ਸੋ ਦਰ ਤੇਰਾ ਕਿਹਾ - ਕਿਸਤ - 10

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਸੋ ਦਰ ਕਿਹਾ

ਪੁਸਤਕ ਦਾ ਪਹਿਲਾ ਅਧਿਆਏ ਪੜ੍ਹ ਕੇ ਹੀ, ਹੋਰ ਪੜ੍ਹਨ ਦੀ ਲੋੜ ਨਾ ਰਹੀ।

So Dar Tera Keha

ਅੱਗੇ......

ਪੁਸਤਕ ਦਾ ਪਹਿਲਾ ਅਧਿਆਏ ਪੜ੍ਹ ਕੇ ਹੀ, ਹੋਰ ਪੜ੍ਹਨ ਦੀ ਲੋੜ ਨਾ ਰਹੀ। ਪਹਿਲੇ ਅਧਿਆਏ ਵਿਚ ਲੇਖਕ ਲਿਖਦਾ ਹੈ :

''ਕੋਈ ਇਹ ਸਾਬਤ ਨਹੀਂ ਕਰ ਸਕਦਾ ਕਿ ਰੱਬ ਸਚਮੁਚ ਹੈ। ਪਰ ਮੈਂ ਸਾਬਤ ਕਰ ਸਕਦਾ ਹਾਂ ਕਿ ਰੱਬ ਨਹੀਂ ਹੈ। ਵੇਖੋ, ਮੈਂ ਰੱਬ ਦੀ ਬਹੁਤ ਤਾਰੀਫ਼ ਕਰਦਾ ਹਾਂ ਤੇ ਗਿੜਗਿੜਾਉਂਦਾ ਹਾਂ ਕਿ ਉਹ ਮੈਨੂੰ ਦਰਸ਼ਨ ਦੇਵੇ। ਪਰ ਉਹ ਕਿਉਂਕਿ ਹੈ ਈ ਨਹੀਂ, ਇਸ ਲਈ ਉਹ ਸਾਹਮਣੇ ਨਹੀਂ ਆਉਂਦਾ। ਹੁਣ ਮੈਂ ਉਸ ਨੂੰ ਗੰਦੀਆਂ ਗਾਲਾਂ ਕਢਦਾ ਹਾਂ ਤੇ ਕਹਿੰਦਾ ਹਾਂ ਕਿ ਜੇ ਉਹ ਹੈ ਤਾਂ ਆਏ ਸਾਹਮਣੇ ਤੇ ਵਿਗਾੜ ਲਵੇ ਮੇਰਾ ਜੋ ਵਿਗਾੜ ਸਕਦਾ ਹੈ। ਕੋਈ ਨਹੀਂ ਆਉਂਦਾ। ਕੋਈ ਹੋਵੇ ਤਾਂ ਆਵੇ। ਸੋ ਸਾਬਤ ਹੋ ਗਿਆ ਕਿ ਜੋ ਤਾਰੀਫ਼ ਸੁਣ ਕੇ ਵੀ ਨਹੀਂ ਆਉਂਦਾ ਤੇ ਗਾਲਾਂ ਸੁਣ ਕੇ ਵੀ ਨਹੀਂ ਆਉਂਦਾ, ਉਹ ਅਸਲ ਵਿਚ ਹੈ ਈ ਨਹੀਂ।''

