ਸੋ ਦਰ ਤੇਰਾ ਕੇਹਾ - ਕਿਸਤ - 29

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਕੀ ਦੇਵਤਾ ਲੋਕ ਹੀ ਅਜਿਹੇ ਹਨ ਜੋ ਅਪਣੀ ਮਰਜ਼ੀ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦੇ ਸਕਦਾ?........

So Dar Tera Keha

ਅੱਗੇ .....

ਕੀ ਦੇਵਤਾ ਲੋਕ ਹੀ ਅਜਿਹੇ ਹਨ ਜੋ ਅਪਣੀ ਮਰਜ਼ੀ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦੇ ਸਕਦਾ?

ਕੀ ਦੇਵਤਾ ਲੋਕ ਹੀ ਅਜਿਹੇ ਹਨ ਜੋ ਅਪਣੀ ਮਰਜ਼ੀ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦੇ ਸਕਦਾ? ਜਿਹੜੇ ਮਨੁੱਖ ਦੇਵਤਿਆਂ ਦੀ ਪੂਜਾ ਕਰਦੇ ਹਨ ਤੇ ਉੁਨ੍ਹਾਂ ਕੋਲੋਂ ਵਰ ਮੰਗਦੇ ਹਨ, ਸੁੱਖ ਮੰਗਦੇ ਹਨ, ਉਹ ਦੇਵਤਿਆਂ ਨੂੰ ਹੀ ਸਰਬ ਸ਼ਕਤੀਮਾਨ ਸਮਝਦੇ ਹਨ।

ਪਰ ਕੀ ਉਹ ਦੇਵਤੇ ਹੀ ਦੂਜੇ ਕਿਸੇ ਦੇ ਹੁਕਮਾਂ ਤੋਂ ਆਜ਼ਾਦ ਹਨ ਤੇ ਅਪਣੀ ਇੱਛਾ ਅਨੁਸਾਰ ਜੋ ਚਾਹੁਣ ਕਰ ਸਕਦੇ ਹਨ? ਗੁਰਬਾਣੀ ਇਸ ਦਾ ਜਵਾਬ ਦੇਂਦੀ ਹੈ ਕਿ ਉਹ ਤਾਂ ਅਕਾਲ ਪੁਰਖ ਦੇ ਸਾਹਮਣੇ ਮੰਗਤੇ ਅਤੇ ਭਿਖਾਰੀ ਤੋਂ ਵੱਧ ਕੁੱਝ ਨਹੀਂ, ਇਸ ਲਈ ਕਿਸੇ ਦੂਜੇ ਦੇ ਹੁਕਮਾਂ ਤੋਂ ਆਜ਼ਾਦ ਤੇ ਸਵੈ-ਇੱਛਾ ਨਾਲ ਕੰਮ ਕਰਨ ਵਾਲਿਆਂ ਦੀ ਗੱਲ ਕਰਨੀ ਹੋਵੇ ਤਾਂ ਦੇਵਤਿਆਂ ਦੀ ਗੱਲ ਕਰਨੀ ਵੀ ਹਲਕੀ ਲਗਦੀ ਹੈ। ਵੇਖੋ ਗੁਰਬਾਣੀ ਕੀ ਕਹਿੰਦੀ ਹੈ :- 

ਬ੍ਰਹਮਾ ਬਿਸਨੁ ਰਿਖੀ ਮੁਨੀ
ਸੰਕਰੁ ਇੰਦੁ ਤਪੈ ਭੇਖਾਰੀ
ਮਾਨੈ ਹੁਕਮੁ ਸੋਹੈ ਦਰਿ ਸਾਚੈ
ਆਕੀ ਮਰਹਿ ਅਫਾਰੀ ।।  (ਗੁ: ਗ੍ਰੰ: ਸ: 992)

