ਸੋ ਦਰ ਤੇਰਾ ਕੇਹਾ - ਕਿਸਤ - 6

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਲਈ ਅਸੀਂ ਚਾਰ ਗੱਲਾਂ ਦਾ ਜ਼ਿਕਰ ਹੁਣ ਤਕ ਕਰ ਚੁੱਕੇ ਹਾਂ

So Dar Tera Keha

ਅਧਿਆਏ - 5

ਬਾਬੇ ਨਾਨਕ ਦੀ ਬਾਣੀ ਨੂੰ ਸਮਝਣ ਲਈ ਅਸੀਂ ਚਾਰ ਗੱਲਾਂ ਦਾ ਜ਼ਿਕਰ ਹੁਣ ਤਕ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਸਾਹਮਣੇ ਰੱਖੇ ਬਗ਼ੈਰ, ਇਸ ਬਾਣੀ ਨੂੰ ਠੀਕ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ। ਜਿਹੜੇ ਟਪਲੇ ਉਲਥਾਕਾਰਾਂ, ਕਥਾਕਾਰਾਂ ਤੇ ਵਿਆਖਿਆਕਾਰਾਂ ਨੂੰ ਲੱਗੇ ਹਨ, ਉਨ੍ਹਾਂ ਦਾ ਕਾਰਨ ਵੀ ਇਹੀ ਹੈ ਕਿ ਨਾਨਕ-ਬਾਣੀ ਨੂੰ ਸਮਝਣ ਤੋਂ ਪਹਿਲਾਂ ਉਹ 'ਨਾਨਕ' ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਜਾਂ ਜੇ ਕਰਦੇ ਵੀ ਹਨ ਤਾਂ ਪੁਰਾਤਨ ਗ੍ਰੰਥਾਂ ਦੇ ਹਵਾਲੇ ਦੇ ਕੇ ਸਮਝਣ ਦਾ ਯਤਨ ਕਰਦੇ ਹਨ (ਉਹ ਸਾਰੇ ਗ੍ਰੰਥ ਪੁਜਾਰੀ ਸ਼੍ਰੇਣੀ ਨਾਲ ਸਬੰਧਤ ਲੋਕਾਂ ਦੇ ਲਿਖੇ ਹੋਏ ਹੋਣ ਕਰ ਕੇ, ਇਕ ਯੁਗ-ਪੁਰਸ਼ ਨੂੰ ਸਮਝਣ ਵਿਚ ਕਿਵੇਂ ਵੀ ਸਹਾਈ ਨਹੀਂ ਹੋ ਸਕਦੇ)। ਇਸੇ ਲੜੀ ਵਿਚ ੴ ਦੇ ਅਰਥ ਕਰਨ ਤੋਂ ਪਹਿਲਾਂ ਅਸੀ ਉਸ ਪੰਜਵੇਂ ਸੱਚ ਦੀ ਗੱਲ ਕਰਨਾ ਚਾਹਾਂਗੇ ਜਿਸ ਨੂੰ ਪੱਲੇ ਬੰਨਣ ਤੋਂ ਬਿਨਾਂ ਸਿੱਖੀ ਅਤੇ ਬਾਣੀ ਦੀ ਸਮਝ ਆ ਹੀ ਨਹੀਂ ਸਕਦੀ। ਅੱਜ ਜੋ ਵੀ ਖ਼ਰਾਬੀ ਸਿੱਖ ਧਰਮ ਅਤੇ ਸਿੱਖ ਸੋਚ, ਸਿੱਖ ਸਮਾਜ ਵਿਚ ਆਈ ਹੋਈ ਹੈ, ਉਸ ਦਾ ਮੁੱਖ ਕਾਰਨ ਇਹੀ ਹੈ ਕਿ ਇਸ ਪੰਜਵੇਂ ਤੱਤ ਬਾਰੇ ਅਸੀ ਅੱਖਾਂ ਮੀਟ ਲਈਆਂ ਹਨ ਅਤੇ ਤਬਾਹੀ ਵਲ ਜਾ ਰਹੇ ਹਾਂ।