ਕੀੜੀ ਹਾਥੀ ਨੂੰ ਚੁਨੌਤੀ ਦੇਵੇ ਕਿ ਜੇ ਉਹ ਸਚਮੁਚ ਬੜਾ ਤਾਕਤਵਰ ਹੈ ਤਾਂ ਉਸ ਨਾਲ ਲੜਨ ਦੀ ਚੁਨੌਤੀ ਕਬੂਲ ਕਰੇ। ਹਾਥੀ ਅੱਗੋਂ ਮੂੰਹ ਪਰਲੇ ਪਾਸੇ ਕਰ ਛੱਡੇ ਤਾਂ ਕੀੜੀ ਅਪਣੇ ਡੌਲੇ ਫੜਕਾਉਂਦੀ ਹੋਈ ਅਪਣੀ ਤਾਕਤ ਬਾਰੇ ਕੁੱਝ ਵੀ ਦਾਅਵਾ ਕਰਨ ਵਿਚ ਆਜ਼ਾਦ ਹੈ। 'ਦੇਵ ਸਮਾਜੀ' ਲੇਖਕ ਵੀ ਕੀੜੀ ਮਾਰਕਾ ਦਾਅਵਾ ਕਰਨਾ ਚਾਹੁਣ ਤਾਂ ਉੁਨ੍ਹਾਂ ਨੂੰ ਕੌਣ ਰੋਕ ਸਕਦਾ ਹੈ? ਜੇ ਰੱਬ ਨੇ ਅਪਣੀ ਹੋਂਦ ਨੂੰ ਏਨਾ ਹੀ ਸਸਤਾ ਤੇ ਬੰਦੇ ਦੀ ਗਾਲ ਜਾਂ ਤਾਰੀਫ਼ ਦਾ ਮੁਥਾਜ ਬਣਾ ਦਿਤਾ ਹੁੰਦਾ ਤਾਂ ਫਿਰ ਉਹ ਵੱਡਾ ਕਿਹੜੀ ਗੱਲੋਂ ਹੁੰਦਾ? ਇਹੋ ਜਿਹਾ ਪ੍ਰਤੀਕਰਮ ਤਾਂ ਗਲੀ ਦੇ ਇਕ ਅਨਪੜ੍ਹ, ਬਦਮਾਸ਼ ਵਿਅਕਤੀ ਦਾ ਹੋ ਸਕਦਾ ਹੈ, ਰੱਬ ਦਾ ਨਹੀਂ। ਜੋ ਕਣ ਕਣ ਵਿਚ ਰਮਿਆ ਹੋਇਆ ਹੈ, ਉਹਨੂੰ ਕੀ ਲੋੜ ਹੈ ਕਿ ਤਾਰੀਫ਼ ਅਤੇ ਗਾਲਾਂ ਸੁਣ ਕੇ ਅਪਣਾ ਓਹਲਾ ਖ਼ਤਮ ਕਰ ਦੇਵੇ? ਇਹ ਓਹਲਾ ਖ਼ਤਮ ਕਰਨ ਦਾ ਇਕ ਢੰਗ ਉਹ ਅਪਣੇ ਭਗਤਾਂ ਨੂੰ ਦਸਦਾ ਰਹਿੰਦਾ ਹੈ ਤੇ ਉਹੀ ਰਸਤਾ ਬਾਬਾ ਨਾਨਕ ਜਪੁ ਜੀ ਵਿਚ ਦਸ ਰਹੇ ਹਨ। ਆਪ ਕਹਿੰਦੇ ਹਨ ਕਿ ਓਹਲਾ ਬਣਾਈ ਰੱਖਣ ਲਈ ਉਸਾਰੀ ਗਈ ''ਕੂੜ ਦੀ ਪਾਲ'' ਟੁਟ ਸਕਦੀ ਹੈ ਤੇ ਬੜੀ ਆਸਾਨੀ ਨਾਲ ਟੁਟ ਸਕਦੀ ਹੈ ਜਿਸ ਮਗਰੋਂ ਤੁਹਾਨੂੰ 'ੴ' ਬਾਰੇ ਕਿਸੇ ਹੋਰ ਕੋਲੋਂ ਕੋਈ ਸਵਾਲ ਨਹੀਂ ਪੁਛਣੇ ਪੈਣੇ ਕਿਉਂਕਿ ਕੂੜ ਦੀ ਪਾਲ ਟੁਟਦਿਆਂ ਹੀ ਸੱਭ ਕੁੱਝ ਸਪੱਸ਼ਟ ਹੋ ਜਾਣਾ ਹੈ।

'ੴ' ਗੁਰੂ ਨਾਨਕ ਦੇ ਫ਼ਲਸਫ਼ੇ ਦਾ ਕੇਂਦਰੀ ਬਿੰਦੂ ਹੈ। ਇਸ ਦਾ ਉਚਾਰਨ ਕਿਵੇਂ ਕੀਤਾ ਜਾਏ? ਇਸ ਵੇਲੇ ਤਕ ਤਿੰਨ ਵਿਚਾਰ ਪ੍ਰਣਾਲੀਆਂ ਉਜਾਗਰ ਹੋਈਆਂ ਹਨ ਜੋ ਇਸ ਦੇ ਉਚਾਰਣ ਨੂੰ ਲੈ ਕੇ ਵੱਖ ਵੱਖ ਦਾਅਵੇ ਕਰਦੀਆਂ ਹਨ। ਇਹ ਨਿਰਾ ਵਿਦਵਾਨਾਂ ਦੇ ਸਮਝਣ ਵਾਲਾ ਵਿਸ਼ਾ ਨਹੀਂ, ਹਰ ਆਮ ਸ਼ਰਧਾਲੂ ਤੇ ਧਰਮੀ ਮਨੁੱਖ ਦੀ ਸਮਝ ਵਿਚ ਆ ਸਕਦਾ ਹੈ।

ਲੇਖਕ: ਜੋਗਿੰਦਰ ਸਿੰਘ