ਸੋ ਦਰ ਤੇਰਾ ਕੇਹਾ - ਕਿਸਤ - 17

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਬਾਬਾ ਨਾਨਕ ਬਾਰੇ ਇਕ ਗੱਲ ਸਮਝ ਕੇ ਚਲਣਾ ਪੈਂਦਾ ਹੈ ਕਿ ਆਪ 'ਯੁਗ-ਪੁਰਸ਼' ਸਨ।

So Dar Tera Keha

ਅਧਿਆਏ - 13

ਸੋ ਦਰੁ ਰਾਗੁ ਆਸਾ ਮਹਲਾ ੧
ੴ ਸਤਿਗੁਰ ਪ੍ਰਸਾਦਿ ||
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ
ਜਿਤੁ ਬਹਿ ਸਰਬ ਸਮਾਲੇ ||

ਬਾਬਾ ਨਾਨਕ ਬਾਰੇ ਇਕ ਗੱਲ ਸਮਝ ਕੇ ਚਲਣਾ ਪੈਂਦਾ ਹੈ ਕਿ ਆਪ 'ਯੁਗ-ਪੁਰਸ਼' ਸਨ। ਯੁਗ-ਪੁਰਸ਼ ਉਹ ਹੁੰਦਾ ਹੈ ਜੋ ਪਹਿਲੀਆਂ ਸਾਰੀਆਂ ਮਨੌਤਾਂ ਨੂੰ ਰੱਦ ਕਰ ਕੇ ਇਕ ਅਸਲੋਂ ਨਵੇਂ ਰਾਹ ਦਾ ਪਤਾ ਦੇਂਦਾ ਹੈ। ਕੁਦਰਤੀ ਹੈ ਕਿ ਯੁਗ ਪੁਰਸ਼ ਨੂੰ ਹਰ ਕਦਮ ਤੇ ਇਹ ਸਵਾਲ ਕੀਤਾ ਜਾਂਦਾ ਹੈ ਕਿ, ''ਜੇ ਪਹਿਲਾਂ ਮੰਨੀ ਜਾਂਦੀ ਮਨੌਤ ਸੱਚ ਨਹੀਂ ਹੈ ਤਾਂ ਹੇ ਯੁਗ ਪੁਰਸ਼, ਤੇਰੀ ਨਜ਼ਰ ਵਿਚ ਸੱਚ ਕੀ ਹੈ?''

'ਜਪੁ ਜੀ' ਵਿਚ ਬਾਬਾ ਨਾਨਕ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿਤੇ ਹਨ। ਇਸੇ ਲਈ ਮੰਨਿਆ ਜਾਂਦਾ ਹੈ ਕਿ ਜਿਸ ਕਿਸੇ ਨੇ ਜਪੁਜੀ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਠੀਕ ਢੰਗ ਨਾਲ ਸਮਝ ਲਈਆਂ, ਉਸ ਨੂੰ ਨਾਨਕ-ਬਾਣੀ ਸਮਝਣ ਵਿਚ ਕੋਈ ਔਕੜ ਨਹੀਂ ਆਵੇਗੀ। ਠੀਕ ਇਸੇ ਤਰ੍ਹਾਂ ਅਸੀ ਕਹਿ ਸਕਦੇ ਹਾਂ ਕਿ ਜਿਸ ਕਿਸੇ ਨੇ 'ਸੋ ਦਰੁ' ਸ਼ਬਦ ਦੇ ਅਰਥ ਠੀਕ ਤਰ੍ਹਾਂ ਨਾਲ ਸਮਝ ਲਏ, ਉਸ ਨੂੰ ਗੁਰਬਾਣੀ ਬਾਰੇ ਪਾਏ ਗਏ ਟਪਲੇ ਤੇ ਭੁਲੇਖੇ ਕੁਰਾਹੇ ਨਹੀਂ ਲਿਜਾ ਸਕਦੇ। ਇਸੇ ਲਈ ਇਸ ਸ਼ਬਦ ਦੀ ਜ਼ਰਾ ਵਿਸਥਾਰ ਨਾਲ ਵਿਆਖਿਆ ਕਰਨ ਦੀ ਲੋੜ ਹੈ। ਪਰ ਵਿਆਖਿਆ ਤੋਂ ਪਹਿਲਾਂ, ਦੋ ਤਿੰਨ ਜ਼ਰੂਰੀ ਗੱਲਾਂ ਵੀ ਨੋਟ ਕਰਨੀਆਂ ਅਤਿ ਆਵੱਸ਼ਕ ਹਨ।

