ਸੋ ਦਰ ਤੇਰਾ ਕੇਹਾ - ਕਿਸਤ - 3

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਬਾਬੇ ਨਾਨਕ ਦੇ ਘਰ ਵਿਚ ਆਰਾਧਨਾ ਤੇ ਉਪਮਾ ਕੇਵਲ 'ਇਕ' ਦੀ ਹੋ ਸਕਦੀ ਹੈ, ਹੋਰ ਕਿਸੇ ਦੀ ਨਹੀਂ।

So Dar Tera Keha

ਅਧਿਆਏ - 2

ਬਾਬੇ ਨਾਨਕ ਦੇ ਘਰ ਵਿਚ ਆਰਾਧਨਾ ਤੇ ਉਪਮਾ ਕੇਵਲ 'ਇਕ' ਦੀ ਹੋ ਸਕਦੀ ਹੈ, ਹੋਰ ਕਿਸੇ ਦੀ ਨਹੀਂ। ਬਾਬੇ ਨਾਨਕ ਦਾ ਘਰ, ਧਰਮ ਦਾ ਘਰ ਹੈ। ਧਰਮ ਦੇ ਇਸ ਘਰ ਵਿਚ, ਬੀਤੇ ਵਿਚ ਦੇਵੀ ਦੇਵਤਿਆਂ, ਧਰਮਾਂ ਦੇ ਬਾਨੀਆਂ, ਪੀਰਾਂ, ਪੈਗ਼ੰਬਰਾਂ, ਮਹਾਤਮਾਵਾਂ ਨੂੰ ਰੱਬ ਵਾਂਗ ਪੂਜਿਆ ਜਾਂਦਾ ਰਿਹਾ ਹੈ। ਹੌਲੀ ਹੌਲੀ ਰੱਬ ਦੂਰ ਹੁੰਦਾ ਜਾਂਦਾ ਹੈ ਤੇ ਧਰਮ ਦੇ ਬਾਨੀ, ਪੀਰ, ਪੈਗ਼ੰਬਰ ਤੇ ਮਹਾਤਮਾ ਲੋਕ ਹੀ ਪੂਜੇ ਜਾਣ ਲਗਦੇ ਸਨ ਤੇ ਕਈ ਘਰਾਣਿਆਂ ਦੇ 'ਕੁਲ-ਦੇਵਤਾ', 'ਕੁਲ-ਪ੍ਰੋਹਿਤ' ਤੇ 'ਕੁਲ-ਮਹਾਤਮਾ'² ਬਣ ਜਾਂਦੇ ਸਨ। ਬਾਬਾ ਨਾਨਕ ਨੇ ਸਾਰੇ ਮਨੁੱਖਾਂ ਨੂੰ ਇਕ ਇਕਾਈ ਵਜੋਂ ਲਿਆ
ਤੇ ਇਕ ਪਿਤਾ ਦੀ ਸੰਤਾਨ ਮੰਨਿਆ, ਇਸ ਲਈ ਸੱਭ ਦਾ ਗੁਰੂ ਵੀ ਇਕ ਅਕਾਲ ਪੁਰਖ ਨੂੰ ਹੀ ਮੰਨਿਆ, ਇਕੋ ਨੂੰ ਦਾਤਾਰ ਮੰਨਿਆ (ਬਾਕੀ ਸਭਨਾਂ ਨੂੰ ਮੰਗਤੇ), ਇਸ ਲਈ ਆਰਾਧਨਾ ਤੇ ਉਪਮਾ ਵੀ ਕੇਵਲ ਇਕੋ ਦੀ ਹੀ ਹੋ ਸਕਦੀ ਹੈ, ਹੋਰ ਕਿਸੇ ਦੀ ਨਹੀਂ ਕਿਉਂਕਿ ਸਾਰੀ ਸ੍ਰਿਸ਼ਟੀ ਦਾ 'ਸਾਹਿਬ' (ਮਾਲਕ) ਇਕੋ ਹੈ :-

