10 ਕਰੋੜ ਦੀ ਠੱਗੀ ਕਰਨ ਵਾਲਾ ਭਗੌੜਾ ਸਾਬਕਾ ਜੱਜ ਗ੍ਰਿਫਤਾਰ

ਖਾਸ ਖ਼ਬਰਾਂ

ਬਠਿੰਡਾ: ਸ਼ਹਿਰ ਦੀ ਸਿਵਲ ਲਾਈਨ ਥਾਣਾ ਦੀ ਪੁਲਿਸ ਨੇ ਚਿੱਟ ਫੰਡ ਕੰਪਨੀ ਦੇ ਨਾਂ ‘ਤੇ 10 ਕਰੋੜ ਤੋਂ ਵੱਧ ਦੀ ਠੱਗੀ ਮਾਰ ਕੇ ਫਰਾਰ ਸਾਬਕਾ ਜੱਜ ਤੇ ਉਸ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ 2010 ਵਿੱਚ ਬਠਿੰਡਾ ਦੇ ਸਾਬਕਾ ਵਿਸ਼ੇਸ਼ ਮੈਜਿਸਟ੍ਰੇਟ ਐਚ.ਐਲ. ਕੁਮਾਰ ਦੇ ਪੁੱਤਰ ਪ੍ਰਦੀਪ ਕੁਮਾਰ ਨੇ ਪ੍ਰਫੈਕਟ ਰਿਐਲਿਟੀ ਐਂਡ ਵੈੱਲਫੇਅਰ ਸੁਸਾਇਟੀ ਦੇ ਨਾਂ ਹੇ ਕੰਪਨੀ ਖੋਲ੍ਹੀ ਸੀ। 

ਜਿਸ ਤਹਿਤ ਉਹ ਲੋਕਾਂ ਕੋਲੋਂ ਬੈਂਕ ਨਾਲੋਂ ਦੁੱਗਣਾ ਵਿਆਜ ਦੇਣ ਦੀ ਗੱਲ ਕਹਿ ਕੇ ਪੈਸੇ ਜਮ੍ਹਾਂ ਕਰਵਾਉਂਦੇ ਸਨ ਤੇ ਭਰੋਸੇ ਵਜੋਂ ਲੋਕਾਂ ਨੂੰ ਖਾਲੀ ਚੈੱਕ ਦੇ ਦਿੰਦੇ ਸਨ। ਨਿਵੇਸ਼ਕਾਂ ਨੂੰ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਨੇ ਪੈਸੇ ਵਾਪਸ ਨਾ ਮਿਲਣ ‘ਤੇ ਬੈਂਕ ਵਿਚ ਚੈੱਕ ਲਾਏ ਤਾਂ ਉਹ ਚੈੱਕ ਵੀ ਬਾਊਂਸ ਹੋ ਗਏ।

ਪੁਲਿਸ ਰਿਕਾਰਡ ਮੁਤਾਬਕ ਇਹ ਹੁਣ ਤੱਕ 103 ਲੋਕਾਂ ਕੋਲੋਂ 10 ਕਰੋੜ 30 ਲੱਖ 70 ਹਜ਼ਾਰ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਸਨ। ਪੁਲਿਸ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਤਕਰੀਬਨ ਪੌਣੇ ਦੋ ਸਾਲਾਂ ਬਾਅਦ ਪੁਲਿਸ ਨੂੰ ਸੁਰਾਗ ਮਿਲਿਆ ਕਿ ਜੱਜ ਐਚ ਐਲ ਕੁਮਾਰ ਦਿੱਲੀ ਦੇ ਪ੍ਰੀਤਮਪੁਰਾ ਦੇ ਕਿਸੇ ਬੈਂਕ ਤੋਂ ਪੈਨਸ਼ਨ ਕਢਵਾਉਂਦੇ ਹਨ।

 ਪੁਲਿਸ ਨੇ ਬੈਂਕ ਤੋਂ ਮਿਲੇ ਪਤੇ ‘ਤੇ ਪਿੱਛਾ ਕਰਦਿਆਂ ਜੱਜ ਅਤੇ ਉਸ ਦੇ ਪੁੱਤਰ ਨੂੰ ਸੰਤਪੁਰਾ ਰਾਣੀ ਬਾਗ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਗ੍ਰਿਫਤਾਰੀ ਹੋਣ ਤੋਂ ਬਾਅਦ ਆਪਣਾ ਪੈਸਾ ਗੁਆ ਚੁੱਕੇ ਨਿਵੇਸ਼ਕ ਵੀ ਅਦਾਲਤ ਵਿੱਚ ਪਹੁੰਚ ਗਏ। ਤਕਰੀਬਨ ਤਿੰਨ ਕਰੋੜ ਰੁਪਏ ਗਵਾ ਚੁੱਕੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਜੱਜ ਦੇ ਭਰੋਸੇ ‘ਤੇ ਪੈਸੇ ਜਮ੍ਹਾਂ ਕਰਵਾਉਂਦੇ ਰਹੇ ਤੇ ਠੱਗੀ ਦਾ ਸ਼ਿਕਾਰ ਹੋ ਗਏ। 

ਪੁਲਿਸ ਨੇ ਦੋਵਾਂ ਵਿਰੁੱਧ ਧੋਖਾਧੜੀ ਦੇ ਨਾਲ-ਨਾਲ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਵੀ ਕਰ ਲਿਆ ਹੈ।