ਆਮ ਲੋਕਾਂ ਲਈ : ਪਹਿਲੀ ਗੱਲ ਕਿ ਭਾਵੇਂ ਬਾਬੇ ਨਾਨਕ ਨੇ ਬੜੀ ਗੰਭੀਰ ਅਤੇ ਵਿਦਵਤਾ ਦੀਆਂ ਸਿਖਰਾਂ ਛੂਹਣ ਵਾਲੀ ਵਿਚਾਰਧਾਰਾ ਸੰਸਾਰ ਨੂੰ ਦਿਤੀ ਪਰ ਦਿਤੀ ਇਸ ਤਰ੍ਹਾਂ ਕਿ ਆਮ, ਸਾਧਾਰਣ ਆਦਮੀ ਨੂੰ ਵੀ ਇਸ ਦੀ ਸਮਝ ਆ ਜਾਏ। ਬਾਬੇ ਨਾਨਕ ਤੋਂ ਪਹਿਲਾਂ, ਬ੍ਰਾਹਮਣਾਂ ਨੇ ਤਾਂ ਆਮ ਆਦਮੀ ਲਈ ਧਾਰਮਕ ਗ੍ਰੰਥ ਪੜ੍ਹਨ ਉਤੇ ਹੀ ਪਾਬੰਦੀ ਲਾਈ ਹੋਈ ਸੀ ਤੇ ਇਹ ਸਾਰੇ ਗ੍ਰੰਥ ਸੰਸਕ੍ਰਿਤ ਵਿਚ ਲਿਖੇ ਗਏ ਸਨ ਤਾਕਿ ਆਮ ਆਦਮੀ ਇਸ ਨੂੰ ਚੋਰੀ ਵੀ ਨਾ ਪੜ੍ਹ ਸਕੇ (ਕ੍ਰਿਤ ਦਾ ਅਰਥ ਹੈ ਘੜੀ ਗਈ, ਬਨਾਵਟੀ, ਜੋ ਲੋਕਾਂ ਦੀ ਭਾਸ਼ਾ ਵਜੋਂ ਕੁਦਰਤੀ ਤੌਰ 'ਤੇ ਪੈਦਾ ਨਹੀਂ ਸੀ ਹੋਈ ਸਗੋਂ ਬ੍ਰਾਹਮਣ ਵਿਦਵਾਨਾਂ ਨੇ ਨਕਲੀ ਬਣਾਈ ਸੀ ਤਾਕਿ ਇਸ ਨੂੰ ਆਮ ਆਦਮੀ ਸਮਝ ਨਾ ਸਕੇ। ਇਸ ਨੂੰ 'ਪਵਿੱਤਰ' ਭਾਸ਼ਾ ਦੱਸਣ ਲਈ 'ਦੇਵ ਭਾਸ਼ਾ' ਅਰਥਾਤ ਦੇਵਤਿਆਂ ਦੀ ਭਾਸ਼ਾ ਕਹਿ ਦਿਤਾ ਗਿਆ)। ਇਸ ਦੇ ਉਲਟ, ਬਾਬਾ ਨਾਨਕ ਨੇ ਬਾਣੀ ਲਿਖਣ ਲਈ ਆਮ ਲੋਕਾਂ ਦੀ ਭਾਸ਼ਾ ਅਰਥਾਤ ਪੰਜਾਬੀ ਭਾਸ਼ਾ- ਵਿਚ ਸਾਰੀ ਬਾਣੀ ਲਿਖੀ ਤੇ ਲਿਖੀ ਵੀ ਇਸ ਤਰ੍ਹਾਂ ਕਿ ਆਮ ਆਦਮੀ ਦੀ ਸਮਝ ਵਿਚ ਵੀ ਆ ਜਾਏ।

