ਸੋ ਦਰ ਤੇਰਾ ਕੇਹਾ - ਕਿਸਤ - 22

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਕਵਿਤਾ ਦੀ ਪ੍ਰਸ਼ਨ-ਉੱਤਰ ਤੇ ਦ੍ਰਿਸ਼ਟਾਂਤ ਵਾਲੀ ਵਨਗੀ ਪਾਠਕ ਖਿਮਾਂ ਕਰਨਗੇ,

So Dar Tera Keha

ਅੱਗੇ......

ਕਵਿਤਾ ਦੀ ਪ੍ਰਸ਼ਨ-ਉੱਤਰ ਤੇ ਦ੍ਰਿਸ਼ਟਾਂਤ ਵਾਲੀ ਵਨਗੀ ਪਾਠਕ ਖਿਮਾਂ ਕਰਨਗੇ, ਉਪਰ ਵਰਣਤ ਤਿਲਕਣ ਤੋਂ ਬਚਣ ਲਈ, ਅਸੀ ਇਕ ਇਕ ਸੱਤਰ ਨੂੰ ਲੈ ਕੇ ਵਿਆਖਿਆ ਕਰਨ ਤੋਂ ਪਹਿਲਾਂ, ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਵਿਤਾ ਦੀ ਉਸ ਵਨਗੀ ਨੂੰ ਸਮਝੇ ਬਗ਼ੈਰ, ਵਿਆਖਿਆ ਕਰਨੀ ਸਾਨੂੰ ਕਿੰਨੀ ਮਹਿੰਗੀ ਪੈ ਸਕਦੀ ਹੈ। ਇਹ ਸਮਝ ਲੈਣ ਉਪਰੰਤ, ਹੁਣ ਅਸੀ ਇਕ ਸ਼ਾਇਰ ਦੀ, ਇਸ ਵਨਗੀ ਵਿਚ ਲਿਖੀ ਹੋਈ ਇਕ ਆਮ ਕਵਿਤਾ ਤੇ ਉਸ ਨਾਲ ਜੁੜੀ ਹੋਈ ਸੱਚੀ ਘਟਨਾ ਦਾ ਜ਼ਿਕਰ ਕਰ ਕੇ ਅੱਗੇ ਚਲਣ ਦੀ ਆਗਿਆ ਚਾਹਾਂਗੇ।
ਉਰਦੂ ਦੇ ਇਕ ਪ੍ਰਸਿੱਧ ਸ਼ਾਇਰ ਨੇ ਇਕ ਲੰਮੀ ਕਵਿਤਾ ਲਿਖੀ 'ਯੇ ਇਸ਼ਕ ਇਸ਼ਕ'। ਬੜੀ ਖ਼ੂਬਸੂਰਤ ਕਵਿਤਾ ਸੀ। ਅਸੀ ਉਸ ਦਾ ਸੰਖੇਪ ਸਾਰ ਪੰਜਾਬੀ ਵਿਚ ਹੀ ਦੇ ਕੇ ਅਪਣੀ ਗੱਲ ਪੂਰੀ ਕਰਾਂਗੇ। ਕਵਿਤਾ ਵਿਚ ਸ਼ਾਇਰ ਨੇ ਲਿਖਿਆ :-
ਹੀਰ ਤੇ ਰਾਂਝੇ ਨੇ ਵੀ ਇਸ਼ਕ ਕੀਤਾ
ਮਜਨੂੰ ਤੇ ਲੈਲਾ ਨੇ ਵੀ ਇਸ਼ਕ ਕੀਤਾ
ਉਹ ਵੀ ਇਸ਼ਕ ਸੀ ਜੋ ਸੱਚ ਦੀ ਖ਼ਾਤਰ
ਸੂਲੀ ਤੇ ਚੜ੍ਹਨ ਵਾਲਿਆਂ ਨੇ ਕੀਤਾ
ਤੇ ਦੇਸ਼ ਲਈ ਫਾਂਸੀ ਚੜ੍ਹਨ ਵਾਲਿਆਂ ਨੇ ਕੀਤਾ
ਤੇ ਉਹ ਵੀ ਇਸ਼ਕ ਸੀ ਜੋ ਮੀਰਾਂ ਨੇ
ਕ੍ਰਿਸ਼ਨ ਦਾ ਨਾਂ ਲੈ ਕੇ, ਜ਼ਹਿਰ ਦਾ ਪਿਆਲਾ ਪੀ ਕੇ ਕੀਤਾ
ਇਸ਼ਕ ਸਰਮਦ ਨੇ ਕੀਤਾ, ਮੂਸਾ ਨੇ ਕੀਤਾ। ...
ਸ਼ਾਇਰ ਨੇ ਅਖ਼ੀਰ 'ਤੇ ਤਾਨ ਇਹ ਕਹਿ ਕੇ ਤੋੜੀ :-

