ਸੋ ਦਰ ਤੇਰਾ ਕੇਹਾ - ਕਿਸਤ - 2

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਬਾਬਾ ਨਾਨਕ ਇਕ ਯੁਗ ਪੁਰਸ਼ ਪਹਿਲੀ ਗੱਲ ਇਹੀ ਸਮਝਣੀ ਜ਼ਰੂਰੀ ਹੈ ਕਿ ਬਾਬਾ ਨਾਨਕ ਇਕ ਯੁਗ ਪੁਰਸ਼ ਸਨ

So Dar Tera Keha

ਅੱਗੇ .....

ਬਾਬਾ ਨਾਨਕ ਇਕ ਯੁਗ ਪੁਰਸ਼

ਬਾਬਾ ਨਾਨਕ ਇਕ ਯੁਗ ਪੁਰਸ਼ ਪਹਿਲੀ ਗੱਲ ਇਹੀ ਸਮਝਣੀ ਜ਼ਰੂਰੀ ਹੈ ਕਿ ਬਾਬਾ ਨਾਨਕ ਇਕ ਯੁਗ ਪੁਰਸ਼ ਸਨ। ਧਰਮ ਵਿਚ ਪਹਿਲਾਂ ਤੋਂ ਪ੍ਰਚਲਤ ਸ਼ਬਦਾਂ, ਮਨੌਤਾਂ, ਵਿਚਾਰਾਂ ਨੂੰ ਬਾਬਾ ਨਾਨਕ ਜੀ ਨੇ ਜਾਂ ਤਾਂ ਪੂਰੀ ਤਰ੍ਹਾਂ ਰੱਦ ਕਰ ਦਿਤਾ ਤੇ ਜਾਂ ਉੁਨ੍ਹਾਂ ਨੂੰ ਨਵੇਂ ਅਰਥ ਦੇ ਦਿਤੇ। ਕਿਸੇ ਹੋਰ ਪੁਰਾਤਨ ਗ੍ਰੰਥ ਵਿਚ ਕੀ ਲਿਖਿਆ ਹੈ, ਇਹ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਬਾਬਾ ਨਾਨਕ ਨੇ ਉਸ ਮਨੌਤ, ਸ਼ਬਦ, ਵਿਚਾਰ ਨੂੰ ਆਪ ਕਿਹੜੇ ਨਵੇਂ ਅਰਥ ਦਿਤੇ ਜਾਂ ਰੱਦ ਕਰਦੇ ਹੋਏ ਵੀ ਆਪ ਕਿਉਂ ਉਸ ਦੀ ਵਰਤੋਂ ਕੀਤੀ। ਜਵਾਬ ਬਾਬੇ ਨਾਨਕ ਦੀ ਅਪਣੀ ਬਾਣੀ 'ਚੋਂ ਹੀ ਲੱਭ ਪਵੇਗਾ, ਬਾਹਰ ਜਾਣ ਦੀ ਲੋੜ ਨਹੀਂ ਪਵੇਗੀ - ਕੇਵਲ ਮਿਹਨਤ ਕਰਨੀ ਪਵੇਗੀ ਤੇ ਉਸੇ ਤਰ੍ਹਾਂ ਬਾਬੇ ਨਾਨਕ ਦੀ ਬਾਣੀ ਵਿਚ ਖੁੱਭ ਜਾਣਾ ਹੋਵੇਗਾ ਜਿਵੇਂ ਬਾਬਾ ਨਾਨਕ ਆਪ ਉਸ ਸਮੇਂ ਬਾਣੀ ਵਿਚ ਖੁੱਭ ਜਾਂਦੇ ਸਨ ਜਦੋਂ ਆਪ ਵਿਸਮਾਦ ਵਿਚ ਆ ਕੇ, ਮਰਦਾਨੇ ਨੂੰ ਕਹਿ ਉਠਦੇ ਸਨ, ''ਛੇੜ ਰਬਾਬ ਮਰਦਾਨਿਆ, ਬਾਣੀ ਆਈ ਆ।''

