੋ ਘੱਟ ਤਦ ਤਕ ਜਦ ਤਕ ਇਹ ਸ੍ਰਿਸ਼ਟੀ ਦੀ ਖੇਡ ਕਾਇਮ ਹੈ। ਇਸ ਤੋਂ ਭੱਜਣ ਵਾਲੇ ਉਸ ਸੱਚ ਨਾਲ ਨਹੀਂ ਜੁੜੇ ਹੋਏ। ਬਾਬਾ ਨਾਨਕ ਦਸਦੇ ਹਨ

''ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ||'' (364)

ਯਾਨੀ ਇਹ ਜਗ ਹੀ ਸੱਚੇ ਦਾ ਨਿਵਾਸ ਅਸਥਾਨ ਹੈ ਅਤੇ ਇਸ ਦੇ ਕਣ-ਕਣ ਵਿਚ ਉਸ ਸੱਚੇ ਪ੍ਰਮਾਤਮਾ ਦਾ ਵਾਸਾ ਹੈ ਤੇ ਉਸ ਨੂੰ ਲੱਭਣ ਲਈ ਕਿਤੇ ਭੱਜਣ ਦੀ ਲੋੜ ਨਹੀਂ, ਸੰਸਾਰ ਨੂੰ ਤਿਆਗਣ ਦੀ ਲੋੜ ਨਹੀਂ। ਸੰਸਾਰ ਤੋਂ ਭੱਜਿਆਂ, ਉਸ ਸੱਚ ਦੀ, ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਸੰਸਾਰ ਵਿਚ ਵਿਚਰਦਿਆਂ ਸੰਸਾਰ ਦਾ ਕਾਰ ਵਿਹਾਰ ਕਰਦਿਆਂ ਹੀ ਉਸ ਸੱਚ ਦੀ ਪ੍ਰਾਪਤੀ ਹੋ ਸਕਦੀ ਹੈ ਜਿਵੇਂ ਕਿ

''ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆਂ ਸੁਖ ਭੁੰਚੁ||

ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ||'' (522)

ਇਹ ਹੈ ਬਾਬੇ ਨਾਨਕ ਦੀ ਉਸ ਸੱਚੇ ਨੂੰ ਮਿਲਣ ਦੀ ਜੁਗਤ ਯਾਨੀ ਸੱਭ ਤੋਂ ਪਹਿਲਾ ਅਸਥਾਨ ਉੱਦਮ ਦਾ ਹੈ, ਕਿਰਤ ਦਾ ਹੈ, ਹੱਥੀਂ ਕੰਮ ਕਰਨ ਦਾ ਹੈ। ਨਾਨਕ ਦੇ ਪੰਥ ਵਿਚ ਵਿਹਲੜਾਂ ਲਈ ਕੋਈ ਥਾਂ ਨਹੀਂ, ਹਰ ਬੰਦੇ ਨੂੰ ਕਿਰਤ ਕਮਾਈ ਕਰਨੀ ਚਾਹੀਦੀ ਹੈ ਤਾਂ ਹੀ ਇਹ ਸੰਸਾਰ, ਇਹ ਸਮਾਜ ਤਰੱਕੀ ਕਰ ਸਕਦਾ ਹੈ। ਦੁਨੀਆਂ ਦੇ ਇਹ ਸਾਰੇ ਸੁਖ ਦੇ ਸਾਧਨ ਉੱਦਮ, ਕਿਰਤ ਦੀ ਹੀ ਦੇਣ ਹਨ। ਬਾਬੇ ਨਾਨਕ ਨੇ ਪੰਥ ਵਿਚੋਂ ਮਾਇਆ ਨੂੰ ਖ਼ਾਰਜ ਨਹੀਂ ਕੀਤਾ, ਰੱਦ ਨਹੀਂ ਕੀਤਾ। ਜੇ ਰੱਦ ਕੀਤਾ ਹੈ ਤਾਂ ਮਾਇਆ ਕਮਾਉਣ ਦੇ ਉਸ ਢੰਗ ਨੂੰ ਰੱਦ ਕੀਤਾ ਹੈ ਜਿਸ ਢੰਗ ਨਾਲ ਦੂਸਰੇ ਦਾ ਹੱਕ ਮਾਰ ਕੇ ਮਾਇਆ ਇਕੱਠੀ ਕੀਤੀ ਜਾਵੇ। ਹੱਕ ਹਲਾਲ ਤੇ ਮਿਹਨਤ ਦੀ ਕਮਾਈ ਬੰਦੇ ਲਈ ਜਾਇਜ਼ ਹੈ।