ਇੰਤਹਾ ਯੇਹ ਹੈ ਕਿ ਬੰਦੇ ਕੋ ਖ਼ੁਦਾ ਕਰਤਾ ਹੈ ਇਸ਼ਕ!

ਕਵਿਤਾ ਬਹੁਤ ਪਸੰਦ ਕੀਤੀ ਗਈ ਪਰ ਇਕ ਸ੍ਰੋਤੇ ਨੇ ਲਿਖ ਭੇਜਿਆ, ''ਸ਼ਾਇਰੇ ਅਜ਼ੀਮ, ਤੇਰੀ ਕਲਮ ਨੂੰ ਚੁੰਮ ਲੈਣ ਨੂੰ ਜੀਅ ਕਰਦੈ ਕਿਉਂਕਿ ਇਸ ਕਲਮ ਨਾਲ ਤੂੰ 'ਪ੍ਰੇਮ' ਨੂੰ ਅਮਰ ਕਰ ਦੇਣ ਵਾਲਾ ਤਰਾਨਾ ਲਿਖ ਦਿਤਾ ਹੈ। ਪਰ ਗੁਸਤਾਖ਼ੀ ਨਾ ਸਮਝੇਂ ਤਾਂ ਇਕ ਅਰਜ਼ ਕਰ ਦੇਵਾਂ ਕਿ ਇਸ ਵਿਚੋਂ ਉਹ ਮਿਸਾਲਾਂ ਕੱਢ ਦਿਉ ਜੋ ਮਨਘੜਤ ਕਿੱਸਿਆਂ ਦੇ ਆਵਾਰਾ ਆਸ਼ਕਾਂ ਮਾਸ਼ੂਕਾਂ ਦੀਆਂ ਦਿਤੀਆਂ ਗਈਆਂ ਹਨ ਕਿਉਂਕਿ ਤੇਰੀ ਕਵਿਤਾ ਬੜੀ ਉਚ ਪਾਏ ਦੀ ਕਵਿਤਾ ਹੈ ਤੇ ਇਸ ਵਿਚ ਕੇਵਲ ਸੱਚੀਆਂ ਤੇ ਮਾਰਫ਼ਤ ਦੀਆਂ (ਰੂਹਾਨੀ) ਮਿਸਾਲਾਂ ਹੀ ਦਿਤੀਆਂ ਜਾਣੀਆਂ ਚਾਹੀਦੀਆਂ ਸਨ ਤੇ ਸ੍ਰੀਰਕ ਪਿਆਰ ਕਰਨ ਵਾਲੇ ਘਟੀਆ ਦਿਲ-ਫੈਂਕ ਆਸ਼ਕਾਂ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ ਜੋ ਅਸਲ ਵਿਚ ਤਾਂ ਹੋਏ ਵੀ ਨਹੀਂ ਸਨ ਤੇ ਲੇਖਕਾਂ ਦੇ ਕਿੱਸਿਆਂ ਦੇ ਫ਼ਰਜ਼ੀ ਪਾਤਰਾਂ ਤੋਂ ਵੱਧ ਕੁੱਝ ਨਹੀਂ ਸਨ।''

