ਸੋ ਦਰ ਤੇਰਾ ਕੇਹਾ - ਕਿਸਤ - 32

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਇਹ ਸਰੀਰ ਦਾ ਤੇ ਜੀਭ ਦਾ ਸਵਾਦ ਹੈ ਜੋ ਮਨੁੱਖ ਦੇ ਤਨ ਬਦਨ ਨੂੰ ਬੀਤੇ ਸਮੇਂ ਵਿਚ ਮਾਣੇ ਸਵਾਦ ਦੀ ਯਾਦ ਨਾਲ ਤਰ.......

So Dar Tera Keha

ਅੱਗੇ .....

ਅਕੱਥ ਦੀ ਕਥਾ ਉਹੀ ਕਰ ਸਕਦਾ ਹੈ ਜੋ ਉਸ ਵਾਹਿਗੁਰੂ ਨੂੰ ਜਾਣ ਚੁੱਕਾ ਹੁੰਦਾ ਹੈ

ਇਹ ਸਰੀਰ ਦਾ ਤੇ ਜੀਭ ਦਾ ਸਵਾਦ ਹੈ ਜੋ ਮਨੁੱਖ ਦੇ ਤਨ ਬਦਨ ਨੂੰ ਬੀਤੇ ਸਮੇਂ ਵਿਚ ਮਾਣੇ ਸਵਾਦ ਦੀ ਯਾਦ ਨਾਲ ਤਰ ਕਰ ਦੇਂਦਾ ਹੈ। ਭਗਤ ਲੋਕ, ਪ੍ਰਭੂ ਦੇ ਦਰਸ਼ਨਾਂ ਦੇ ਕੁੱਝ ਪਲ ਅਪਣੀ ਯਾਦ ਦੇ ਪੱਲੇ ਵਿਚ ਸਾਂਭ ਕੇ ਰਖਦੇ ਹਨ ਤੇ ਜਦ ਕਦੇ ਕੋਈ ਉਨ੍ਹਾਂ ਨੂੰ ਪੁਛਦਾ ਹੈ ਤਾਂ ਵਜਦ ਵਾਲੀ ਅਵੱਸਥਾ ਵਿਚ ਆ ਜਾਂਦੇ ਹਨ। ਕਈ ਵੈਰਾਗ ਵਿਚ ਰੋਣ ਵੀ ਲੱਗ ਪੈਂਦੇ ਹਨ ਉਸ ਪ੍ਰਭੂ ਦਰਸ਼ਨ ਦੇ ਸਵਾਦ ਨੂੰ ਯਾਦ ਕਰ ਕੇ ਤੇ ਕਈਆਂ ਦੀ ਜ਼ਬਾਨ ਨੂੰ ਅਜਿਹੀ ਚੁੱਪੀ ਲਗਦੀ ਹੈ ਕਿ ਉਹ ਬੋਲ ਹੀ ਕੁੱਝ ਨਹੀਂ ਸਕਦੇ।

ਬਾਬਾ ਨਾਨਕ ਵਜਦ ਦੀ ਅਵੱਸਥਾ ਵਿਚ ਹੀ 'ਸੋ ਦਰੁ' ਦੇ ਬਾਕੀ ਦੇ ਸ਼ਬਦ ਉਚਾਰਦੇ ਹਨ ਪਰ ਸਾਡੇ ਚੰਗੇ ਭਾਗਾਂ ਨੂੰ, ਰੂਹਾਨੀਅਤ ਦੇ ਪਾਂਧੀਆਂ ਨੂੰ ਬਹੁਤ ਸਾਰੀ ਮਿੱਠੀ ਜਾਣਕਾਰੀ ਵੀ ਦੇ ਜਾਂਦੇ ਹਨ। ਬਾਬਾ ਨਾਨਕ ਫ਼ਰਮਾਉਂਦੇ ਹਨ; ਕੀ ਦੱਸਾਂ ਉਹ ਕਿੰਨਾ ਵੱਡਾ ਹੈ? ਬਹੁਤੇ ਬੰਦੇ ਜਿਹੜੇ ਇਹ ਕਹਿੰਦੇ ਹਨ ਕਿ ਉਹ ਬਹੁਤ ਵੱਡਾ ਹੈ, ਇਨ੍ਹਾਂ ਨੂੰ ਨਿਜੀ ਗਿਆਨ ਕੋਈ ਨਹੀਂ ਹੁੰਦਾ ਕਿਉਂਕਿ ਇਕ ਦੂਜੇ ਕੋਲੋਂ ਸੁਣ ਸੁਣ ਕੇ ਹੀ ਕਹੀ ਜਾਂਦੇ ਹਨ ਕਿ ਉਹ ਬਹੁਤ ਵੱਡਾ ਹੈ। ਅਸਲ ਵਿਚ ਤਾਂ ਉਸ ਨੂੰ ਹੀ ਪਤਾ ਹੋ ਸਕਦਾ ਹੈ ਕਿ ਉਹ ਕਿੰਨਾ ਵੱਡਾ ਹੈ ਜਿਸ ਨੇ ਆਪ ਉਸ ਨੂੰ ਡਿੱਠਾ (ਵੇਖਿਆ) ਹੋਵੇ।

