ਬੀਤੀ 20 ਜਨਵਰੀ ਨੂੰ ਗੁਆਂਢ 'ਚ ਇਕ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਦਾ ਕਹਿ ਕੇ ਘਰੋਂ ਜਾਣ ਵਾਲੇ 12 ਸਾਲਾ ਸਕੂਲੀ ਵਿਦਿਆਰਥੀ ਸੁਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਦੀ ਲਾਸ਼ ਦੇਰ ਸ਼ਾਮ ਪਿੰਡ ਦੀ ਫਿਰਨੀ ਵਾਲੇ ਛੱਪੜ ਵਿਚ ਸਰਕੰਡਿਆਂ 'ਚੋਂ ਬਰਾਮਦ ਹੋ ਗਈ। ਸੁਰਿੰਦਰ ਦੀ ਲਾਸ਼ ਇਕ ਪਲਾਸਟਿਕ ਦੇ ਗੱਟੇ ਵਿਚ ਬੰਦ ਸੀ, ਜਦਕਿ ਉਸ ਦਾ ਮੂੰਹ ਕੱਪੜੇ ਨਾਲ ਬੰਨ੍ਹਿਆ ਹੋਇਆ ਸੀ।
ਪੁਲਿਸ ਮੁਲਾਜ਼ਮਾਂ ਵੱਲੋਂ ਜਦੋਂ ਉਕਤ ਪਲਾਸਟਿਕ ਦੇ ਗੱਟੇ ਨੂੰ ਖੋਲ੍ਹਿਆ ਗਿਆ ਤਾਂ ਉਸ 'ਚ ਸੁਰਿੰਦਰ ਦੀ ਲਾਸ਼ ਸੀ, ਜਦਕਿ ਉਸ ਦੇ ਗਲੇ 'ਤੇ ਦਬਾਏ ਜਾਣ ਦੇ ਨਿਸ਼ਾਨ ਸਨ ਅਤੇ ਮੂੰਹ 'ਚੋਂ ਖੂਨ ਨਿਕਲਿਆ ਹੋਇਆ ਸੀ। ਮ੍ਰਿਤਕ ਦੇ ਮੂੰਹ ਅਤੇ ਸਿਰ 'ਤੇ ਤੂੜੀ ਦੇ ਤਿਣਕੇ ਲੱਗੇ ਹੋਏ ਸਨ, ਜਿਸ ਤੋਂ ਸ਼ੱਕ ਹੋ ਰਿਹਾ ਹੈ ਕਿ ਕਾਤਲ ਨੇ ਉਸ ਦਾ ਕਤਲ ਕਿਸੇ ਤੂੜੀ ਵਾਲੇ ਕਮਰੇ 'ਚ ਕਰ ਕੇ ਉਸ ਦੀ ਲਾਸ਼ ਨੂੰ ਟਿਕਾਣੇ ਲਾਉਣ ਲਈ ਪਲਾਸਟਿਕ ਦੇ ਗੱਟੇ ਵਿਚ ਪਾ ਕੇ ਛੱਪੜ ਕੰਢੇ ਸੁੱਟ ਦਿੱਤਾ ਹੋਵੇ।
ਪਰਿਵਾਰ ਦੀ ਉਮੀਦ ਉਸ ਸਮੇਂ ਟੁੱਟ ਗਈ, ਜਦੋਂ ਸੁਰਿੰਦਰ ਦੀ ਲਾਸ਼ ਮਿਲ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੀ ਦਾਦੀ ਸੁਜਾਨ ਕੌਰ ਅਤੇ ਚਾਚੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਤੇ ਕਰੀਬ 4 ਲੱਖ ਰੁਪਏ ਦਾ ਕਰਜ਼ਾ ਹੈ, ਜਿਸ ਕਰ ਕੇ ਪਿੰਡ ਵਿਚ ਕੋਈ ਕੰਮਕਾਜ ਨਾ ਹੋਣ ਦੀ ਸੂਰਤ 'ਚ ਸੁਰਿੰਦਰ ਦੇ ਮਾਤਾ-ਪਿਤਾ ਖਾਜੂਵਾਲਾ (ਰਾਜਸਥਾਨ) ਵਿਖੇ ਖੇਤੀਬਾੜੀ ਕਰਨ ਲਈ ਚਲੇ ਗਏ ਸਨ ਅਤੇ ਸੁਰਿੰਦਰ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਣ 'ਤੇ ਬੀਤੀ ਰਾਤ ਕਰੀਬ 11:00 ਵਜੇ ਉਸ ਦੇ ਪਿਤਾ ਕੁਲਵੰਤ ਸਿੰਘ ਅਤੇ ਮਾਤਾ ਬੇਅੰਤ ਕੌਰ ਇੱਥੇ ਆ ਗਏ ਸਨ। ਪਰਿਵਾਰ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ।
ਕਾਤਲ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ : ਐੱਸ. ਐੱਸ. ਪੀ.
ਸੁਰਿੰਦਰ ਦੀ ਲਾਸ਼ ਮਿਲਣ 'ਤੇ ਐੱਸ. ਐੱਸ. ਪੀ. ਸੁਸ਼ੀਲ ਕੁਮਾਰ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸੁਰਿੰਦਰ ਦੇ ਕਾਤਲ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਪੁਲਿਸ ਵੱਲੋਂ ਇਸ ਖੇਤਰ 'ਚ ਤੇਜ਼ੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ।
ਪਿੰਡ ਕੁਰਾਈਵਾਲਾ ਵਿਖੇ ਬੀਤੇ ਕਰੀਬ 15 ਦਿਨਾਂ 'ਚ ਲਾਪਤਾ ਹੋਏ ਦੋ ਸਕੂਲੀ ਵਿਦਿਆਰਥੀਆਂ ਦੇ ਮਾਮਲਿਆਂ ਨੂੰ ਲੈ ਕੇ ਰੋਸ ਵਿਚ ਆਏ ਪਿੰਡ ਵਾਸੀਆਂ ਨੇ ਅੱਜ ਆਪਣੇ ਗੁਆਂਢੀ ਪਿੰਡ ਔਲਖ ਦੇ ਵਸਨੀਕਾਂ ਦੀ ਮਦਦ ਨਾਲ ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸੜਕੀ ਆਵਾਜਾਈ ਠੱਪ ਕਰਦਿਆਂ ਪੰਜਾਬ ਸਰਕਾਰ, ਸਿਵਲ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸੜਕ 'ਤੇ ਧਰਨਾ ਦਿੱਤਾ। ਦੂਜੇ ਪਾਸੇ ਧਰਨੇ 'ਚ ਆਮ ਪਾਰਟੀ ਦੇ ਆਗੂ ਜਗਦੀਪ ਸਿੰਘ ਸੰਧੂ ਨੇ ਵੀ ਆਪਣੇ ਸਮਰਥਕਾਂ ਨਾਲ ਪੁੱਜੇ ਅਤੇ ਪਿੰਡ ਵਾਸੀਆਂ ਨੂੰ ਉਕਤ ਮਾਮਲਿਆਂ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।