ਸ਼ਾਇਰ ਨੇ ਜਵਾਬ ਵਿਚ ਲਿਖਿਆ, ''ਮੈਨੂੰ ਅਫ਼ਸੋਸ ਹੈ ਕਿ ਮੇਰੀ ਕਵਿਤਾ ਨੂੰ ਪਸੰਦ ਕਰਨ ਵਾਲੇ ਕੁੱਝ ਉਹ ਲੋਕ ਵੀ ਹਨ ਜੋ ਉਸ ਬਰਿਆਨੀ ਵਲ ਨਹੀਂ ਵੇਖਦੇ ਜੋ ਮੈਂ ਉਨ੍ਹਾਂ ਅੱਗੇ ਪਰੋਸ ਕੇ ਰੱਖੀ ਹੈ ਸਗੋਂ ਮੈਨੂੰ ਇਹ ਕਹਿੰਦੇ ਹਨ ਕਿ ਮੈਂ ਇਸ ਨੂੰ ਪਰੋਸਣ ਲਈ ਸਾਧਾਰਣ ਤਸ਼ਤਰੀ ਕਿਉਂ ਵਰਤੀ ਤੇ ਇਸ ਦੀ ਸ਼ਾਨ ਦੇ ਸ਼ਾਇਆਂ ਫੁੱਲਾਂ ਵਾਲੀ ਵਧੀਆ ਕਰਾਕਰੀ ਕਿਉਂ ਨਾ ਵਰਤੀ। ...ਮਿਸਾਲਾਂ ਤਾਂ ਉਹੀ ਦਈਦੀਆਂ ਹਨ ਜੋ ਆਮ-ਫ਼ਹਿਮ ਹੋਣ (ਆਮ ਲੋਕਾਂ ਵਿਚ ਪ੍ਰਚਲਤ ਹੋਣ) ਤੇ ਇਹ ਨਹੀਂ ਵੇਖਿਆ ਜਾਂਦਾ ਕਿ ਉਹ ਸੱਚੀਆਂ ਹਨ, ਮਨਘੜਤ ਹਨ ਜਾਂ ਕਲਪਨਾ 'ਚੋਂ ਉਪਜੀਆਂ ਹਨ। ਅਸਲ ਗੱਲ ਤਾਂ ਹੁੰਦੀ ਹੈ, ਪਾਠਕ ਜਾਂ ਸ੍ਰੋਤੇ ਤਕ ਅਪਣਾ ਸੰਦੇਸ਼ ਪਹੁੰਚਾਉਣ ਦੀ। ਤੁਸੀ ਸ਼ਾਇਰ ਨਾਲ ਬੜੀ ਬੇਇਨਸਾਫ਼ੀ ਕਰਦੇ ਹੋ ਜਦ ਉਸ ਦੇ ਸੰਦੇਸ਼ ਬਾਰੇ ਦੋ ਅੱਖਰ ਵੀ ਔਖੇ ਹੋ ਕੇ ਬਿਆਨ ਕਰਦੇ ਹੋ ਪਰ ਜ਼ਿਆਦਾ ਮਹੱਤਵ ਮਿਸਾਲਾਂ ਨੂੰ ਦੇਣ ਲਗਦੇ ਹੋ। ਮਿਸਾਲਾਂ ਮੇਰਾ ਸੰਦੇਸ਼ ਨਹੀਂ, ਮੇਰਾ ਬਿਆਨ ਨਹੀਂ, ਕੇਵਲ ਜ਼ਰੀਆ (ਸਾਧਨ) ਹੈ। ਕ੍ਰਿਪਾ ਕਰ ਕੇ ਜਦੋਂ ਤੁਹਾਨੂੰ ਮੇਰਾ ਸੰਦੇਸ਼ ਸਮਝ ਆ ਜਾਏ ਤਾਂ ਇਨ੍ਹਾਂ ਮਿਸਾਲਾਂ ਨੂੰ ਭੁਲ ਜਾਇਉ। ਕੋਈ ਹੋਰ ਚੰਗੀਆਂ ਮਿਸਾਲਾਂ ਮਿਲਣ ਤਾਂ ਇਹਨਾਂ ਦੀ ਥਾਂ ਉਹਨਾਂ ਨੂੰ ਵਰਤ ਲਇਉ। ਪਰ ਮੇਰੇ ਸੰਦੇਸ਼ ਨੂੰ ਨਾ ਬਦਲਣਾ, ਨਾ ਦਿਤੀਆਂ ਗਈਆਂ ਮਿਸਾਲਾਂ ਨੂੰ ਕਵਿਤਾ ਦੇ ਸੰਦੇਸ਼ ਦੀ ਬਰਾਬਰੀ ਤੇ ਹੀ ਰਖਣਾ।''