ਲੋਕਾਂ ਦੀਆਂ ਧਾਰਣਾਵਾਂ ਵਿਚ : ਆਮ ਲੋਕਾਂ ਤਕ ਗੱਲ ਪਹੁੰਚਾਉਣ ਲਈ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਉੁਨ੍ਹਾਂ ਲੋਕ-ਧਾਰਣਾਵਾਂ ਵਿਚ ਗੱਲ ਕੀਤੀ ਜਾਵੇ ਜੋ ਪਹਿਲਾਂ ਹੀ ਲੋਕਾਂ ਵਿਚ ਹਰਮਨ ਪਿਆਰੀਆਂ ਹੋ ਚੁਕੀਆਂ ਹੁੰਦੀਆਂ ਹਨ। ਮਿਸਾਲ ਦੇ ਤੋਰ ਤੇ ਪਿੰਡਾਂ ਵਿਚ ਅਕਸਰ 'ਵੱਡਾ ਤੇਰਾ ਇਕਬਾਲ ਚੌਧਰੀ' ਦੀ ਹੇਕ ਲਾ ਕੇ, ਕਵਿਤਾ ਗਾ ਕੇ, ਉਹ ਸੱਚ ਸੁਣਾ ਲਿਆ ਜਾਂਦਾ ਹੈ ਜੋ ਸਿੱਧੇ ਤੌਰ ਤੇ ਸੁਣਾਉਣਾ 'ਬੇ-ਅਦਬ' ਲਗਦਾ ਹੈ। ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਵਿਚ ਲੋਕਾਂ ਵਿਚ ਪ੍ਰਚਲਿਤ ਕਾਵਿ-ਪ੍ਰਣਾਲੀਆਂ ਨੂੰ ਬਾਬਾ ਜੀ ਨੇ ਬੜੀ ਖ਼ੂਬਸੂਰਤੀ ਨਾਲ ਵਰਤਿਆ ਹੈ। ਇਹੀ ਕਾਰਨ ਸੀ ਕਿ ਬਾਬਾ ਨਾਨਕ ਅੱਜ ਤਕ ਦੇ ਇਕੋ ਇਕ 'ਪ੍ਰਚਾਰਕ' ਹੋਏ ਹਨ ਜਿਨ੍ਹਾਂ ਘੁੰਮਦਿਆਂ ਫਿਰਦਿਆਂ ਹੀ, 2 ਕਰੋੜ ਤੋਂ ਵੱਧ ਸਿੱਖ ਅਪਣੇ ਤੌਰ 'ਤੇ ਬਣਾ ਲਏ। ਇਸ ਤੋਂ ਇਲਾਵਾ, ਇਸਲਾਮੀ, ਹਿੰਦੂ ਤੇ ਬੋਧੀ ਸੰਸਾਰ ਵਿਚ, ਹਰ ਉਸ ਧੁਰੰਦਰ ਵਿਦਵਾਨ ਨੂੰ ਵੀ ਉਨ੍ਹਾਂ ਨੇ ਜਿੱਤ ਲਿਆ ਜੋ ਉੁਨ੍ਹਾਂ ਦੇ ਸਾਹਮਣੇ ਆਇਆ। ਬਾਬਾ ਨਾਨਕ ਜੀ ਨੂੰ ਇਹ ਸਫ਼ਲਤਾ ਆਮ ਲੋਕਾਂ ਦੀ ਸਮਝ ਵਿਚ ਆਉਣ ਵਾਲੀ ਸ਼ੈਲੀ ਤੇ ਭਾਸ਼ਾ ਵਿਚ ਗੱਲ ਕਰਨ ਸਦਕਾ ਹੀ ਪ੍ਰਾਪਤ ਹੋਈ। ਉਪ੍ਰੋਕਤ ਚਰਚਾ ਇਹ ਸਮਝਣ ਲਈ ਕੀਤੀ ਗਈ ਹੈ ਕਿ 'ਸੋ ਦਰੁ' ਸ਼ਬਦ ਵਿਚ ਵੀ ਇਕ ਆਮ ਪ੍ਰਚਲਤ ਕਾਵਿ-ਵਨਗੀ ਦਾ ਪ੍ਰਯੋਗ ਬੜੇ ਕਮਾਲ ਨਾਲ ਕੀਤਾ ਗਿਆ ਹੈ ਪਰ ਉਸ ਬਾਰੇ ਵਿਚਾਰ ਅਸੀ ਮਗਰੋਂ ਕਰਾਂਗੇ।