ਸਾਹਿਬ ਮੇਰਾ ਏਕੋ ਹੈ || ਏਕੋ ਹੈ ਭਾਈ ਏਕੋ ਹੈ || (ਮ: ੧; ੩੫੦)

ਹਰਿ ਇਕੋ ਮੇਰਾ ਦਾਤਾਰੁ ਹੈ, ਸਿਰ ਦਾਤਿਆ ਜਗ ਹਥਿ ||

ਹਰਿ ਇਕਸੈ ਦੀ ਮੈ ਟੇਕ ਹੈ, ਜੋ ਸਿਰਿ ਸਭਨਾ ਸਮਰਥੁ || (ਮ: ੫; ੯੫੯)

ਇਸ ਤਰ੍ਹਾਂ ਜੇ ਕਿਸੇ ਰਚਨਾ ਜਾਂ ਬਾਣੀ ਵਿਚ ਉਸ 'ਏਕੋ' ਤੋਂ ਬਿਨਾਂ ਕਿਸੇ ਹੋਰ (ਅਵਤਾਰ, ਪੈਗ਼ੰਬਰ, ਦੇਵਤਾ, ਬਾਨੀ) ਦੀ ਮਹਿਮਾ ਗਾਈ ਗਈ ਹੈ ਤਾਂ ਉਹ ਰਚਨਾ ਬਾਬੇ ਨਾਨਕ ਦੇ ਘਰ ਵਿਚ 'ਗੁਰਬਾਣੀ' ਨਹੀਂ ਅਖਵਾ ਸਕਦੀ। ਇਸ ਘਰ ਵਿਚ ਅਕਾਲ ਪੁਰਖ ਤੋਂ ਬਿਨਾਂ ਕੋਈ ਵੀ 'ਸਾਹਿਬ' ਨਹੀਂ ਹੈ। ਬਾਬੇ ਨਾਨਕ ਤੋਂ ਪਹਿਲਾਂ 'ਬੁਧਮ ਸ਼ਰਣਮ ਗੱਛਾਮੀ' ਵਰਗੀਆਂ ਆਵਾਜ਼ਾਂ ਧਰਮ ਦੇ ਵਿਹੜੇ ਵਿਚੋਂ ਆਮ ਸੁਣੀਆਂ ਜਾਂਦੀਆਂ ਸਨ ਪਰ ਬਾਬੇ ਨਾਨਕ ਨੇ 'ਨਾਨਕਮ ਸ਼ਰਣਮ ਗੱਛਾਮੀ' ਦਾ ਨਾਹਰਾ ਨਹੀਂ ਦਿਤਾ ਸਗੋਂ ਇਕੋ ਪ੍ਰਮਾਤਮਾ ਦੀ ਸ਼ਰਣ ਨੂੰ ਮਨੁੱਖ ਦਾ ਆਦਰਸ਼ ਮਿਥਿਆ। ਉਹ ਪ੍ਰਮਾਤਮਾ ਕੌਣ ਹੈ, ਕਿਥੇ ਹੈ ਤੇ ਕੀ ਹੈ-ਇਨ੍ਹਾਂ ਸਵਾਲਾਂ ਦੇ ਉੱਤਰ ਵੀ ਬਾਬਾ ਜੀ ਨੇ ਬੜੇ ਵਿਸਥਾਰ ਨਾਲ ਦਿਤੇ ਹਨ। ਬਦਕਿਸਮਤੀ ਨਾਲ, ਏਨੀ ਸਪੱਸ਼ਟ-ਬਿਆਨੀ ਦੇ ਬਾਵਜੂਦ, ਬਾਬੇ ਨਾਨਕ ਦੇ ਸਿੱਖ ਵੀ ਇਸ ਅਸੂਲ ਦੀ ਉਲੰਘਣਾ ਕਰਨ ਨੂੰ ਫ਼ਖ਼ਰ ਦੀ ਗੱਲ ਮਹਿਸੂਸ ਕਰਨ ਲੱਗ ਪਏ ਹਨ ਤੇ ਜਿਹੜਾ ਕੋਈ ਬਾਬੇ ਨਾਨਕ ਦੇ ਹੁਕਮਾਂ ਦੀ ਯਾਦ ਕਰਵਾ ਦੇਵੇ, ਉਸ ਨੂੰ 'ਅਸ਼ਰਧਕ' ਕਹਿਣ ਲੱਗ ਜਾਂਦੇ ਹਨ। ਕੁੱਝ ਸੋਚਵਾਨਾਂ ਨੇ ਪਿਛੇ ਜਹੇ ਇਤਰਾਜ਼ ਉਠਾਇਆ ਸੀ ਕਿ ਭੱਟਾਂ ਦੇ ਸਵਈਏ ਸ਼ਾਇਦ 'ਬਾਣੀ' ਨਹੀਂ ਹਨ ਕਿਉਂਕਿ ਉਨ੍ਹਾਂ ਵਿਚ 'ਏਕੋ ਸਾਹਿਬ' ਦੀ ਉਪਮਾ ਦੀ ਥਾਂ, ਗੁਰੂਆਂ ਦੀ
ਉਪਮਾ ਸੀ। ਇਹ ਇਤਰਾਜ਼ ਖੜਾ ਕਰਨ ਵਾਲੇ ਠੀਕ ਸਨ ਜਾਂ ਗ਼ਲਤ, ਇਸ ਨੂੰ ਲਾਂਭੇ ਰਖਦਿਆਂ ਹੋਇਆਂ, ਇਸ ਸਮੇਂ ਕੇਵਲ ਏਨਾ ਜਾਣਨਾ ਹੀ ਜ਼ਰੂਰੀ ਹੈ ਕਿ ਬਾਬੇ ਨਾਨਕ ਦੇ ਉਪ੍ਰੋਕਤ ਨਿਯਮ ਦੀ ਮਾੜੀ ਜਹੀ ਉਲੰਘਣਾ ਵੀ ਗੁਰੂ ਘਰ ਵਿਚ ਪ੍ਰਵਾਨ ਨਹੀਂ ਹੋ ਸਕਦੀ। ਜਿਹੜੇ ਇਹ ਸਮਝਦੇ ਹਨ ਕਿ ਭੱਟਾਂ ਨੇ ਕੋਈ ਉਲੰਘਣਾ ਨਹੀਂ ਕੀਤੀ, ਉੁਨ੍ਹਾਂ ਨੂੰ ਦਲੀਲਾਂ ਦੇ ਕੇ ਸਾਬਤ ਕਰਨਾ ਪੈਂਦਾ ਹੈ ਕਿ ਬਾਬੇ ਨਾਨਕ ਦੇ ਸਿਧਾਂਤ ਦੀ ਪਾਲਣਾ ਭੱਟਾਂ ਨੇ ਵੀ ਕੀਤੀ ਹੈ। ਸਿਧਾਂਤ ਰੂਪ ਵਿਚ, ਬਾਬੇ ਨਾਨਕ ਵਲੋਂ ਵਾਹੀ ਗਈ 'ਰਾਮ ਕਾਰ' ਨੂੰ ਟੱਪਣ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈ ਤੇ ਜਿਹੜਾ ਕੋਈ ਟੱਪੇਗਾ, ਉਹ ਗੁਰਬਾਣੀ ਦੇ ਠੀਕ ਅਰਥ ਨਹੀਂ ਸਮਝ ਸਕੇਗਾ। ਹੁਣ ਅਸੀ ਨਾਨਕ-ਬਾਣੀ ਨੂੰ ਸਮਝਣ ਲਈ ਲੋੜੀਂਦੀ ਤੀਜੀ ਜ਼ਰੂਰੀ ਸ਼ਰਤ ਦਾ ਜ਼ਿਕਰ ਕਰਾਂਗੇ।

ਲੇਖਕ: ਜੋਗਿੰਦਰ ਸਿੰਘ