ਜਿਸ ਤਰ੍ਹਾਂ ਸ਼ਾਇਰ ਨੇ ਉਪਰ ਕਿਹਾ ਹੈ ਕਿ ਉਸ ਦੇ ਬਿਆਨ ਨੂੰ, ਉਸ ਵਲੋਂ ਦਿਤੀਆਂ ਆਮ-ਫ਼ਹਿਮ ਮਿਸਾਲਾਂ ਦੇ ਬਰਾਬਰ ਰੱਖ ਕੇ ਤੇ ਉਸ ਦੀ ਬਰਿਆਨੀ ਨੂੰ ਉਸ ਦੀ ਸਸਤੀ ਜਹੀ ਤਸ਼ਤਰੀ ਦੇ ਬਰਾਬਰ ਰੱਖ ਕੇ, ਉਸ ਦੇ ਪ੍ਰਸ਼ੰਸਕ ਪਾਠਕ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਹੈ, ਇਸੇ ਤਰ੍ਹਾਂ ਗੁਰੂ ਨਾਨਕ ਦੀ ਬਾਣੀ ਦੇ ਪ੍ਰਸ਼ੰਸਕ ਵੀ ਜਦੋਂ 'ਸੋ ਦਰੁ' ਦੇ ਅਰਥ ਕਰਦੇ ਹੋਏ, ਬਾਬੇ ਨਾਨਕ ਦੇ ਸੰਦੇਸ਼ ਨੂੰ, ਆਮ-ਫ਼ਹਿਮ ਮਿਸਾਲਾਂ ਜਾਂ ਜਗਿਆਸੂਆਂ ਦੇ ਪ੍ਰਸ਼ਨਾਂ ਦੇ ਬਰਾਬਰ ਰੱਖ ਦੇਂਦੇ ਹਨ ਤਾਂ ਉਹ ਵੀ ਅਣਜਾਣੇ ਵਿਚ ਬਾਬਾ ਨਾਨਕ ਨਾਲ ਬੇਇਨਸਾਫ਼ੀ ਹੀ ਕਰ ਰਹੇ ਹੁੰਦੇ ਹਨ।

ਹੁਣ ਸਿਧਾਂਤਕ ਸਥਿਤੀ ਸਪੱਸ਼ਟ ਹੋ ਚੁੱਕੀ ਹੈ ਤੇ ਅਸੀ 'ਸੋਦਰੁ' ਸ਼ਬਦ ਵਿਚ ਬਾਬੇ ਨਾਨਕ ਦੇ ਸੰਦੇਸ਼ ਅਤੇ ਜਗਿਆਸੂਆਂ ਦੇ ਪ੍ਰਸ਼ਨਾਂ ਨੂੰ ਵੱਖ ਵੱਖ ਕਰ ਕੇ ਅਰਥ ਕਰਾਂਗੇ ਤਾਂ ਆਪ ਹੀ ਸਾਨੂੰ ਮਹਿਸੂਸ ਹੋਣ ਲੱਗੇਗਾ ਕਿ ਹੁਣ ਅਸੀ ਬਾਬੇ ਨਾਨਕ ਦੀ ਬਾਣੀ ਨਾਲ ਇਨਸਾਫ਼ ਕਰ ਰਹੇ ਹਾਂ।

ਲੇਖਕ: ਜੋਗਿੰਦਰ ਸਿੰਘ