ਸੋ ਦਰ ਤੇਰਾ ਕੇਹਾ - ਕਿਸਤ - 21

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਅਨੁਸਾਰ, ਬਾਬਾ ਨਾਨਕ ਜੀ ਨੇ 'ਸੋ ਦਰੁ' ਅਰਥਾਤ ਅਕਾਲ ਪੁਰਖ ਦੇ ਦਰ ਬਾਰੇ ਇਹ ਬਿਆਨ ਦਿਤੇ ਹਨ

So Dar Tera Keha

ਅੱਗੇ.........

ਕੀ ਇਹ ਬਿਆਨ ਬਾਬਾ ਨਾਨਕ ਦੇ ਹੋ ਸਕਦੇ ਹਨ?

ਪ੍ਰੋ: ਸਾਹਿਬ ਸਿੰਘ ਜੀ ਦੇ ਅਰਥਾਂ ਅਨੁਸਾਰ, ਬਾਬਾ ਨਾਨਕ ਜੀ ਨੇ 'ਸੋ ਦਰੁ' ਅਰਥਾਤ ਅਕਾਲ ਪੁਰਖ ਦੇ ਦਰ ਬਾਰੇ ਇਹ ਬਿਆਨ ਦਿਤੇ ਹਨ :-
(1) ਧਰਮ ਰਾਜ (ਤੇਰੇ) ਦਰ ਤੇ ਖਲੋ ਕੇ, ਤੇਰੀ ਸਿਫ਼ਤ ਸਲਾਹ ਦੇ ਗੀਤ ਗਾ ਰਿਹਾ ਹੈ। ਉਹ ਚਿੱਤਰ ਗੁਪਤ ਵੀ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਣੇ ਜਾਣਦੇ ਹਨ ਤੇ ਜਿਨ੍ਹਾਂ ਦੇ ਲਿਖੇ ਹੋਏ ਧਰਮਰਾਜ ਵਿਚਾਰਦਾ ਹੈ....।
(2) ਅਨੇਕਾਂ ਦੇਵੀਆਂ, ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ, ਤੇਰੇ ਦਰ 'ਤੇ ਸੋਭ ਰਹੇ ਹਨ, ਤੈਨੂੰ ਗਾ ਰਹੇ ਹਨ....ਕਈ ਇੰਦਰ ਦੇਵਤੇ ਅਪਣੇ ਤਖ਼ਤ ਉਤੇ ਬੈਠੇ ਹੋਏ, ਦੇਵਤਿਆਂ ਸਮੇਤ, ਤੇਰੇ ਦਰ ਉਤੇ ਤੈਨੂੰ ਗਾ ਰਹੇ ਹਨ...
(3) ਸਿਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ... ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।
(4) ਪੰਡਤ ਅਤੇ ਮਹਾਂ ਰਿਖੀ (ਜੋ ਵੇਦਾਂ ਨੂੰ ਪੜ੍ਹਦੇ ਹਨ) ਵੇਦਾਂ ਸਣੇ ਤੇਰਾ ਹੀ ਜਸ ਗਾ ਰਹੇ ਹਨ। ਸੁੰਦਰ ਇਸਤਰੀਆਂ, ਜੋ ਅਪਣੀ ਸੁੰਦਰਤਾ ਨਾਲ ਮਨੁੱਖ ਨੂੰ ਮੋਹ ਲੈਂਦੀਆਂ ਹਨ, ਤੈਨੂੰ ਹੀ ਗਾ ਰਹੀਆਂ ਹਨ।
(5) ਸੁਰਗ ਲੋਕ, ਮਾਤ-ਲੋਕ ਅਤੇ ਪਾਤਾਲ ਲੋਕ ਤੇਰੀ ਹੀ ਵਡਿਆਈ ਕਰ ਰਹੇ ਹਨ।
(6) ਤੇਰੇ ਪੈਦਾ ਕੀਤੇ ਹੋਏ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ।
(7) ਵੱਡੇ ਬਲ ਵਾਲੇ ਜੋਧੇ ਤੇਰੀ ਹੀ ਸਿਫ਼ਤ ਗਾ ਰਹੇ ਹਨ।
ਪ੍ਰੋ: ਸਾਹਿਬ ਸਿੰਘ ਸਾਡੇ ਸਤਿਕਾਰਯੋਗ ਵਿਦਵਾਨ ਹੋਏ ਹਨ ਤੇ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਅਰਥ ਕਰਨ ਦਾ ਮੁੱਢ ਉੁਨ੍ਹਾਂ ਨੇ ਹੀ ਬੰਨ੍ਹਿਆ ਸੀ। ਪਰ ਪੂਰੇ ਸਤਿਕਾਰ ਨਾਲ, ਪਾਠਕ ਹੀ ਦੱਸਣ, ਪ੍ਰੋ: ਸਾਹਿਬ ਸਿੰਘ ਜੀ ਨੇ ਉਪ੍ਰੋਕਤ 7 ਬਿਆਨ ਜੋ ਬਾਬਾ ਨਾਨਕ ਵਲੋਂ ਕੀਤੇ ਦੱਸੇ ਹਨ, ਉਨ੍ਹਾਂ 'ਚੋਂ ਕੋਈ ਇਕ ਵੀ ਬਿਆਨ ਗੁਰਮਤਿ ਜਾਂ ਗੁਰਬਾਣੀ ਅਨੁਸਾਰ ਠੀਕ ਹੈ? ਇਸ ਤਸਵੀਰ ਨੂੰ ਵੇਖ ਕੇ ਇਹ ਨਹੀਂ ਲਗਦਾ ਕਿ ਵਾਹਿਗੁਰੂ ਅਕਾਲ ਪੁਰਖ ਦਾ ਇਹ ਦਰਬਾਰ ਤਾਂ ਇਕ ਰਾਜੇ ਦੇ ਦਰਬਾਰ ਵਰਗਾ ਹੀ ਹੈ ਤੇ ਉਸ ਦਾ ਦਰ ਇਕ ਮਹਿਲ ਵਰਗਾ ਹੀ? ਕੀ ਦੇਵਤਿਆਂ, ਅਠਾਹਠ ਤੀਰਥਾਂ, ਵੇਦਾਂ, ਸੁਰਗ ਲੋਕ, ਮਾਤ ਲੋਕ, ਪਾਤਾਲ ਲੋਕ ਨੂੰ ਗੁਰਮਤਿ ਮੰਨਦੀ ਹੈ? ਕੀ ਬਾਬਾ ਨਾਨਕ ਇਸ ਤਰ੍ਹਾਂ ਇਨ੍ਹਾਂ ਤੇ ਹੋਰ ਉੁਨ੍ਹਾਂ ਚੀਜ਼ਾਂ ਨੂੰ ਮਾਨਤਾ ਨਹੀਂ ਦੇ ਰਹੇ ਜਿਨ੍ਹਾਂ ਨੂੰ ਉਂਜ ਗੁਰਬਾਣੀ ਵਿਚ ਰੱਦ ਕੀਤਾ ਗਿਆ ਹੋਇਆ ਹੈ? ਕੀ ਬਾਬਾ ਨਾਨਕ ਇਹ ਉਪ੍ਰੋਕਤ ਸ਼ਬਦ ਲਿਖਣ ਵੇਲੇ ਹੋਰ ਤਰ੍ਹਾਂ ਸੋਚਦੇ ਸਨ ਤੇ ਮਗਰੋਂ ਉਨ੍ਹਾਂ ਦੇ ਵਿਚਾਰਾਂ ਵਿਚ ਤਬਦੀਲੀ ਆ ਗਈ ਸੀ? ਕੀ ਫਿਰ ਦੂਜਿਆਂ ਵਲੋਂ ਕੀਤਾ ਜਾਂਦਾ ਇਹ ਦਾਅਵਾ ਠੀਕ ਨਹੀਂ ਕਿ ਗੁਰਬਾਣੀ ਤਾਂ ਬ੍ਰਾਹਮਣ ਵਲੋਂ ਪ੍ਰਚਾਰੀਆਂ ਜਾਂਦੀਆਂ ਸਾਰੀਆਂ ਮਨੌਤਾਂ ਨੂੰ ਮੰਨਦੀ ਹੈ?
ਅਜਿਹਾ ਕਿਉਂ ਹੈ? ਸਾਡੀ ਨਜ਼ਰੇ, ਅਜਿਹਾ ਇਸ ਲਈ ਹੈ ਕਿਉਂਕਿ ਨਾਨਕ ਬਾਣੀ ਵਿਚ ਜਿਥੇ ਗੁਰੂ ਹਸਤੀ ਦਾ ਬਿਆਨ ਦਰਜ ਕਰਨ ਵਾਲੀ ਬਾਣੀ ਆ ਗਈ ਹੈ, ਉਥੇ ਤਾਂ ਅੱਖਰ ਅੱਖਰ ਦੇ ਸਿੱਧੇ ਅਰਥ ਕਰਨੇ ਬਹੁਤ ਆਸਾਨ ਹਨ ਤੇ ਕੋਈ ਗ਼ਲਤੀ ਨਹੀਂ ਲਗਦੀ ਪਰ ਜਿਥੇ ਬਾਬਾ ਨਾਨਕ ਨੇ ਕਾਵਿ-ਕਲਾ ਦਾ ਕੋਈ ਟੇਢਾ ਢੰਗ ਵਰਤ ਲਿਆ, ਉਥੇ ਮੁਸ਼ਕਲ ਆ ਖੜੀ ਹੋਈ ਕਿਉਂਕਿ ਉਥੇ ਵੀ 'ਬਿਆਨੀਆ ਕਵਿਤਾ' ਦੇ ਅਰਥ ਕਰਨ ਵਾਲਾ ਢੰਗ ਹੀ ਵਰਤ ਲਿਆ ਗਿਆ ਜਿਸ ਨੇ ਅਰਥਾਂ ਦੇ ਅਨਰਥ ਕਰ ਦਿਤੇ। ਜਿਸ ਕਾਵਿ-ਪ੍ਰਣਾਲੀ ਵਿਚ ਕਾਵਿ-ਰਚਨਾ ਕੀਤੀ ਗਈ ਹੋਵੇ, ਜੇ ਅਰਥ ਉਸ ਅਨੁਸਾਰ ਨਾ ਕੀਤੇ ਜਾਣ ਤਾਂ ਹਾਲਤ ਉਹੋ ਜਹੀ ਹੀ ਹੋ ਜਾਂਦੀ ਹੈ ਜਿਹੋ ਜਹੀ ਮਜ਼ਾਕ ਦਾ ਬੁਰਾ ਮਨਾ ਕੇ ਗੁੱਸਾ ਕਰਨ ਵੇਲੇ ਹੋ ਜਾਂਦੀ ਹੈ ਤੇ ਮਜ਼ਾਕ ਕਰਨ ਵਾਲਾ ਕਹਿੰਦਾ ਹੈ, ''ਤੂੰ ਤਾਂ ਮੇਰੇ ਮਜ਼ਾਕ ਦਾ ਵੀ ਬੁਰਾ ਮਨਾ ਕੇ, ਲਿੱਦ ਕਰ ਦਿਤੀ ਤੇ ਮੇਰਾ ਦਿਲ ਹੀ ਤੋੜ ਦਿਤਾ। ਮੈਨੂੰ ਨਹੀਂ ਸੀ ਪਤਾ ਕਿ ਤੇਰੀ ਸਮਝ ਐਨੀ ਛੋਟੀ ਹੈ ਕਿ ਤੂੰ ਮਜ਼ਾਕ ਨੂੰ ਮਜ਼ਾਕ ਵਜੋਂ ਵੀ ਨਹੀਂ ਲੈ ਸਕਦਾ।'' ਕਵਿਤਾ ਜਿਸ ਵਨਗੀ ਦੀ ਰਚੀ ਗਈ ਹੋਵੇ, ਉਸ ਵਨਗੀ ਨੂੰ ਸਾਹਮਣੇ ਰੱਖ ਕੇ ਅਰਥ ਨਾ ਕੀਤੇ ਜਾਣ ਤਾਂ ਵੀ ਹਾਲਤ ਇਹੋ ਜਹੀ ਹੀ ਹੋ ਜਾਂਦੀ ਹੈ।