ਉਸ ਦੀ ਵਡਿਆਈ, ਉਸ ਦੇ ਵੱਡੇਪਨ ਦੀਆਂ ਗੱਲਾਂ ਕਰਨ ਵਾਲੇ ਤੁਹਾਨੂੰ ਬੜੇ ਮਿਲ ਜਾਣਗੇ ਜੋ ਤੁਹਾਨੂੰ ਦਸਣਗੇ ਕਿ ਪ੍ਰਮਾਤਮਾ ਬਹੁਤ ਵੱਡਾ ਹੈ, ਬਹੁਤ ਵਿਸ਼ਾਲ ਹੈ ਪਰ ਜਿਹੜੇ ਸਚਮੁਚ ਉਸ ਦੀ ਵਡਿਆਈ ਜਾਣ ਜਾਂਦੇ ਹਨ, ਉਹ ਤਾਂ ਉਹਦੇ ਵਿਚ ਹੀ ਸਮਾਏ ਹੁੰਦੇ ਹਨ ਤੇ ਉਹਦੇ ਵਿਚ ਸਮਾ ਜਾਣ ਵਾਲਾ ਓਨਾ ਹੀ ਦਸ ਸਕਦਾ ਹੈ ਜਿੰਨਾਵਾਹਿਗੁਰੂ ਆਪ ਅਪਣੇ ਬਾਰੇ ਦਸਣਾ ਚਾਹੇ। 'ਕਹਣੇ ਵਾਲੇ ਤੇਰੇ ਰਹੇ ਸਮਾਇ' ਵਿਚ 'ਕਹਣੇ ਵਾਲੇ' ਦਾ ਅਰਥ ਬੋਲਣ ਵਾਲਿਆਂ ਤੋਂ ਨਹੀਂ, ਅਕੱਥ ਦੀ ਕਥਾ ਕਰਨ ਵਾਲਿਆਂ ਤੋਂ ਹੈ।

ਅਕੱਥ ਦੀ ਕਥਾ ਉਹੀ ਕਰ ਸਕਦਾ ਹੈ ਜੋ ਉਸ ਵਾਹਿਗੁਰੂ ਨੂੰ ਜਾਣ ਚੁੱਕਾ ਹੁੰਦਾ ਹੈ। ਉਹ ਮੇਰਾ ਸਾਹਿਬ, ਮੇਰਾ ਮਾਲਕ, ਬੜਾ ਗਹਿਰ ਗੰਭੀਰ ਹੈ। ਗਹਿਰ ਗੰਭੀਰ ਉਹੀ ਹੁੰਦਾ ਹੈ ਜੋ ਅਪਣੇ ਬਾਰੇ ਆਪ ਬੋਲ ਕੇ ਕੁੱਝ ਨਹੀਂ ਦਸਦਾ ਪਰ ਖ਼ਬਰ ਸੱਭ ਦੀ ਰਖਦਾ ਹੈ। ਗਹਿਰ ਗੰਭੀਰ ਬੜਬੋਲਾ ਨਹੀਂ ਹੁੰਦਾ ਤੇ ਓੜਕਾਂ ਦਾ ਵਿਦਵਾਨ ਹੁੰਦਾ ਹੈ। ਉਹ ਮੀਸਣਾ ਨਹੀਂ ਹੁੰਦਾ, ਚਾਲਬਾਜ਼ ਨਹੀਂ ਹੁੰਦਾ, ਸ਼ੁਧ ਹਿਰਦੇ ਵਾਲਾ ਹੁੰਦਾ ਹੈ, ਗਿਆਨ ਦਾ ਭੰਡਾਰ ਹੁੰਦਾ ਹੈ, ਸੱਚ ਦਾ ਸੂਰਜ ਹੁੰਦਾ ਹੈ ਪਰ ਅਪਣੀ ਵਡਿਆਈ ਦਾ ਢੰਡੋਰਾ ਨਹੀਂ ਪਿਟਦਾ। ਦੂਜੇ ਹੀ ਉਹਦੀ ਵਡਿਆਈ ਬਾਰੇ ਗੱਲਾਂ ਕਰਦੇ ਹਨ।

