ਸੋ ਦਰ ਤੇਰਾ ਕੇਹਾ - ਕਿਸਤ - 18

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਉਪ੍ਰੋਕਤ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰਖਦੇ ਹੋਏ, ਹੁਣ ਅਸੀ 'ਸੋ ਦਰੁ ਤੇਰਾ ਕੇਹਾ' ਦੇ ਅਰਥਾਂ ਵਲ ਆਉਂਦੇ ਹਾਂ।

So Dar Tera Keha

ਅੱਗੇ.....

'ਸੋ ਦਰੁ' ਹੈ ਕੀ?

ਉਪ੍ਰੋਕਤ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰਖਦੇ ਹੋਏ, ਹੁਣ ਅਸੀ 'ਸੋ ਦਰੁ ਤੇਰਾ ਕੇਹਾ' ਦੇ ਅਰਥਾਂ ਵਲ ਆਉਂਦੇ ਹਾਂ। ਕਵਿਤਾ ਵਿਚ 'ਤੇਰਾ' ਅੱਖਰ ਆ ਜਾਣ ਦਾ ਮਤਲਬ ਇਹ ਨਹੀਂ ਕਿ ਅਕਾਲ ਪੁਰਖ ਨੂੰ ਦਸਿਆ ਜਾ ਰਿਹਾ ਹੈ ਕਿ ਉਸ ਦਾ ਦਰ ਘਰ ਕਿਹੋ ਜਿਹਾ ਹੈ। ਨਹੀਂ, ਇਹ ਤਾਂ ਜਗਿਆਸੂ ਦੇ ਪ੍ਰਸ਼ਨ ਦਾ ਜਵਾਬ ਮਾਤਰ ਹੈ। ਜਗਿਆਸੂ ਜਾਣਨਾ ਚਾਹੁੰਦਾ ਹੈ ਕਿ ਨਾਨਕ ਦੀਆਂ ਨਜ਼ਰਾਂ ਵਿਚ, ਅਕਾਲ ਪੁਰਖ ਦਾ ਦਰ ਘਰ ਕਿਹੋ ਜਿਹਾ ਹੈ ਜਿਥੇ ਬੈਠ ਕੇ ਉਹ ਸੱਭ ਦੀ ਪ੍ਰਤਿਪਾਲਣਾ ਕਰਦਾ ਹੈ। ਕਵਿਤਾ ਵਿਚ 'ਤੇਰਾ' ਸ਼ਬਦ ਪ੍ਰਮਾਤਮਾ ਲਈ ਹੀ ਵਰਤਿਆ ਜਾਂਦਾ ਹੈ ਤੇ ਇਸ ਦਾ ਅਰਥ 'ਉਸ ਦਾ' ਹੀ ਹੁੰਦਾ ਹੈ। ਮੋਦੀਖ਼ਾਨੇ ਵਿਚ, ਗਾਹਕਾਂ ਨੂੰ ਅਨਾਜ ਦੇਣ ਵਾਲਾ ਬਾਬਾ ਨਾਨਕ 'ਤੇਰਾ ਤੇਰਾ' ਉਚਾਰਦਾ ਹੋਇਆ ਵੀ, ਹਰ ਤਰ੍ਹਾਂ ਦੀਆਂ ਗੱਲਾਂ ਆਮ ਲੋਕਾਂ ਨਾਲ ਕਰਦਾ ਸੀ ਤੇ ਪੈਸੇ ਵੀ ਲੈਂਦਾ ਰਹਿੰਦਾ ਸੀ। ਬਾਬਾ ਨਾਨਕ ਇਨ੍ਹਾਂ ਲੋਕਾਂ ਨੂੰ 'ਤੇਰਾ' ਨਹੀਂ ਸਨ ਕਹਿ ਰਹੇ ਸਗੋਂ 'ਉਸ ਪ੍ਰਮੇਸ਼ਰ' ਨੂੰ ਹੀ ਸੰਬੋਧਨ ਕਰ ਰਹੇ ਸਨ। ਕਵਿਤਾ ਵਿਚ ਇਹ ਢੰਗ ਆਮ ਵਰਤਿਆ ਗਿਆ ਹੈ ਤੇ ਇਸ ਦੀਆਂ ਸੈਂਕੜੇ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ। ਉਰਦੂ, ਫ਼ਾਰਸੀ ਕਵਿਤਾ ਵਿਚ ਤਾਂ ਅਜਿਹੀਆਂ ਮਿਸਾਲਾਂ ਦੀ ਭਰਮਾਰ ਹੈ।