ਸੋ, ਨਤੀਜਾ ਇਹੀ ਨਿਕਲਿਆ ਕਿ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਨਹੀਂ ਜੋ ਮੁਕੰਮਲ ਤੌਰ 'ਤੇ ਆਜ਼ਾਦ ਹੋਵੇ, ਸਵੈ-ਇੱਛਾ ਨਾਲ ਕੰਮ ਕਰਨ ਵਾਲਾ ਹੋਵੇ ਤੇ ਕਿਸੇ ਦਾ ਹੁਕਮ ਨਾ ਮੰਨਣ ਵਾਲਾ ਹੋਵੇ। 'ਸੋਦਰੁ' ਵਾਲੇ ਸ਼ਬਦ ਵਿਚ ਅਕਾਲ ਪੁਰਖ ਦੇ ਇਹ ਵਿਲੱਖਣ ਗੁਣ ਦਸ ਕੇ ਮਨੁੱਖ ਨੂੰ ਪ੍ਰੇਰਿਆ ਗਿਆ ਹੈ ਕਿ ਇਨ੍ਹਾਂ ਗੁਣਾਂ ਕਰ ਕੇ ਹੀ, ਇਸ ਅਕਾਲ ਪੁਰਖ ਨਾਲ ਹੀ ਜੁੜਨਾ ਚਾਹੀਦਾ ਹੈ, ਹੋਰ ਕਿਸੇ ਨਾਲ ਨਹੀਂ। ਆਖ਼ਰੀ ਤੁਕ ਵਿਚ 'ਸੋਦਰੁ' ਵਾਲੇ ਬ੍ਰਹਿਮੰਡ ਦੇ ਮਾਲਕ ਬਾਰੇ ਇਕ ਅੰਤਮ ਸੰਦੇਸ਼ ਵਿਚ ਮਨੁੱਖ ਨੂੰ ਇਹ ਪ੍ਰੇਰਨਾ ਦਿਤੀ ਗਈ ਹੈ।

ਅਸੀ ਉਪਰ ਵੇਖਿਆ ਹੈ ਕਿ ਗੁਰਬਾਣੀ ਸਾਰੇ ਹੀ ਦੇਵਤਿਆ ਨੂੰ ਪ੍ਰਮਾਤਮਾ ਦੇ 'ਭੇਖਾਰੀ' ਦਸਦੀ ਹੈ। ਪਰ ਜੇ ਵਿਆਖਿਆ ਦਾ ਪੁਰਾਤਨ (ਪ੍ਰੋ: ਸਾਹਿਬ ਸਿੰਘ ਤੇ ਹੋਰਨਾਂ ਵੱਡਿਆਂ ਦਾ) ਢੰਗ ਸਹੀ ਮੰਨਿਆ ਜਾਵੇ ਤਾਂ ਉਨ੍ਹਾਂ 'ਭੇਖਾਰੀਆਂ' ਨੂੰ ਹੀ 'ਸੋਦਰੁ' ਵਾਲੇ ਸ਼ਬਦ ਵਿਚ ਬਾਬੇ ਨਾਨਕ ਨੇ ਸਤਿਕਾਰਤ ਦਰਬਾਰੀ ਦਸਿਆ ਹੈ। ਬਿਨਾਂ ਸ਼ੱਕ, ਵਿਆਖਿਆ ਦੀ ਪੁਰਾਤਨ ਪ੍ਰਣਾਲੀ, ਬ੍ਰਾਹਮਣਵਾਦੀ ਸਾਹਿਤ ਦੇ ਅਸਰ ਹੇਠ ਕੰਮ ਕਰਦੀ ਰਹੀ ਹੈ ਪਰ ਗੁਰਮਤਿ ਨੂੰ ਇਸ ਦੀ ਭਾਰੀ ਕੀਮਤ ਚੁਕਾਣੀ ਪਈ ਹੈ।

ਸਾਡੇ ਕਈ ਵਿਦਵਾਨ ਕਾਫ਼ੀ ਸਮੇਂ ਤੋਂ ਇਹ ਤਾਂ ਕਹਿੰਦੇ ਆ ਰਹੇ ਸਨ ਕਿ ਗੁਰਬਾਣੀ ਦੀ ਵਿਆਖਿਆ ਬ੍ਰਾਹਮਣੀ ਪ੍ਰਭਾਵ ਹੇਠ ਆ ਕੇ ਕੀਤੀ ਗਈ ਹੈ ਪਰ ਇਸ ਹਾਲਤ ਨੂੰ ਠੀਕ ਕਰਨ ਲਈ ਉਹ ਵੀ ਅਜੇ ਤੀਕ ਕੋਈ ਕਦਮ ਨਹੀਂ ਸਨ ਚੁਕ ਸਕੇ। ਸ਼ਾਇਦ ਇਸ ਗੱਲੋਂ ਹੀ ਡਰਦੇ ਸਨ ਕਿ ਪ੍ਰੋ: ਸਾਹਿਬ ਸਿੰਘ, ਸ. ਮਨਮੋਹਨ ਸਿੰਘ, ਖ਼ੁਸ਼ਵੰਤ ਸਿੰਘ ਵਰਗੇ ਸਾਰੇ ਉਲਥਾਕਾਰ (ਉੁਨ੍ਹਾਂ ਤੋਂ ਪਹਿਲਿਆਂ ਨੂੰ ਜੇ ਛੱਡ ਵੀ ਦਈਏ) ਜਦ ਇਕ ਪਾਸੇ ਹਨ ਤਾਂ ਵਖਰੀ ਗੱਲ ਕਰ ਕੇ ਭੂੰਡਾਂ ਦੀ ਖੱਖਰ ਨੂੰ ਛੇੜਨਾ ਸ਼ਾਇਦ ਲਾਹੇਵੰਦਾ ਨਹੀਂ ਹੋਵੇਗਾ।

