10 ਤੋਂ ਵੱਧ ਵਿਅਕਤੀਆਂ ਨੇ ਸੜਕ ਹਾਦਸਿਆਂ 'ਚ ਗਵਾਈ ਜਾਨ

ਖਾਸ ਖ਼ਬਰਾਂ

ਚੰਡੀਗੜ, 11 ਜਨਵਰੀ (ਤਰੁਣ ਭਜਨੀ): ਨਵਾਂ ਸਾਲ ਸ਼ੁਰੂ ਹੋਏ ਨੂੰ ਹਾਲੇ ਮੁਸ਼ਕਲ ਨਾਲ 10 ਦਿਨ ਹੋਏ ਹਨ ਅਤੇ ਟਰਾਈਸਿਟੀ 'ਚ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 10 ਤੋਂ ਵੀ ਉਪਰ ਪਹੁੰਚ ਗਈ ਹੈ। ਇਨ੍ਹਾਂ ਵਿਚ ਸੱਭ ਤੋਂ ਵੱਧ ਸੜਕ ਹਾਦਸੇ ਚੰਡੀਗੜ੍ਹ ਵਿਚ ਵਾਪਰੇ ਹਨ। ਮਰਨ ਵਾਲਿਆਂ ਤੋਂ ਇਲਾਵਾ ਜ਼ਖ਼ਮੀ ਹੋਣ ਵਾਲੇ ਲੋਕਾਂ ਦੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ ਜੋ ਚਿੰਤਾ ਦਾ ਵਿਸ਼ਾ ਹੈ। ਬੀਤੇ ਦਿਨੀਂ ਕੁੱਝ ਲੋਕ ਸੰਘਣੀ ਧੁੰਦ ਕਾਰਨ ਵੀ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ ਹਨ। ਹਾਲਾਂਕਿ ਸੀ.ਟੀ.ਯੂ. ਨੇ ਧੁੰਦ ਨੂੰ ਵੇਖਦੇ ਹੋਏ ਲੋਕਾਂ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਸਨ ਜਿਨ੍ਹਾਂ ਵਿਚ ਸੜਕ 'ਤੇ ਧੁੰਦ ਦੌਰਾਨ ਕਿਵੇਂ ਚਲਣਾ ਚਾਹੀਦਾ ਹੈ, ਉਸ ਬਾਰੇ ਦਸਿਆ ਗਿਆ ਸੀ। 

ਬੀਤੇ ਦਿਨੀਂ ਧਨਾਸ ਨੇੜੇ ਇਕ ਐਂਬੂਲੈਂਸ ਦੀ ਫ਼ੇਟ ਨਾਲ 40 ਸਾਲਾ ਰੇਲਵੇ ਕਰਮਚਾਰੀ ਦੀ ਮੌਤ ਹੋ ਗਈ ਸੀ। ਹਾਦਸਾ ਧੁੰਦ ਕਾਰਨ ਹੋਇਆ ਸੀ।ਚੰਡੀਗੜ੍ਹ ਵਿਚ ਸਾਈਕਲ ਟਰੈਕ ਅਤੇ ਪੈਦਲ ਚੱਲਣ ਵਾਲਿਆਂ ਲਈ ਵਖਰਾ ਰਸਤਾ ਬਣਿਆ ਹੋਣ ਦੇ ਬਾਵਜੂਦ ਇਥੇ ਪੈਦਲ ਚੱਲਣ ਵਾਲੇ ਅਤੇ ਸਾਈਕਲ ਸਵਾਰ ਲੋਕ ਹਾਦਸਿਆਂ ਦਾ ਵੱਧ ਸ਼ਿਕਾਰ ਹੋ ਰਹੇ ਹਨ। ਪਿਛਲੇ 5 ਸਾਲਾਂ ਦੌਰਾਨ 32 ਫ਼ੀ ਸਦੀ ਪੈਦਲ ਚੱਲਣ ਵਾਲੇ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਇਨ੍ਹਾਂ 5 ਸਾਲਾਂ ਵਿਚ 664 ਮਾਮਲਿਆਂ ਵਿਚ 213 ਪੈਦਲ ਚੱਲਣ ਵਾਲੇ ਸਨ।