ਉਂਜ ਗੁਰਬਾਣੀ ਦੀ ਜ਼ਰਾ ਜਿੰਨੀ ਵਾਕਫ਼ੀਅਤ ਰੱਖਣ ਵਾਲਾ ਵੀ ਜਾਣਦਾ ਹੈ ਕਿ 'ਸੋ ਦਰੁ' ਕਿਹੜਾ ਹੈ। ਇਸ ਦਾ ਗੁਰਮਤਿ ਅਨੁਸਾਰ, ਦੋ-ਹਰਫ਼ੀ ਜਵਾਬ ਇਹੀ ਹੈ ਕਿ ਉਹ ਕਣ ਕਣ ਵਿਚ ਰਮਿਆ ਹੋਇਆ ਹੈ ਤੇ ਉਹ ਹਰ ਥਾਂ ਹੀ ਮੌਜੂਦ ਹੈ ਪਰ ਉਸ ਦਾ ਕੋਈ ਵਖਰਾ ਇਕ ਟਿਕਾਣਾ ਨਹੀਂ ਹੈ। ਹਾਂ, ਪੁਰਾਤਨ ਧਰਮ ਗ੍ਰੰਥਾਂ ਵਿਚ 'ਉਸ' ਦਾ ਇਕ ਟਿਕਾਣਾ ਦਸਿਆ ਹੋਇਆ ਹੈ, ਇਸੇ ਲਈ ਇਹ ਸਵਾਲ ਪੁਛਿਆ ਜਾਣਾ ਜਾਰੀ ਹੈ ਕਿ ਉਹ ਦਰ ਕਿਹੜਾ ਹੈ ਜਿਥੇ ਬੈਠ ਕੇ ਸਾਰੀ ਦੁਨੀਆਂ ਦੀ ਉਹ ਸੰਭਾਲ ਕਰਦਾ ਹੈ। ਕੁੱਝ ਗ੍ਰੰਥ ਕਹਿੰਦੇ ਹਨ, ਉਹ ਸਤਵੇਂ ਅਸਮਾਨ ਵਿਚ ਰਹਿੰਦਾ ਹੈ (ਇਸਲਾਮ) ਤੇ ਦੂਜੇ ਧਰਮ ਗ੍ਰੰਥ ਕਹਿੰਦੇ ਹਨ ਕਿ 'ਉਹ' ਸਵਰਗ-ਲੋਕ ਵਿਚ ਦੇਵਤਿਆਂ ਨਾਲ ਰਹਿੰਦਾ ਹੈ (ਹਿੰਦੂ ਫ਼ਲਸਫ਼ਾ) ਅਤੇ ਕੁਲ ਤਿੰਨ 'ਲੋਕ' ਹਨ - ਮਾਤ-ਲੋਕ, ਸਵਰਗ-ਲੋਕ (ਉਪਰ) ਤੇ ਪਾਤਾਲ-ਲੋਕ (ਹੇਠਾਂ)।

ਏਨਾ ਹੀ ਨਹੀਂ, ਪੁਰਾਤਨ ਧਰਮਾਂ ਨੇ ਲੋਕਾਂ ਦੇ ਮਨਾਂ ਅੰਦਰ ਇਕ ਤਸਵੀਰ ਵੀ ਬਣਾ ਦਿਤੀ ਹੋਈ ਹੈ ਕਿ ਇਕ ਬਹੁਤ ਹੀ ਸੁੰਦਰ ਮਹਿਲ ਵਿਚ, 'ਉਹ' ਰਾਜਿਆਂ ਵਾਂਗ ਬੈਠਾ ਹੁੰਦਾ ਹੈ ਤੇ ਦਰਬਾਰੀਆਂ ਨਾਲ ਘਿਰਿਆ ਹੁੰਦਾ ਹੈ ਜਿਥੇ ਚਿਤਰਗੁਪਤ ਮਾਤ-ਲੋਕ 'ਚੋਂ ਮਰ ਕੇ ਆਉਣ ਵਾਲਿਆਂ ਦਾ ਲੇਖਾ ਜੋਖਾ ਦੇਂਦਾ ਰਹਿੰਦਾ ਹੈ। ਉਥੇ ਰਾਗ-ਰੰਗ ਹਰ ਸਮੇਂ ਚਲਦਾ ਰਹਿੰਦਾ ਹੈ ਤੇ ਯੋਧੇ, ਦੇਵਤੇ ਉਸ ਦਰਬਾਰ ਦਾ ਸ਼ਿੰਗਾਰ ਬਣੇ ਰਹਿੰਦੇ ਹਨ।

ਬਾਬਾ ਨਾਨਕ ਕਹਿੰਦੇ ਹਨ, ਇਹ ਸੱਭ ਝੂਠ ਹੈ ਤੇ ਕੋਰੀ ਕਲਪਨਾ ਹੈ ਪਰ ਆਪ ਇਸ ਸ਼ਬਦ ਵਿਚ ਇਹ ਗੱਲ ਉਪਰ ਦੱਸੇ ਕਾਵਿਕ ਢੰਗ ਨਾਲ ਕਹਿੰਦੇ ਹਨ। ਪ੍ਰੋ: ਸਾਹਿਬ ਸਿੰਘ ਵਰਗੇ ਸਾਡੇ ਸ਼੍ਰੋਮਣੀ ਵਿਆਖਿਆਕਾਰ ਅਤੇ ਵਿਦਵਾਨ ਟਪਲਾ ਉਦੋਂ ਖਾ ਜਾਂਦੇ ਹਨ ਜਦੋਂ ਉਹ ਪ੍ਰਸ਼ਨ ਉੱਤਰ ਨੂੰ ਆਪਸ ਵਿਚ ਰਲਗੱਡ ਕਰ ਕੇ, ਅਰਥ ਕਰਨ ਸਮੇਂ, ਸਾਰੇ ਕੁੱਝ ਨੂੰ ਬਾਬਾ ਨਾਨਕ ਦੇਵ ਦਾ ਬਿਆਨ ਦੱਸਣ ਲਗਦੇ ਹਨ। (ਚਲਦਾ).....

ਲੇਖਕ: ਜੋਗਿੰਦਰ ਸਿੰਘ