ਹਾਂ, ਵਿਅਕਤੀਆਂ ਨਾਲ ਬੱਝੇ ਹੋਏ ਲੋਕ, ਏਨੀ ਕੁ ਗੱਲ ਵੀ ਪਸੰਦ ਨਹੀਂ ਕਰਦੇ ਕਿ ਜਿਨ੍ਹਾਂ ਵਿਅਕਤੀਆਂ ਨੂੰ ਉਹ ਸ਼ੁਰੂ ਤੋਂ 'ਰਿਸ਼ੀਆਂ ਮੁਨੀਆਂ' ਵਾਲਾ ਦਰਜਾ ਦੇਂਦੇ ਆ ਰਹੇ ਸਨ, ਉਨ੍ਹਾਂ ਦੀ ਕੋਈ 'ਕਮੀ' ਜਾਂ 'ਗ਼ਲਤੀ' ਸੁਣਨ ਨੂੰ ਮਿਲੇ। ਉਹ ਗੁਰਬਾਣੀ ਨਾਲੋਂ ਵੀ ਅਪਣੀ ਪਸੰਦ ਦੇ 'ਮਹਾਨ ਵਿਅਕਤੀ'ਨੂੰ ਵੱਡਾ ਸਮਝਦੇ ਹਨ, ਭਾਵੇਂ ਮੂੰਹੋਂ ਅਜਿਹਾ ਕਹਿੰਦੇ ਨਹੀਂ।

ਪਰ ਬਾਬੇ ਨਾਨਕ ਦਾ ਸੁਨੇਹਾ ਤਾਂ ਇਹੀ ਹੈ ਕਿ ਵੱਡਾ ਕੇਵਲ ਇਕ ਅਕਾਲ ਪੁਰਖ ਨੂੰ ਮੰਨੋ ਜਾਂ ਸ਼ਬਦ ਗੁਰੂ ਨੂੰ, ਬਾਕੀ ਸੱਭ ਭੁੱਲਣਹਾਰ ਹਨ ਤੇ ਸੱਚ ਜਿਥੇ ਵੀ ਨਜ਼ਰ ਆ ਜਾਵੇ, ਉਸ ਨੂੰ ਉਜਾਗਰ ਕਰਨ ਵਿਚ ਢਿਲ ਨਾ ਵਰਤੋ। ਸਪੋਕਸਮੈਨ ਨੇ ਇਸ ਪਾਸੇ ਪਹਿਲ ਕੀਤੀ ਹੈ ਤੇ ਸੱਭ ਪਾਸਿਆਂ ਤੋਂ ਇਸ ਪਹਿਲ ਦੀ ਪ੍ਰਸੰਸਾ ਪ੍ਰਾਪਤ ਹੋਈ ਹੈ। ਗੁਰੂ ਗ੍ਰੰਥ ਸਾਹਿਬ ਵਿਚ 40 ਤੋਂ 50 ਤਕ ਅਜਿਹੇ ਪੜਾਅ ਹਨ ਜਿਥੇ ਪੁਰਾਤਨ ਪ੍ਰਣਾਲੀ ਦੀ ਵਿਆਖਿਆ, ਗੁਰਮਤਿ (ਅਕਾਲ ਪੁਰਖ ਦੀ ਮਤਿ) ਲਈ ਕਈ ਔਕੜਾਂ ਖੜੀ ਕਰਦੀ ਆ ਰਹੀ ਹੈ।