ਬਿਆਨ ਅਤੇ ਦ੍ਰਿਸ਼ਟਾਂਤ : ਸਾਡੇ ਰਵਾਇਤੀ ਕਥਾਕਾਰ, ਇਕ ਸ਼ਬਦ ਵਿਚਲੇ ਹਰ ਅੱਖਰ ਨੂੰ ਬਾਬੇ ਨਾਨਕ ਦਾ ਬਿਆਨ ਮੰਨ ਕੇ ਕਥਾ ਕਰਦੇ ਹਨ। ਗੁਰਬਾਣੀ ਬਾਰੇ ਅਪਣਾਈ ਗਈ ਇਹ ਪਹੁੰਚ ਹੀ ਬਹੁਤੇ ਟਪਲਿਆਂ ਦਾ ਮੂਲ ਕਾਰਨ ਬਣਦੀ ਹੈ। ਬਾਬਾ ਨਾਨਕ ਉਸ ਕਾਵਿ- ਵਨਗੀ ਦਾ ਪ੍ਰਯੋਗ ਖੁਲ੍ਹ ਕੇ ਕਰਦੇ ਹਨ ਜਿਸ ਵਿਚ ਬਿਆਨ ਕੀਤਾ ਸਿਧਾਂਤ ਜਾਂ ਸੰਦੇਸ਼ ਆਮ ਲੋਕਾਂ ਦੀ ਸਮਝ ਵਿਚ ਛੇਤੀ ਆ ਜਾਵੇ ਅਤੇ ਦ੍ਰਿਸ਼ਟਾਂਤ ਵੀ ਉਹ ਦੇਂਦੇ ਹਨ ਜੋ ਸਮਾਂ ਬੀਤਣ ਨਾਲ ਲੋਕ-ਮਨਾਂ ਵਿਚ ਥਾਂ ਮੱਲ ਚੁੱਕੇ ਹੁੰਦੇ ਹਨ। ਦ੍ਰਿਸ਼ਟਾਂਤ ਦੇਣ ਲਗਿਆਂ ਕਵੀ ਇਹ ਨਹੀਂ ਵੇਖਦਾ ਕਿ ਜਿਹੜਾ ਦ੍ਰਿਸ਼ਟਾਂਤ ਦਿਤਾ ਜਾ ਰਿਹਾ ਹੈ, ਉਹ ਸਚਮੁਚ ਘਟੀ ਕੋਈ ਘਟਨਾ ਸੀ ਜਾਂ ਕਿਸੇ ਸ਼ਾਇਰ/ਲੇਖਕ ਦੀ ਕਲਪਨਾ 'ਚੋਂ ਪੈਦਾ ਹੋਇਆ ਕੋਈ ਪਾਤਰ। ਉਸ ਦਾ ਧਿਆਨ ਤਾਂ ਬਸ ਅਪਣੇ ਬਿਆਨ ਨੂੰ ਲੋਕ-ਮਨਾਂ ਵਿਚ ਵਸਾਉਣਾ ਹੁੰਦਾ ਹੈ ਤੇ ਉਹ ਲੋਕ ਮਨਾਂ ਵਿਚ ਵਸੇ ਝੂਠੇ ਸੱਚੇ ਜਾਂ ਕਾਲਪਨਿਕ ਦ੍ਰਿਸ਼ਟਾਂਤਾਂ ਨੂੰ ਕੇਵਲ ਸਾਧਨ ਵਜੋਂ ਵਰਤਦਾ ਹੈ। ਕਵਿਤਾ ਦੀਆਂ ਸਾਰੀਆਂ ਵਨਗੀਆਂ ਦੀ ਸਮਝ ਨਾ ਰੱਖਣ ਵਾਲਾ ਜਾਂ ਉਨ੍ਹਾਂ ਨੂੰ ਅਣਗੌਲਿਆਂ ਕਰਨ ਵਾਲਾ ਕਥਾਕਾਰ, ਇਸੇ ਲਈ, ਨਾਨਕ ਬਾਣੀ ਨੂੰ ਠੀਕ ਤਰ੍ਹਾਂ ਬਿਆਨ ਨਹੀਂ ਕਰ ਸਕਦਾ। ਕਵਿਤਾ ਵਿਚ ਇਕ ਹੋਰ ਵਨਗੀ ਇਹ ਵੀ ਹੁੰਦੀ ਹੈ ਕਿ ਇਕ ਵਿਸ਼ੇ ਬਾਰੇ ਜੋ ਵਿਚਾਰ ਪਹਿਲਾਂ ਤੋਂ ਬਣੇ ਹੋਏ ਹਨ, ਉਨ੍ਹਾਂ ਨੂੰ ਸਿੱਧਾ ਰੱਦ ਕਰਨ ਦੀ ਬਜਾਏ, ਕਾਵਿ-ਵਿਧੀ ਰਾਹੀਂ ਅਛੋਪਲੇ ਜਹੇ, ਤੇ ਸ਼ੋਚ ਮਚਾਏ ਬਿਨਾਂ, ਸਾਊ ਢੰਗ ਨਾਲ ਰੱਦ ਕਰ ਦਿਤਾ ਜਾਏ। ਇਹ ਵਿਧੀ 'ਸੋ ਦਰੁ' ਵਾਲੇ ਸ਼ਬਦ ਵਿਚ ਵੀ ਅਪਣਾਈ ਗਈ ਹੈ। (ਚਲਦਾ)…..

ਲੇਖਕ: ਜੋਗਿੰਦਰ ਸਿੰਘ