ਕਿਸੇ ਨੂੰ ਨਹੀਂ ਪਤਾ ਕਿ ਉਸ ਦਾ ਪਸਾਰਾ ਕਿੰਨਾ ਵੱਡਾ ਹੈ ਕਿਉਂਕਿ ਆਪ ਉਹ ਕਿਸੇ ਨੂੰ ਅਪਣੇ ਪਸਾਰੇ ਬਾਰੇ ਦਸਦਾ ਨਹੀਂ ਤੇ ਦੂਜੇ ਕਿਸੇ ਦੀ ਅੱਖ ਏਨੀ ਵੱਡੀ ਨਹੀਂ ਕਿ ਉਸ ਦੇ ਪਸਾਰੇ ਬਾਰੇ ਕੋਈ ਸਹੀ ਅੰਦਾਜ਼ਾ ਲਾ ਸਕੇ। ਉਸ ਦੀ ਮਰਜ਼ੀ ਹੈ ਕਿ ਉਹ ਕਿਸੇ ਨੂੰ ਅਪਣੇ ਪਸਾਰੇ ਦਾ ਕਿੰਨਾ ਭਾਗ ਵੇਖਣ ਦੇਵੇ।ਰਹਾਉ ਤਕ ਇਸ ਸ਼ਬਦ ਵਿਚ ਬਾਬਾ ਨਾਨਕ ਵਜਦ ਦੀ ਹਾਲਤ ਵਿਚ ਏਨਾ ਹੀ ਬਿਆਨ ਕਰਦੇ ਹਨ ਕਿ ਉਸ ਦੇ ਵੱਡੇਪਨ ਦਾ ਅੰਦਾਜ਼ਾ ਕੋਈ ਨਹੀਂ ਲਾ ਸਕਦਾ।

ਇਸ ਸ਼ਬਦ ਦੇ ਬਾਹਰੀ ਅਰਥਾਂ ਤੋਂ ਇਲਾਵਾ ਜਿਹੜੀ ਗੱਲ ਪ੍ਰਤੱਖ ਵੇਖੀ ਜਾ ਸਕਦੀ ਹੈ, ਉਹ ਇਹੀ ਹੈ ਕਿ ਬਾਬਾ ਜੀ, ਪ੍ਰਭੂ ਮਿਲਣ ਦੀ ਯਾਦ ਦੀ ਕੰਨੀ ਫੜ ਕੇ ਵਜਦ ਦੀ ਅਵੱਸਥਾ ਵਿਚ ਆ ਕੇ ਬੋਲ ਰਹੇ ਹਨ ਕਿਉੁਂਕਿ ਵਜਦ ਦੀ ਅਵੱਸਥਾ ਵਿਸਮਾਦ ਦੀ ਅਵੱਸਥਾ ਹੁੰਦੀ ਹੈ ਤੇ ਇਸ ਅਵੱਸਥਾ ਵਿਚ ਇਸ ਤੋਂ ਅੱਗੇ ਬੋਲਿਆ ਹੀ ਨਹੀਂ ਜਾ ਸਕਦਾ। ਬਾਬਾ ਨਾਨਕ ਇਕ ਬਹੁਤ ਵੱਡਾ ਸੱਚ ਬਿਆਨ ਕਰਦੇ ਹੋਏ ਜਗਿਆਸੂ ਨੂੰ ਸਮਝਾਂਦੇ ਹਨ ਕਿ ਇਹ ਸ਼ਕਤੀ ਪ੍ਰਮਾਤਮਾ ਨੇ ਅਪਣੇ ਕੋਲ ਹੀ ਰੱਖੀ ਹੋਈ ਹੈ ।

ਕਿ ਅਪਣੀ ਵਡਿਆਈ ਬਾਰੇ ਜਿਸ ਕਿਸੇ ਨੂੰ ਕੁੱਝ ਦਸਣਾ ਹੈ, ਆਪ ਹੀ ਦੱਸੇਗਾ ਪਰ ਪ੍ਰਭੂ ਦੀ ਮਿਹਰ ਸਦਕਾ ਜਿਸ ਨੂੰ ਪਤਾ ਲੱਗੇਗਾ ਵੀ, ਉਹ ਅੱਗੋਂ ਪ੍ਰਭੂ ਦੀ ਵਡਿਆਈ ਬਿਆਨ ਕਰਨਾ ਚਾਹੇ ਤਾਂ ਕੁੱਝ ਬਿਆਨ ਨਹੀਂ ਕਰ ਸਕੇਗਾ। ਜੋ ਕੋਈ ਵੀ ਇਹ ਦਾਅਵਾ ਕਰਦਾ ਹੈ ਕਿ ਉਸ ਨੂੰ ਪਤਾ ਹੈ ਕਿ ਪ੍ਰਮਾਤਮਾ ਬਹੁਤ ਵੱਡਾ ਹੈ, ਉਹ ਸੁਣੀ ਸੁਣਾਈ ਗੱਲ ਹੀ ਕਰ ਰਿਹਾ ਹੈ, ਆਪ ਉਸ ਨੂੰ ਕੁੱਝ ਨਹੀਂ ਪਤਾ ਹੁੰਦਾ। ਜਿਸ ਨੂੰ ਪਤਾ ਲੱਗ ਜਾਵੇ, ਉਹ ਤਾਂ ਮੂੰਹੋਂ ਬੋਲ ਕੇ ਦਸ ਹੀ ਨਹੀਂ ਸਕਦਾ, ਭਾਵੇਂ ਆਤਮਾ ਕਰ ਕੇ, ਉਹ ਅਕਾਲ ਪੁਰਖ, ਪ੍ਰਮਾਤਮਾ ਨਾਲ ਅਭੇਦ ਹੋ ਚੁੱਕਾ ਹੁੰਦਾ ਹੈ।

ਉਹ ਉਹੀ ਕੁੱਝ ਬੋਲ ਸਕਦਾ ਹੈ ਜੋ ਅਕਾਲ ਪੁਰਖ ਆਪ ਉਸ ਕੋਲੋਂ ਬੁਲਵਾਉਂਦਾ ਹੈ। ਜਿਨ੍ਹਾਂ ਨੂੰ ਪ੍ਰਮਾਤਮਾ ਬਾਰੇ ਕੁੱਝ ਵੀ ਪਤਾ ਨਹੀਂ ਹੁੰਦਾ, ਉਹੀ ਲੋਕ ਗੱਪਾਂ ਘੜ ਘੜ ਕੇ ਸੁਣਾਂਦੇ ਰਹਿੰਦੇ ਹਨ। ਜਗਿਆਸੂਆਂ ਦੇ ਮਨ ਵਿਚ ਅਜੇ ਵੀ ਕੁੱਝ ਸਵਾਲ ਬਾਕੀ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਸਿੱਧਾਂ, ਜਪੀਆਂ, ਤਪੀਆਂ 'ਚੋਂ ਕਈਆਂ ਨੇ ਦਾਅਵੇ ਕੀਤੇ ਹਨ ਕਿ ਉਹਨਾਂ ਨੇ ਅਕਾਲ ਪੁਰਖ ਨਾਲ ਸਿੱਧੀ ਗੱਲ ਕੀਤੀ ਸੀ ਤੇ ਉਸ ਨੂੰ ਸਾਖਿਆਤ ਵੇਖ ਵੀ ਲਿਆ ਸੀ। ਉਹ ਸਾਰੇ ਝੂਠ ਤਾਂ ਨਹੀਂ ਬੋਲਦੇ ਹੋਣਗੇ?

ਚਲਦਾ...