ਅਸੀ ਉਨ੍ਹਾਂ ਸਾਰੇ ਪੜਾਵਾਂ ਤੇ ਪਹੁੰਚਾਂਗੇ ਤੇ ਖੁਲ੍ਹ ਕੇ ਪਰ ਦਲੀਲ ਨਾਲ ਉਹ ਵਿਆਖਿਆ ਦੇਵਾਂਗੇ ਜੋ ਬਾਬਾ ਨਾਨਕ ਆਪ ਦੇਣਾ ਚਾਹੁੰਦੇ ਸਨ ਅਰਥਾਤ ਕਿਸੇ ਬਾਹਰੀ ਪ੍ਰਭਾਵ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਵਿਆਖਿਆ ਕਰਾਂਗੇ। ਇਸ ਦੇ ਨਾਲ ਹੀ ਅਸੀ 'ਸੋਦਰੁ' ਦੀ ਅੰਤਮ ਤੁਕ 'ਤੇ ਆ ਜਾਂਦੇ ਹਾਂ ਜੋ ਬਾਬਾ ਨਾਨਕ ਦਾ ਬੜਾ ਮਹੱਤਵਪੂਰਨ ਸੰਦੇਸ਼ ਦੇਂਦੀ ਹੈ। ਸ਼ਬਦ ਵਿਚ ਅਸੀ ਪਹਿਲਾਂ, ਉਸ ਅਕਾਲ ਪੁਰਖ ਦੇ ਵਿਲੱਖਣ ਗੁਣਾਂ ਦਾ ਬਖਾਨ ਸੁਣ ਚੁੱਕੇ ਹਾਂ।

ਬਾਬਾ ਨਾਨਕ ਸਾਨੂੰ ਉਪਦੇਸ਼ ਕਰਦੇ ਆ ਰਹੇ ਹਨ ਕਿ ਉਸ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਨਾ ਧਿਆਉ, ਨਾ ਆਰਾਧੋ। ਫਿਰ ਕਰਨਾ ਕੀ ਚਾਹੀਦਾ ਹੈ ਤੇ ਸੰਸਾਰ ਵਿਚ ਰਹਿਣਾ ਕਿਵੇਂ ਚਾਹੀਦਾ ਹੈ ਜਿਸ ਨਾਲ ਉਸ ਅਕਾਲ ਪੁਰਖ ਦੀ ਮਿਹਰ ਭਰੀ ਨਜ਼ਰ ਸਦਾ ਬਣੀ ਰਹੇ? ਬਾਬਾ ਨਾਨਕ ਫ਼ੁਰਮਾਉਂਦੇ ਹਨ, ਧਰਤੀ ਤੇ ਛੋਟੇ ਤੋਂ ਛੋਟੇ ਬਾਦਸ਼ਾਹ ਦੇ ਹੁਕਮ ਅੱਗੇ ਸਿਰ ਝੁਕਾ ਦੇਂਦੇ ਹੋ ਤੇ ਉਵੇਂ ਹੀ ਰਹਿੰਦੇ ਹੋ

ਜਿਵੇਂ ਤੁਹਾਡਾ ਬਾਦਸ਼ਾਹ ਚਾਹੁੰਦਾ ਹੈ (ਰਾਜਾ ਅਸ਼ੋਕ ਬੋਧੀ ਬਣ ਗਿਆ ਸੀ ਤਾਂ ਲਗਭਗ ਸਾਰਾ ਦੇਸ਼ ਹੀ ਬੁਧ ਧਰਮ ਵਿਚ ਸ਼ਾਮਲ ਹੋ ਗਿਆ ਸੀ ਤੇ ਰਾਜੇ ਦੇ ਪਿੱਛੇ ਲੱਗ ਕੇ, ਜਨਤਾ ਵਲੋਂ ਸਮੁੱਚੇ ਰੂਪ ਵਿਚ ਅਪਣਾ ਧਰਮ ਬਦਲ ਲੈਣਾ ਵੀ ਹਿੰਦੁਸਤਾਨ ਵਿਚ ਇਕ ਆਮ ਜਹੀ ਗੱਲ ਸੀ।

ਇਸਲਾਮ ਦੇ ਇਤਿਹਾਸ ਵਿਚ ਵੀ ਇਹੀ ਕੁੱਝ ਵੇਖਣ ਨੂੰ ਮਿਲਦਾ ਹੈ) ਪਰ ਸਾਰੇ 'ਬਾਦਸ਼ਾਹਾਂ ਦੇ ਬਾਦਸ਼ਾਹ' ਅਰਥਾਤ ਸਾਰੇ ਬ੍ਰਹਿਮੰਡ ਦੇ ਮਾਲਕ ਦੀ ਦੁਨੀਆਂ ਵਿਚ ਸੁਖੀ ਰਹਿਣਾ ਹੋਵੇ ਤੇ ਉਸ ਮਾਲਕ ਦੀ ਨਜ਼ਰ ਵਿਚ ਚੰਗੇ ਬਣੇ ਰਹਿਣਾ ਹੋਵੇ ਤਾਂ 'ਨਾਨਕ ਰਹਣੁ ਰਜਾਈ' ਅਰਥਾਤ ਉਸ ਦੇ ਬਣਾਏ ਨਿਯਮਾਂ ਅਨੁਸਾਰ ਹੀ ਜੀਵਨ ਬਸਰ ਕਰੋ ਤਾਂ ਸੁਖੀ ਰਹੋਗੇ ਤੇ ਉਸਦਾ ਪਿਆਰ ਵੀ ਹਾਸਲ ਕਰ ਸਕੋਗੇ।

ਬਾਬਾ ਨਾਨਕ ਪਹਿਲਾਂ ਜਪੁਜੀ ਸਾਹਿਬ ਵਿਚ ਵੀ ਠੀਕ ਇਹੀ ਸੰਦੇਸ਼ ਦੇ ਚੁੱਕੇ ਹਨ ਜਦ ਆਪ ਇਸ ਸਵਾਲ ਦਾ ਉੱਤਰ ਦੇਂਦੇ ਹੋਏ ਕਿ ਮਨੁੱਖ ਅਤੇ ਅਕਾਲ ਪੁਰਖ ਵਿਚ ਭਰਮ ਭੁਲੇਖੇ ਦੀ ਦੀਵਾਰ ਕਿਵੇਂ ਟੁੱਟੇ (ਕਿਵੁ ਸਚਿਆਰਾ ਹੋਵੀਐ ਕਿਵ ਕੂੜੇ ਤੁਟੇ ਪਾਲ), ਇਹੀ ਉਪਦੇਸ਼ ਦੇਂਦੇ ਹਨ ਕਿ : 
''ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ।੧।'


ਮਨੁੱਖ ਨੂੰ ਸੱਭ ਪਤਾ ਹੈ ਕਿ ਕੁਦਰਤ ਦੇ ਨਿਯਮਾਂ ਦੇ ਉਲਟ ਜਾ ਕੇ, ਪਰਮਾਰਥ ਦੀ ਛੱਡੋ, ਇਸ ਧਰਤੀ ਉਤੇ ਵੀ ਅੰਤ ਤਕਲੀਫ਼ ਹੀ ਹੁੰਦੀ ਹੈ ਪਰ ਇਸ ਦੇ ਬਾਵਜੂਦ ਵੀ ਮਨੁੱਖ, ਬਹੁਤੀ ਵਾਰੀ ਕੁਦਰਤ ਦੇ ਨਿਯਮਾਂ ਅਰਥਾਤ ਰੱਬ ਦੀ ਰਜ਼ਾ ਦੇ ਉਲਟ ਜਾਣਾ ਹੀ 'ਸੌਖਾ' ਸਮਝਣ ਲੱਗ ਜਾਂਦਾ ਹੈ। ਬਾਬਾ ਨਾਨਕ ਦਾ ਉਪਦੇਸ਼ ਹੈ ਕਿ ਵਾਹਿਗੁਰੂ ਦੀ ਰਜ਼ਾ ਵਿਚ ਰਹਿਣਾ ਹੀ, ਸੁਖੀ ਜੀਵਨ ਅਤੇ ਮੌਤ ਤੋਂ ਬਾਅਦ ਦੇ ਸਮੇਂ ਲਈ ਸੱਭ ਤੋਂ ਚੰਗਾ ਤੇ ਉਪਯੋਗੀ ਗੁਰ ਹੈ ਤੇ ਇਸ ਨੂੰ ਜੀਵਨ ਦਾ ਭਾਗ ਬਣਾ ਲਿਆ ਜਾਣਾ ਚਾਹੀਦਾ ਹੈ - ਇਹ ਸੋਚ ਕੇ ਕਿ ਇਸ ਰਜ਼ਾ ਨੂੰ ਤਾਂ ਮੰਨਣਾ ਹੀ ਮੰਨਣਾ ਹੈ ਤੇ ਸੁਖੀ ਜੀਵਨ ਬਤੀਤ ਕਰਨ ਲਈ ਹੋਰ ਕੋਈ ਚਾਰਾ ਹੀ ਨਹੀਂ ਹੈ।

ਚਲਦਾ...