ਅਸੀ ਗੱਲ 'ਜਪੁ' ਤੋਂ ਹੀ ਸ਼ੁਰੂ ਕਰਦੇ ਹਾਂ। ਪੁਰਾਤਨ ਗ੍ਰੰਥਾਂ ਵਿਚ ਨਾਮ ਜਪਣ ਦੇ ਕਿਹੜੇ ਕਿਹੜੇ ਢੰਗ ਦੱਸੇ ਗਏ ਹਨ? ਇਹੀ ਕਿ ਮੰਤਰਾਂ ਦਾ ਰਟਨ ਕਰੋ, ਕੁੱਝ ਸ਼ਬਦਾਂ (ਮੰਤਰਾਂ) ਨੂੰ ਬਾਰ ਬਾਰ ਪੜ੍ਹੋ (ਜਪੋ), ਮਾਲਾ ਫੇਰੋ, ਅੱਖਾਂ ਬੰਦ ਕਰ ਕੇ ਪੜ੍ਹੋ, ਇਕਾਂਤ ਵਿਚ ਤਪੱਸਿਆ ਕਰ  ਮੰਤਰਾਂ ਦਾ ਜਾਪ ਕਰੋ, ਭੋਰਿਆਂ ਵਿਚ ਬੈਠ ਕੇ ਮੰਤਰਾਂ ਦਾ ਰਟਨ ਕਰੋ, ਭੁੱਖੇ ਪਿਆਸੇ ਰਹਿ ਕੇ ਉਸ ਪ੍ਰਮਾਤਮਾ ਨੂੰ ਯਾਦ ਕਰੋ ਤੇ ਮੰਤਰ ਜਾਪ ਕਰੋ ਆਦਿ ਆਦਿ। ਹੁਣ ਬਾਬੇ ਨਾਨਕ ਦੀ ਬਾਣੀ ਵਿਚ ਤਾਂ ਇਨ੍ਹਾਂ ਸਾਰੀਆਂ ਹੀ ਕ੍ਰਿਆਵਾਂ ਨੂੰ ਰੱਦ ਕੀਤਾ ਗਿਆ ਹੈ ਅਤੇ ਦਸਿਆ ਗਿਆ ਹੈ ਕਿ ਰੱਬ ਨੂੰ ਮਿਲਣ ਦਾ ਇਹ ਰਾਹ ਗ਼ਲਤ ਹੈ ਤੇ ਰੱਬ ਇਨ੍ਹਾਂ ਗੱਲਾਂ ਨਾਲ ਪ੍ਰਸੰਨ ਨਹੀਂ ਹੁੰਦਾ। ਫਿਰ ਬਾਬੇ ਨਾਨਕ ਦਾ 'ਜਪੁ' ਅਤੇ 'ਨਾਮ ਜਪਣਾ'² ਕੀ ਹੋਇਆ? ਪੁਰਾਣੇ ਗ੍ਰੰਥਾਂ ਵਿਚੋਂ ਅਰਥ ਲੱਭਾਂਗੇ ਤਾਂ ਪਹਿਲਾਂ ਨਾਲੋਂ ਵੀ ਵੱਡੇ ਭੁਲੇਖੇ ਦਾ ਸ਼ਿਕਾਰ ਹੋ ਜਾਵਾਂਗੇ। ਬਾਬੇ ਨਾਨਕ ਨੇ 'ਜਪੁ' ਜਾਂ 'ਨਾਮ ਜਪਣ' ਨੂੰ ਬਿਲਕੁਲ ਨਵੇਂ ਅਰਥ ਦੇ ਦਿਤੇ ਹਨ ਜੋ ਪੁਰਾਣੇ ਅਰਥਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ। ਨਵੇਂ ਅਰਥ ਬਾਬੇ ਨਾਨਕ ਦੀ ਬਾਣੀ ਵਿਚੋਂ ਹੀ ਲਭਣੇ ਪੈਣਗੇ। ਬਹੁਤੇ ਟੀਕਾਕਾਰ 'ਨਾਮ ਜਪੋ' ਦੇ ਅਰਥ ਕਰਨ ਲਗਿਆਂ ਗੱਲ ਗੋਲਮੋਲ ਕਰ ਜਾਂਦੇ ਹਨ ਤੇ ਲਿਖ ਛਡਦੇ ਹਨ ਕਿ ਬਾਬੇ ਨਾਨਕ ਨੇ ਸੰਦੇਸ਼ ਦਿਤਾ ਕਿ ਬੰਦਿਆ, ਨਾਮ ਜਪਣ ਨੂੰ ਪਹਿਲ ਦੇ। ਪਰ ਬਾਬੇ ਨਾਨਕ ਦਾ 'ਜਾਪ' ਜਦ 'ਜਾਪ' ਨਾਲ ਜੁੜੀਆਂ ਸਾਰੀਆਂ ਸ੍ਰੀਰਕ ਕ੍ਰਿਆਵਾਂ ਨੂੰ ਰੱਦ ਕਰਦਾ ਹੈ (ਜਿਨ੍ਹਾਂ ਦਾ ਜ਼ਿਕਰ ਅਸੀ ਉਪਰ ਕੀਤਾ ਹੈ) ਤਾਂ ਇਹ ਦਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਬਾਬਾ ਨਾਨਕ ਕਿਹੜੇ 'ਜਪੁ' ਜਾਂ 'ਨਾਮ ਜਪਣ' ਦੀ ਗੱਲ ਕਰ ਰਹੇ ਸਨ। ਅਸੀ ਬਾਬੇ ਨਾਨਕ ਦੀ ਬਾਣੀ ਵਿਚੋਂ ਹੀ ਲੱਭਾਂਗੇ। ਇਸੇ ਤਰ੍ਹਾਂ 'ਗੁਰੂ' ਦੇ ਅਰਥ ਕਿਸੇ ਵੀ ਪੁਰਾਤਨ ਗ੍ਰੰਥ ਵਿਚ ਉਹ ਨਹੀਂ ਦਿਤੇ ਜੋ ਨਾਨਕ- ਬਾਣੀ ਵਿਚ ਦਿਤੇ ਗਏ ਹਨ। ਅਸੀ 100 ਤੋਂ ਉਪਰ ਅਜਿਹੇ ਸ਼ਬਦਾਂ ਨੂੰ 'ਜਪੁਜੀ'² ਵਿਚੋਂ ਹੀ ਲੱਭਾਂਗੇ ਜਿਨ੍ਹਾਂ ਦੇ ਪਹਿਲਾਂ ਅਰਥ ਹੋਰ ਕੀਤੇ ਜਾਂਦੇ ਸਨ ਪਰ ਯੁਗ ਪੁਰਸ਼ ਬਾਬੇ ਨਾਨਕ ਨੇ ਜਿਨ੍ਹਾਂ ਦੇ ਅਰਥ ਪੂਰੀ ਤਰ੍ਹਾਂ ਬਦਲ ਦਿਤੇ ਹਨ। ਇਸ ਕਸਰਤ ਵਿਚ ਅਸੀ ਕਾਮਯਾਬ ਤਾਂ ਹੀ ਹੋਵਾਂਗੇ ਜੇ ਪਹਿਲਾਂ ਇਹ ਮੰਨ ਲਈਏ ਕਿ ਬਾਬਾ ਨਾਨਕ ਇਕ ਯੁਗ ਪੁਰਸ਼ ਸੀ। ਜੇ ਇਹ ਮੰਨੇ ਬਗ਼ੈਰ ਜਾਂ ਸਮਝੇ ਬਗ਼ੈਰ, ਨਾਨਕ-ਬਾਣੀ ਦੇ ਅਰਥ ਕਰਨ ਲੱਗ ਪਵਾਂਗੇ ਤਾਂ ਪੁਰਾਣੇ ਗ੍ਰੰਥਾਂ ਦੇ ਅਰਥਾਂ ਵਿਚ ਬਾਬੇ ਨਾਨਕ ਦੀ ਬਾਣੀ ਨੂੰ ਉਲਝਾ ਕੇ ਰੱਖ ਦੇਵਾਂਗੇ ਤੇ ਅਰਥਾਂ ਦੀ ਥਾਂ ਅਨਰਥ ਕਰ ਬੈਠਾਂਗੇ। ਸੋ ਬਾਬੇ ਨਾਨਕ ਦੀ ਬਾਣੀ ਦੇ ਅਰਥ ਕਰਨ ਤੋਂ ਪਹਿਲਾਂ ਅਸੀ ਬਾਬਾ ਨਾਨਕ ਨੂੰ ਮਾਨਵਤਾ ਦੇ ਇਤਿਹਾਸ ਦਾ ਯੁਗ ਪੁਰਸ਼ ਮੰਨ ਕੇ ਹੀ ਅੱਗੇ ਚੱਲਾਂਗੇ। ਸਮੇਂ ਦੀ ਵੰਡ ਕਰ ਕੇ, ਬਣਾਏ ਗਏ ਯੁਗ (ਦੁਆਪਰ, ਤਰੇਤਾ, ਕਲਯੁਗ) ਵੀ ਬਾਬੇ ਨਾਨਕ ਨੂੰ ਪ੍ਰਵਾਨ ਨਹੀਂ ਸਨ। ਉਨ੍ਹਾਂ ਦੀ ਬਾਣੀ ਵਿਚੋਂ ਹੀ ਅਸੀ ਵੇਖਾਂਗੇ ਕਿ ਸਮਾਂ ਯੁਗ ਨਹੀਂ ਪਲਟਦਾ, ਨਵੇਂ ਵਿਚਾਰ ਯੁਗ ਪਲਟਦੇ ਹਨ ਜਾਂ ਨਵੀਆਂ ਵਿਚਾਰਧਾਰਾਵਾਂ ਯੁਗ ਪੁਲਟਦੀਆਂ ਹਨ। ਬਾਬੇ ਨਾਨਕ ਨੇ ਇਹੀ ਕੁੱਝ ਕੀਤਾ ਸੀ।