ਬਾਬੇ ਨਾਨਕ ਨੇ ਇਸ ਕਮਾਈ ਹੋਈ ਮਾਇਆ ਨਾਲ ਸੁਖ ਭੋਗਣ ਨੂੰ ਵੀ ਮਨ੍ਹਾਂ ਨਹੀਂ ਕੀਤਾ ਪਰ ਉੁਨ੍ਹਾਂ ਸੁੱਖਾਂ ਵਿਚ ਸਮਾਜ ਦੀ ਬੁਰਾਈ ਲਈ ਕੋਈ ਥਾਂ ਨਹੀਂ ਬਲਕਿ ਆਪ ਨੇ ਅਪਣੇ ਜੀਵਨ ਕਾਲ ਵਿਚ ਹੀ ਅਪਣੇ ਕਰਮਾਂ ਦੁਆਰਾ, ਅਜਿਹੀ ਮਾਇਆ ਨੂੰ ਸਮਾਜਕ ਭਲਾਈ ਲਈ ਵਰਤਣ ਦੀ ਤਾਕੀਦ ਕੀਤੀ ਹੈ। ਬਾਬੇ ਨਾਨਕ ਨੇ ਮਾਇਆ ਦੇ ਤਿਆਗ ਦੀ ਗੱਲ ਨਹੀਂ ਕੀਤੀ ਬਲਕਿ ਮਾਇਆ ਕਾਰਨ ਬੰਦੇ ਵਿਚ ਆਉਣ ਵਾਲੀਆਂ ਬੁਰਾਈਆਂ ਦੇ ਤਿਆਗ ਦੀ ਗੱਲ ਕੀਤੀ ਹੈ ਤੇ ਮਾਇਆ ਦੀ ਸਹੀ ਵਰਤੋਂ ਦੀ ਗੱਲ ਕੀਤੀ ਹੈ। ਇਸ ਤਰ੍ਹਾਂ, ਉੱਦਮ ਦਵਾਰਾ ਤੰਦਰੁਸਤ ਬਣਾਏ ਸਰੀਰ ਰਾਹੀਂ, ਕਮਾਈ ਕਰ ਕੇ ਦੁਨਿਆਵੀ ਲੋੜਾਂ ਵਲੋਂ ਬੇਫ਼ਿਕਰ ਹੋ ਕੇ ਪ੍ਰਮਾਤਮਾ, ਉਸ ਸੱਚ ਨੂੰ ਧਿਆਉਣ (ਧਿਆਉਣ ਬਾਰੇ ਵੀ ਅੱਗੇ ਚੱਲ ਕੇ ਖੁਲ੍ਹੀਆਂ ਵਿਚਾਰਾਂ ਹੋਣਗੀਆਂ) ਦੀ, ਉਸ ਨੂੰ ਯਾਦ ਰੱਖਣ ਦੀ, ਉਸ ਨਾਲ ਜੁੜਨ ਦੀ, ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਤਾਕੀਦ ਕੀਤੀ ਹੈ। ਫਿਰ ਇਸ ਤਰ੍ਹਾਂ ਪ੍ਰਮਾਤਮਾ ਨੂੰ ਮਿਲ ਕੇ ਭਵਜਲ ਦੀ ਚਿੰਤਾ ਦੂਰ ਕਰ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ, ਆਵਾਗਵਣ ਤੋਂ ਮੁਕਤੀ ਮਿਲ ਸਕਦੀ ਹੈ।

ਲੇਖਕ: ਜੋਗਿੰਦਰ ਸਿੰਘ