10 ਸਾਲ ਦੀ ਬੱਚੀ ਨਾਲ ਬਲਾਤਕਾਰ ਮਾਮਲੇ 'ਚ ਕੋਰਟ ਦਾ ਵੱਡਾ ਫੈਸਲਾ, ਦੋਹਾਂ ਮਾਮਿਆਂ ਨੂੰ ਉਮਰਕੈਦ ਦੀ ਸਜ਼ਾ

ਖਾਸ ਖ਼ਬਰਾਂ

ਚੰਡੀਗੜ੍ਹ: ਕਲਯੁਗੀ ਮਾਮਿਆਂ ਵਲੋਂ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਗਰਭਵਤੀ ਹੋਈ 10 ਸਾਲਾ ਮਾਸੂਮ ਬੱਚੀ ਨੂੰ ਅੱਜ ਇਨਸਾਫ ਮਿਲ ਗਿਆ ਹੈ। ਇਸ ਮਾਮਲੇ ਸਬੰਧੀ ਜ਼ਿਲਾ ਅਦਾਲਤ ਨੇ ਦੋਹਾਂ ਦੋਸ਼ੀ ਮਾਮਿਆਂ ਨੂੰ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ। 

ਇਸ ਦੇ ਨਾਲ ਹੀ ਦੋਹਾਂ ਦੋਸ਼ੀਆਂ ਨੂੰ ਇਕੱਲੇ-ਇਕੱਲੇ 3 ਲੱਖ, 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਅਤੇ ਦੋਹਾਂ ਦੋਸ਼ੀਆਂ ਦੇ ਜ਼ੁਰਮਾਨੇ 'ਚੋਂ 3-3 ਲੱਖ ਰੁਪਏ ਬਤੌਰ ਮੁਆਵਜ਼ਾ ਪੀੜਤ ਬੱਚੀ ਨੂੰ ਦੇਣ ਲਈ ਅਦਾਲਤ ਵਲੋਂ ਹੁਕਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 10 ਸਾਲਾ ਪੀੜਤ ਬੱਚੀ ਦੇ ਮਾਮੇ ਸ਼ੰਕਰ ਤੇ ਕੁਲ ਬਹਾਦਰ ਉਸ ਨਾਲ ਕਾਫੀ ਸਮੇਂ ਤੱਕ ਜ਼ਬਰ-ਜਨਾਹ ਕਰਦੇ ਰਹੇ, ਜਿਸ ਕਾਰਨ ਬੱਚੀ ਗਰਭਵਤੀ ਹੋ ਗਈ। 

ਬੱਚੀ ਦੇ ਮਾਤਾ-ਪਿਤਾ ਨੂੰ ਇਸ ਗੱਲ ਦਾ ਪਤਾ ਉਸ ਸਮੇਂ ਲੱਗਾ, ਜਦੋਂ ਪੇਟ 'ਚ ਦਰਦ ਹੋਣ ਕਾਰਨ ਉਹ ਉਸ ਨੂੰ ਹਸਪਤਾਲ ਲੈ ਕੇ ਗਏ। ਹਸਪਤਾਲ ਦੇ ਡਾਕਟਰਾਂ ਨੇ ਬੱਚੀ ਨੂੰ 6 ਮਹੀਨਿਆਂ ਦੀ ਗਰਭਵਤੀ ਦੱਸਿਆ। 

ਇਸ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੇ ਸੁਪਰੀਮ ਕੋਰਟ ਕੋਲੋਂ ਬੱਚੀ ਦੇ ਗਰਭਪਾਤ ਦੀ ਇਜਾਜ਼ਤ ਮੰਗੀ ਪਰ ਬੱਚੀ ਦੀ ਜਾਨ ਦਾ ਖਤਰਾ ਦੱਸਦੇ ਹੋਏ ਅਦਾਲਤ ਨੇ ਗਰਭਪਾਤ ਕਰਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਬੱਚੀ ਨੇ ਅਗਸਤ ਮਹੀਨੇ ਇਕ ਬੱਚੀ ਨੂੰ ਜਨਮ ਦਿੱਤਾ। ਹੁਣ ਅਦਾਲਤ ਨੇ ਬੱਚੀ ਨਾਲ ਇਨਸਾਫ ਕਰਦੇ ਹੋਏ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ।