ਸੋ ਦਰ ਤੇਰਾ ਕੇਹਾ - ਕਿਸਤ -38

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਅਗਲੀ ਤੁਕ ਵਿਚ 'ਨਾਮ ਵਿਹੂਣੇ' ਪ੍ਰਾਣੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਐ ਮੂੜੇ ਮਨ ਵਾਲੇ ਬੰਦ...

So Dar Tera Keha

ਅੱਗੇ .....

ਅਗਲੀ ਤੁਕ ਵਿਚ 'ਨਾਮ ਵਿਹੂਣੇ' ਪ੍ਰਾਣੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਐ ਮੂੜੇ ਮਨ ਵਾਲੇ ਬੰਦੇ, ਤੂੰ ਉਸ ਇਕ ਮਾਲਕ ਨੂੰ ਤਾਂ ਯਾਦ ਨਹੀਂ ਕਰਦਾ ਤੇ ਉਸ ਨੂੰ ਵਿਸਾਰੀ ਬੈਠਾ ਹੈਂ ਤਾਂ ਤੇਰੇ ਉਹ ਗੁਣ ਕਿਵੇਂ ਕੰਮ ਕਰਨ ਜੋ ਪ੍ਰਭੂ ਪ੍ਰਮਾਤਮਾ ਨੇ ਤੈਨੂੰ ਦਿਤੇ ਤਾਂ ਹੋਏ ਹਨ ਤਾਕਿ ਤੂੰ ਉਨ੍ਹਾਂ ਰਾਹੀਂ ਤ੍ਰਿਸ਼ਨਾ ਦੇ ਸਮੁੰਦਰ ਅਤੇ ਮੋਹ ਦੇ ਚਿੱਕੜ ਵਿਚੋਂ ਬਾਹਰ ਨਿਕਲ ਸਕੇਂ? ਜਦ ਤੂੰ ਅਕਾਲ ਪੁਰਖ ਨੂੰ ਵਿਸਾਰ ਹੀ ਦਿਤਾ ਹੈ ਤਾਂ ਤੇਰੇ ਗੁਣ ਜੀਵਤ ਰਹਿ ਹੀ ਨਹੀਂ ਸਕਦੇ।

ਇਨ੍ਹਾਂ 'ਨਾਮ ਵਿਹੂਣੇ' ਲੋਕਾਂ ਵਲੋਂ ਹੀ ਅਖ਼ੀਰ ਵਿਚ ਬਾਬਾ ਨਾਨਕ, ਉਸ ਮਾਲਕ ਅੱਗੇ ਬੇਨਤੀ ਕਰਦੇ ਹਨ, ਅਪਣੇ ਇਨ੍ਹਾਂ ਜੀਵਾਂ ਤੇ ਤਰਸ ਕਰ ਕਿਉਂਕਿ ਇਹ ਕੋਈ ਜਤੀ ਸਤੀ ਜਾਂ ਪੜ੍ਹੇ ਲਿਖੇ ਤਾਂ ਹਨ ਨਹੀਂ (ਜਤੀ ਸਤੀ ਦਾ ਇਥੇ ਅਖਰੀ ਅਰਥ ਲਿਆ ਤਾਂ ਭੰਬਲਭੂਸੇ ਵਿਚ ਪੈ ਜਾਵਾਂਗੇ। ਇਸ ਨੂੰ ਉਸ ਤਰ੍ਹਾਂ ਹੀ ਵਰਤਿਆ ਗਿਆ ਹੈ ਜਿਵੇਂ ਆਮ ਬੋਲ-ਚਾਲ ਵਿਚ ਅਸੀ ਕਹਿ ਦੇਂਦੇ ਹਾਂ।

''ਉਹ ਕਿਥੋਂ ਦਾ ਜਤੀ ਸਤੀ ਆ ਗਿਆ ਕਿ ਏਨੀਆਂ ਟਾਹਰਾਂ ਮਾਰੀ ਫਿਰਦੈ? ਇਥੇ ਜਤੀ ਸਤੀ ਦਾ ਮਤਲਬ ਕੇਵਲ ਗੁਣੀ ਗਿਆਨੀ ਜਾਂ ਸਮਝਦਾਰ ਬੰਦਾ ਹੈ) ਸਗੋਂ ਇਹ ਤਾਂ ਮੂਰਖ ਮੁਗਧ ਅਤੇ ਅਨਾੜੀ ਲੋਕ ਹਨ ਤੇ ਇਨ੍ਹਾਂ ਨੂੰ ਕੁੱਝ ਨਹੀਂ ਪਤਾ ਕਿ ਤ੍ਰਿਸ਼ਨਾ ਅਗਨ, ਮੋਹ ਦੇ ਚਿੱਕੜ 'ਚੋਂ ਖ਼ਲਾਸੀ ਕਿਵੇਂ ਮਿਲ ਸਕਦੀ ਹੈ ਤੇ ਉਨ੍ਹਾਂ ਤੋਂ ਬੱਚ ਕੇ ਕਿਵੇਂ ਰਿਹਾ ਜਾ ਸਕਦਾ ਹੈ। ਮੇਰੀ ਬੇਨਤੀ ਮੰਨ ਕੇ, ਇਨ੍ਹਾਂ ਨੂੰ ਵੀ ਉੁਨ੍ਹਾਂ ਚੰਗੇ ਜੀਵਾਂ ਦੀ ਸ਼ਰਨ ਜਾਂ ਸੰਗਤ ਵਿਚ ਰਹਿਣ ਦਾ ਬਲ ਬਖ਼ਸ਼ੋ ਜਿਹੜੇ ਤ੍ਰਿਸ਼ਨਾ ਅਤੇ ਮੋਹ ਵਿਚ ਫੱਸ ਕੇ ਤੇਰੇ ਨਾਲੋਂ ਟੁਟ ਨਹੀਂ ਜਾਂਦੇ।

ਪ੍ਰਭੂ ਨਾਲੋਂ ਟੁਟਣਾ ਹੀ, ਸੰਸਾਰ ਨੂੰ ਦੁੱਖਾਂ ਦਾ ਘਰ ਤੇ ਭੁਲੇਖਿਆਂ ਦਾ ਚਿੱਕੜ ਬਣਾਉਂਦਾ ਹੈ ਜਿਸ ਵਿਚ ਅਨਜਾਣ ਜੀਵ ਫੱਸ ਜਾਂਦਾ ਹੈ। ਇਥੇ ਬਾਬਾ ਨਾਨਕ ਗੱਲ 'ਨਾਮ ਵਿਹੂਣੇ' ਲੋਕਾਂ ਦੀ ਕਰ ਰਹੇ ਹਨ ਪਰ ਕਾਵਿ-ਰਚਨਾ ਦੇ ਇਸ ਅਸੂਲ ਨੂੰ ਵੀ ਅਪਣਾਉਂਦੇ ਹਨ ਜਿਸ ਅਨੁਸਾਰ, ਮਾੜੀ ਗੱਲ ਅਪਣੇ ਉਤੇ ਲੈ ਲਈ ਜਾਂਦੀ ਹੈ ਤੇ ਅਪਣੇ ਆਪ ਨੂੰ ਮੂਰਖ ਕਹਿ ਕੇ, ਮੂਰਖਾਂ ਨੂੰ ਗੱਲ ਸਮਝਾ ਲਈ ਜਾਂਦੀ ਹੈ ਜਦਕਿ ਕਿਸੇ ਦੂਜੇ ਨੂੰ ਮੂਰਖ ਕਹਿ ਕੇ ਸਮਝਾਉਣਾ ਹੋਵੇ ਤਾਂ ਗੱਲ ਲੜਾਈ ਵਿਚ ਖ਼ਤਮ ਹੋ ਜਾਂਦੀ ਹੈ।

'ਹਉ ਮੂਰਖ ਮੁਗਧ ਗੁਆਰ' ਕਹਿਣ ਵਾਲਾ ਮਹਾਂਪੁਰਸ਼ ਦਰਅਸਲ, ਆਪ ਤਾਂ ਬਹੁਤ ਸਿਆਣਾ ਹੁੰਦਾ ਹੈ ਤੇ ਮੂਰਖ ਮੁਗਧ ਗਵਾਰਾਂ ਨੂੰ ਕੋਈ ਚੰਗੀ ਗੱਲ ਸਮਝਾਉਣ ਲਈ ਹੀ ਅਪਣੇ ਆਪ ਨੂੰ 'ਮੂਰਖ' ਕਹਿਣ ਦਾ ਢੰਗ ਵਰਤਦਾ ਹੈ। ਪਰ ਇਕ ਕੱਟੜ ਨਾਸਤਕ ਅਤੇ ਕਾਮਰੇਡ ਨੇ, ਪੁੱਠੀ ਮਤ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਾਨੂੰ ਪੁਛਿਆ, ''ਤੁਹਾਡਾ ਗੁਰੂ ਝੂਠ ਤਾਂ ਨਹੀਂ ਨਾ ਲਿਖਦਾ?'' ਅਸੀ ਕਿਹਾ, ''ਨਹੀਂ।'' ਕਹਿਣ ਲੱਗਾ, ''ਗੁਰੂ ਨੇ ਤਾਂ ਆਪ ਲਿਖਿਆ ਹੈ 'ਹਉ (ਮੈਂ) ਮੂਰਖ ਮੁਗਧ ਗਵਾਰ'।

ਫਿਰ ਤੁਸੀ ਇਸ ਨੂੰ ਸੱਚ ਕਿਉਂ ਨਹੀਂ ਮੰਨਦੇ?'' ਅਜਿਹੇ ਲੋਕਾਂ ਨੂੰ ਗਿਆਨ ਅਤੇ ਕਾਵਿ-ਰਚਨਾ ਦੀਆਂ ਬੰਦਸ਼ਾਂ ਤੇ ਰਮਜ਼ਾਂ ਦਾ ਪਤਾ ਨਹੀਂ ਹੁੰਦਾ ਜਾਂ ਉਹ ਜਾਣ ਕੇ ਮਚਲੇ ਬਣੇ ਹੋਏ ਹੁੰਦੇ ਹਨ, ਇਸ ਲਈ ਬਾਣੀ ਦੇ ਉਲਥਾਕਾਰਾਂ ਨੂੰ ਕਾਵਿ-ਰਚਨਾ ਦੀਆਂ ਸਾਰੀਆਂ ਬੰਦਸ਼ਾਂ, ਰਮਜ਼ਾਂ ਤੇ ਵਨਗੀਆਂ ਦਾ ਜ਼ਿਕਰ ਕਰ ਕੇ, ਸਾਰੀ ਗੱਲ ਪਾਠਕਾਂ ਸਾਹਮਣੇ ਰਖਣੀ ਚਾਹੀਦੀ ਹੈ ਨਹੀਂ ਤੇ ਵਿਆਖਿਆ ਸਗੋਂ ਹੋਰ ਵੀ ਜ਼ਿਆਦਾ ਭੁਲੇਖੇ ਪੈਦਾ ਕਰ ਜਾਂਦੀ ਹੈ, ਜਿਵੇਂ ਕਿ ਗੁਰਬਾਣੀ ਨਾਲ ਹੁਣ ਤਕ ਹੋਇਆ ਹੈ।

ਕਾਵਿ-ਰਚਨਾ ਦਾ ਅਨੁਵਾਦ ਜਾਂ ਵਿਆਖਿਆ ਸੱਭ ਤੋਂ ਕਠਿਨ ਕੰਮ ਹੁੰਦਾ ਹੈ ਕਿਉਂਕਿ ਇਸ ਵਿਚ ਪਹਿਲਾਂ ਕਵੀ ਜਾਂ ਰਚਨਾਕਾਰ ਦੇ ਮਨ ਵਿਚ ਝਾਂਕਣਾ ਪੈਂਦਾ ਹੈ, ਫਿਰ ਕਾਵਿ-ਵਨਗੀ ਦਾ ਨਿਪਟਾਰਾ ਕਰਨਾ ਹੁੰਦਾ ਹੈ ਤੇ ਫਿਰ ਅਨੁਵਾਦ ਨੂੰ ਹੱਥ ਲਾਇਆ ਜਾਂਦਾ ਹੈ ਤੇ ਰੱਬ ਦੀ ਮਿਹਰ ਹੋਵੇ ਤਾਂ ਕਾਵਿ-ਰਚਨਾ 'ਚੋਂ ਠੀਕ ਅਰਥ ਲੱਭੇ ਜਾ ਸਕਦੇ ਹਨ, ਕੇਵਲ ਅੱਖਰਾਂ ਦੇ ਅਰਥ ਕੀਤਿਆਂ ਨਹੀਂ। ਸਾਡੇ ਬਹੁਤੇ ਉਲਥਾਕਾਰ ਤੇ ਵਿਆਖਿਆਕਾਰ ਕੇਵਲ ਅੱਖਰਾਂ ਦਾ ਅਨੁਵਾਦ ਕਰਦੇ ਆ ਰਹੇ ਹਨ, ਭਾਵਨਾ ਦੀ ਵਿਆਖਿਆ ਉਨ੍ਹਾਂ ਨੇ ਨਹੀਂ ਕੀਤੀ।