5. ਪੁਜਾਰੀ ਸ਼੍ਰੇਣੀ ਕੇਵਲ ਝੂਠੇ ਦਾਅਵੇ ਕਰਦੀ ਹੈ, ਇਸ ਲਈ ਇਸ ਦੀ ਕਿਸੇ ਗੱਲ ਤੇ ਇਤਬਾਰ ਨਾ ਕਰੋ।

ਬਾਬੇ ਨਾਨਕ ਦੀ ਬਾਣੀ ਵਿਚ, ਕਰੜੇ ਤੋਂ ਕਰੜੇ ਸ਼ਬਦਾਂ ਵਿਚ ਨਿਖੇਧੀ ਜਿੰਨੀ ਪੁਜਾਰੀ ਸ਼੍ਰੇਣੀ ਦੀ ਕੀਤੀ ਗਈ ਹੈ, ਏਨੀ ਕਿਸੇ ਵੀ ਹੋਰ ਤਬਕੇ ਦੀ ਨਹੀਂ ਕੀਤੀ ਗਈ (ਸਿਵਾਏ ਜ਼ਾਲਮ ਹਾਕਮਾਂ ਦੇ)। ਕਾਰਨ? ਇਹ ਸ਼੍ਰੇਣੀ ਬਾਹਰੀ ਤੌਰ ਤੇ, ਧਰਮੀ ਹੋਣ ਦਾ ਭੇਖ ਧਾਰ ਕੇ ਜਿੰਨਾ ਝੂਠ ਬੋਲਦੀ ਹੈ ਤੇ ਜਿੰਨਾ ਲੋਕਾਂ ਨੂੰ ਲੁਟਦੀ ਹੈ, ਏਨਾ ਹੋਰ ਕੋਈ ਸ਼੍ਰੇਣੀ ਨਹੀਂ ਕਰ ਸਕਦੀ। ਇਸ ਨੇ ਕਪੜੇ ਸੋਹਣੇ ਪਾਏ ਹੋਏ ਹੁੰਦੇ ਹਨ, ਬਾਹਰੀ ਭੇਖ ਪੱਕੇ ਧਰਮੀਆਂ ਵਾਲਾ ਧਾਰਨ ਕੀਤਾ ਹੋਇਆ ਹੁੰਦਾ ਹੈ ਤੇ ਭਾਸ਼ਾ ਧਰਮ ਵਾਲੀ ਬੋਲ ਰਹੀ ਹੁੰਦੀ ਹੈ, ਇਸ ਲਈ ਆਮ, ਸਾਧਾਰਣ ਮਨੁੱਖ ਇਸ ਦੇ ਜਾਲ ਵਿਚ ਛੇਤੀ ਫੱਸ ਜਾਂਦਾ ਹੈ। ਜਦ ਇਸ ਸ਼੍ਰੇਣੀ ਦਾ ਜਾਦੂ ਇਕ ਵਾਰੀ ਚਲ ਜਾਂਦਾ ਹੈ ਤਾਂ ਪੁਜਾਰੀ ਸ਼੍ਰੇਣੀ ਦਾ ਝੂਠ ਹੋਰ ਵੀ ਪ੍ਰਚੰਡ ਹੋਣ ਲਗਦਾ ਹੈ ਤੇ ਉਹ ਲੋਕਾਂ ਨੂੰ ਲੁੱਟਣ ਦਾ ਕੰਮ ਤੇਜ਼ ਕਰ ਦੇਂਦੀ ਹੈ। ਬਾਬਾ ਨਾਨਕ ਪਹਿਲਾਂ ਉਸ ਦੇ ਮੱਥੇ ਤੇ ਲੱਗੇ ਟਿੱਕੇ ਅਤੇ ਤੇੜ ਧੋਤੀ ਦਾ ਜ਼ਿਕਰ ਕਰਦੇ ਹੋਏ ਫਿਰ ਫ਼ਰਮਾਉੁਂਦੇ ਹਨ:

ਹਥ ਛੁਰੀ ਜਗਤੁ ਕਾਸਾਈ ||

ਪੁਜਾਰੀ ਸ਼੍ਰੇਣੀ ਧਰਮ ਦਾ ਭੇਖ ਧਾਰ ਕੇ, ਅਪਣੇ ਭੇਖ ਅਤੇ ਧਰਮ ਵਾਲੀ ਮਿੱਠੀ ਭਾਸ਼ਾ ਨੂੰ ਇਸ ਤਰ੍ਹਾਂ ਵਰਤਦੀ ਹੈ ਜਿਵੇਂ ਕਸਾਈ ਹੱਥ ਵਿਚ ਛੁਰੀ ਫੜ ਕੇ, ਅਪਣੇ ਸ਼ਿਕਾਰ ਵਲ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਜਾਂਦਾ ਹੈ। ਪਰ ਲੁਟਣਾ ਵੀ ਇਕ ਪੱਖ ਹੈ ਜੋ ਕੁੱਝ ਹੱਦ ਤਕ ਬਰਦਾਸ਼ਤ ਵੀ ਕੀਤਾ ਜਾ ਸਕਦਾ ਹੈ। ਹੌਲੀ ਹੌਲੀ ਪੁਜਾਰੀ ਸ਼੍ਰੇਣੀ ਧਰਮ ਦੀਆਂ ਜੜਾਂ ਖੋਖਲੀਆਂ ਕਰਨ ਲੱਗ ਜਾਂਦੀ ਹੈ ਤੇ ਉਹ ਸੱਭ ਤੋਂ ਮਾੜੀ ਗੱਲ ਹੁੰਦੀ ਹੈ। ਇਸੇ ਲਈ ਬਾਬਾ ਨਾਨਕ ਨੇ ਸੱਭ ਤੋਂ ਜ਼ਿਆਦਾ ਇਸ ਪੁਜਾਰੀ ਸ਼੍ਰੇਣੀ ਨੂੰ ਨਿੰਦਿਆ ਹੈ ਅਤੇ ਇਸ ਨੂੰ ਅਪਣੇ ਧਰਮ ਤੋਂ ਦੂਰ ਰਖਿਆ ਹੈ। ਜ਼ਰਾ ਬਾਬੇ ਨਾਨਕ ਦੇ ਜੀਵਨ ਉਤੇ ਇਕ ਉਡਦੀ ਝਾਤ ਮਾਰ ਕੇ ਤਾਂ ਵੇਖੋ। ਕੀ ਕਿਸੇ ਇਕ ਵੀ ਥਾਂ ਤੇ ਜਾ ਕੇ ਉਨ੍ਹਾਂ ਪੁਜਾਰੀ ਸ਼੍ਰੇਣੀ ਦੇ ਕੰਮਾਂ ਦੀ ਪ੍ਰਸੰਸਾ ਕੀਤੀ? ਨਹੀਂ, ਹਰ ਥਾਂ ਹੀ ਇਹ ਹੋਕਾ ਦਿਤਾ ਕਿ ਪੁਜਾਰੀ ਸ਼੍ਰੇਣੀ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਇਸ ਲਈ ਇਸ ਦੀ ਕੋਈ ਗੱਲ ਨਾ ਮੰਨੋ।

ਬਦਕਿਸਮਤੀ ਨਾਲ ਪੁਜਾਰੀ ਸ਼੍ਰੇਣੀ ਫਿਰ ਤੋਂ ਸਿੱਖ ਸਮਾਜ ਉਤੇ ਆ ਕਾਬਜ਼ ਹੋਈ ਹੈ ਅਤੇ ਸਿਆਸਤਦਾਨਾਂ ਦੇ ਕੰਧਾੜੇ ਚੜ ਕੇ ਧਰਮ ਲਈ ਮਾਰੂ ਸਾਬਤ ਹੋ ਰਹੀ ਹੈ। ਹੁਣ ਉਹ 'ਗੁਰਬਿਲਾਸ ਪਾਤਸ਼ਾਹੀ-6' ਦੀ ਕਥਾ ਦੀ ਸਿਫ਼ਾਰਸ਼ ਕਰਨ ਲੱਗ ਪਈ ਹੈ (ਇਸ ਗੰਦੀ ਪੁਤਸਕ ਦੀ ਕਥਾ ਮਹੰਤਾਂ ਵੇਲੇ ਹੁੰਦੀ ਸੀ ਤੇ ਗੁਰਦਵਾਰਾ ਸੁਧਾਰ ਲਹਿਰ ਨੇ, ਸਫ਼ਲ ਹੁੰਦੇ ਸਾਰ, ਬੰਦ ਕਰਵਾ ਦਿਤੀ ਸੀ) ਅਤੇ ਦਾਅਵੇ ਕਰਨ ਲੱਗ ਪਈ ਹੈ ਕਿ ਉਹ ਜਿਸ ਨੂੰ ਚਾਹੇ, ਸਿੱਖ ਪੰਥ 'ਚੋਂ ਬਾਹਰ ਵੀ ਕੱਢ ਸਕਦੀ ਹੈ ਤੇ ਕੋਈ ਉਸ ਦੇ ਲਿਖੇ ਨੂੰ ਮੇਟ ਨਹੀਂ ਸਕਦਾ। ਏਨੀ ਭ੍ਰਿਸ਼ਟ, ਗ਼ੁਲਾਮ ਤਬੀਅਤ ਵਾਲੀ ਅਤੇ ਸਿੱਖੀ ਦੇ ਅਸੂਲਾਂ ਤੋਂ ਉਖੜੀ ਹੋਈ ਪੁਜਾਰੀ ਸ਼੍ਰੇਣੀ ਜਦ ਧਰਮ ਦੇ ਮਾਮਲੇ ਵਿਚ ਸਿੱਖਾਂ ਨੂੰ 'ਹੁਕਮ' ਦੇਂਦੀ ਹੈ ਤੇ 'ਹੁਕਮਨਾਮੇ' ਜਾਰੀ ਕਰਦੀ ਹੈ ਤਾਂ ਲਗਦਾ ਹੈ, ਸਿੱਖਾਂ ਨੇ ਬਾਬੇ ਨਾਨਕ ਨੂੰ ਬਿਲਕੁਲ ਹੀ ਵਿਸਾਰ ਦਿਤਾ ਹੈ।

ਪਰ ਨਾਨਕ-ਬਾਣੀ ਦੀ ਵਿਆਖਿਆ ਕਰਨ ਸਮੇਂ ਸਾਡੇ ਲਈ ਸਮਝਣ ਵਾਲੀ ਗੱਲ ਕੇਵਲ ਏਨੀ ਹੀ ਹੈ ਕਿ ਇਸ ਪੁਜਾਰੀ ਸ਼੍ਰੇਣੀ ਦੇ ਅਸਰ ਹੇਠ, ਗੁਰਬਾਣੀ ਜਾਂ ਨਾਨਕ-ਬਾਣੀ ਨੂੰ ਨਾ ਕਦੇ ਸਹੀ ਰੂਪ ਵਿਚ ਸਮਝਿਆ ਜਾ ਸਕੇਗਾ, ਨਾ ਇਹ ਸ਼੍ਰੇਣੀ ਸਮਝਣ ਦੇਵੇਗੀ ਹੀ। ਪੁਜਾਰੀ ਸ਼੍ਰੇਣੀ ਵਲੋਂ ਪੂਰੀ ਤਰ੍ਹਾਂ ਮੂੰਹ ਮੋੜ ਕੇ ਹੀ ਅਸੀ ਨਾਨਕ-ਬਾਣੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਤੇ ਸੇਧ ਕਿਸੇ ਹੋਰ ਤੋਂ ਨਹੀਂ, ਬਾਬੇ ਨਾਨਕ ਤੋਂ ਹੀ ਲੈ ਰਹੇ ਹਾਂ। ਅਜਿਹੀ ਸੇਧ ਲੈਣ ਉਪਰੰਤ, ਹੁਣ ਅਸੀ ੴ ਦੇ ਅਰਥਾਂ ਨਾਲ ਅੱਗੇ ਵਧਦੇ ਹਾਂ।

ਲੇਖਕ: ਜੋਗਿੰਦਰ ਸਿੰਘ