ਜੇ ਕੋਈ ਗ਼ੈਰ ਸਿੱਖ, ਕਿਸੇ ਸ਼ਰਧਾਵਾਨ ਸਿੱਖ ਨੂੰ, ਪ੍ਰੋ: ਸਾਹਿਬ ਸਿੰਘ ਦਾ ਨਾਂ ਲਏ ਬਗ਼ੈਰ, ਇਹ ਆਖੇ ਕਿ ਉਪ੍ਰੋਕਤ 7 ਬਿਆਨ ਬਾਬੇ ਨਾਨਕ ਦੇ ਹਨ ਤਾਂ ਸ਼ਰਧਾਵਾਨ ਸਿੱਖ ਉਸ ਦੇ ਗਲ ਪੈ ਜਾਵੇਗਾ ਤੇ ਕਹੇਗਾ ਕਿ ਬਾਬਾ ਨਾਨਕ ਇਹ ਬਿਆਨ ਕਿਵੇਂ ਦੇ ਸਕਦਾ ਹੈ ਜਦਕਿ ਉਸ ਦੀ ਸਾਰੀ ਫ਼ਿਲਾਸਫ਼ੀ ਹੀ ਉੁਨ੍ਹਾਂ ਗੱਲਾਂ ਨੂੰ ਚੁਨੌਤੀ ਦੇਣ ਵਾਲੀ ਹੈ ਜਿਨ੍ਹਾਂ ਨੂੰ ਇਸ ਬਿਆਨ ਵਿਚ ਦੁਹਰਾਇਆ ਗਿਆ ਹੈ? ਪਰ ਜਦ ਉਸ ਨੂੰ ਦਸਿਆ ਜਾਂਦਾ ਹੈ ਕਿ ਬਾਬਾ ਨਾਨਕ ਦਾ ਇਹ ਬਿਆਨ ਡਾ. ਸਾਹਿਬ ਸਿੰਘ ਜੀ ਦੇ 'ਦਰਪਣ' ਵਿਚ ਹੂਬਹੂ ਇਸੇ ਤਰ੍ਹਾਂ ਛਪਿਆ ਹੋਇਆ ਹੈ ਤਾਂ ਉਹ ਸ਼ਰਧਾਵਾਨ ਸਿੱਖ ਭੌਂਚੱਕਾ ਹੋ ਕੇ ਰਹਿ ਜਾਵੇਗਾ।

ਅਸੀ ਇਸ ਨਤੀਜੇ 'ਤੇ ਪੁਜਦੇ ਹਾਂ ਕਿ ਇਹ ਗ਼ਲਤ ਅਰਥ ਇਸ ਲਈ ਲਿਖਤ ਵਿਚ ਆ ਗਏ ਕਿਉਂਕਿ 'ਸੋ ਦਰੁ' ਬਾਣੀ ਨੂੰ ਬਾਬੇ ਨਾਨਕ ਦੀ 'ਬਿਆਨੀਆ ਬਾਣੀ' ਸਮਝ ਕੇ ਹੀ ਉਸ ਦੇ ਅਰਥ ਕਰ ਦਿਤੇ ਗਏ ਜਦਕਿ ਇਹ ਬਿਆਨੀਆ ਬਾਣੀ ਬਿਲਕੁਲ ਵੀ ਨਹੀਂ ਹੈ ਸਗੋਂ ਪ੍ਰਸ਼ਨ-ਉੱਤਰ 'ਤੇ ਆਧਾਰਤ ਬਾਣੀ ਹੈ ਤੇ ਇਸ ਵਿਚ ਬਾਬੇ ਨਾਨਕ ਦੇ ਬਿਆਨ ਵਾਲਾ ਭਾਗ ਤਾਂ ਬਹੁਤ ਛੋਟਾ ਹੈ। ਇਸ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਪ੍ਰੋ: ਸਾਹਿਬ ਵਰਗੇ ਧੁਰੰਦਰ ਵਿਦਵਾਨ ਕੋਲੋਂ ਇਹ ਗ਼ਲਤੀ ਹੋ ਗਈ। ਦੁਨੀਆਂ ਦਾ ਕੋਈ ਵੀ ਵਿਦਵਾਨ ਹਰ ਪ੍ਰਕਾਰ ਦੇ ਗਿਆਨ ਦਾ ਜਾਣੂੰ ਨਹੀਂ ਹੁੰਦਾ ਤੇ ਗਿਆਨ ਤਾਂ ਅਜਿਹਾ ਤਿਲਕਣਾ ਸਾਗਰ ਤੱਟ ਹੈ ਜਿਥੇ ਇਕ ਮਾੜੀ ਜਹੀ ਗ਼ਲਤੀ, ਚੰਗੇ ਚੰਗੇ ਵਿਦਵਾਨਾਂ ਨੂੰ ਤਿਲਕਾ ਕੇ, ਡੂੰਘੇ ਸਮੁੰਦਰ ਵਿਚ ਉਥੇ ਜਾ ਸੁਟਦੀ ਹੈ ਜਿਥੋਂ ਉਨ੍ਹਾਂ ਦਾ ਮੁੜ ਕੇ ਵਾਪਸ ਕੰਢੇ 'ਤੇ ਆਉਣਾ ਹੀ ਅਸੰਭਵ ਹੋ ਜਾਂਦਾ ਹੈ।  (ਚਲਦਾ)..... 

ਲੇਖਕ: ਜੋਗਿੰਦਰ ਸਿੰਘ