16 ਨਵੰਬਰ - ਸ਼ਹੀਦੀ ਦਿਹਾੜੇ 'ਤੇ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ
16 ਨਵੰਬਰ - ਸ਼ਹੀਦੀ ਦਿਹਾੜੇ 'ਤੇ ਕਰਤਾਰ ਸਿੰਘ ਸਰਾਭੇ ਨੂੰ ਯਾਦ ਕਰਦਿਆਂ
24 ਮਈ 1896 ਨੂੰ ਸਰਾਭਾ ਪਿੰਡ ਜ਼ਿਲਾ ਲੁਧਿਆਣਾ ਵਿਖੇ ਇੱਕ ਜੱਟ ਪਰਿਵਾਰ 'ਚ ਜਨਮ ਲਿਆ ਕਰਤਾਰ ਸਿੰਘ ਨੇ। ਜਿਸਨੇ ਸਿਰਫ਼ 19 ਸਾਲ ਦੀ ਅਣਭੋਲ ਉਮਰ ਵਿੱਚ ਗ਼ਦਰ ਅੰਦੋਲਨ ਦੇ ਵਿੱਚ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਿਆ ਅਤੇ ਅੱਜ ਉਸ ਮਹਾਨ ਪੰਜਾਬੀ ਯੋਧੇ ਨੂੰ ਦੁਨੀਆ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਨਾਲ ਜਾਣਦੀ ਹੈ। ਪਿਤਾ ਸ.ਮੰਗਲ ਸਿੰਘ ਗਰੇਵਾਲ ਅਤੇ ਮਾਤਾ ਸਾਹਿਬ ਕੌਰ ਦੇ ਲਾਡਲੇ ਦੇ ਸਿਰੋਂ ਪਿਤਾ ਦਾ ਸਾਇਆ ਛੋਟੀ ਉਮਰੇ ਹੀ ਉੱਠ ਗਿਆ ਸੀ। ਉਸਦੇ ਦਾਦਾ ਜੀ ਨੇ ਕਰਤਾਰ ਦੀ ਬਹੁਤ ਪਿਆਰ ਨਾਲ ਦੇਖਭਾਲ ਅਤੇ ਪਾਲਣਾ ਕੀਤੀ। ਮੁਢਲੀ ਸਿਖਿਆ ਜੱਦੀ ਪਿੰਡ ਵਿੱਚ ਲੈਣ ਤੋਂ ਬਾਅਦ ਕਰਤਾਰ ਨੇ ਮਾਲਵਾ ਕਾਲਜ ਲੁਧਿਆਣਾ ਵਿਖੇ ਦਾਖਲਾ ਲਿਆ। ਉਸ ਤੋਂ ਬਾਅਦ ਉਹ ਆਪਣੇ ਚਾਚੇ ਕੋਲ ਉੜੀਸਾ ਚਲਾ ਗਿਆ ਜਿਥੋਂ ਉਸਨੂੰ ਰਸਾਇਣ ਵਿਗਿਆਨ ਦੀ ਪੜ੍ਹਾਈ ਲਈ ਇੱਕ ਸਮੁੰਦਰੀ ਜਹਾਜ ਰਾਹੀਂ ਲਈ ਅਮਰੀਕਾ ਭੇਜਿਆ ਗਿਆ। ਅਮਰੀਕਾ ਵਿੱਚ ਉੱਤਰਦੇ ਹੀ ਜੋ ਵਿਉਹਾਰ ਕਰਤਾਰ ਸਿੰਘ ਨਾਲ ਹੋਇਆ ਉਸਨੇ ਕਰਤਾਰ ਨੂੰ ਧੁਰ ਤੱਕ ਝੰਝੋੜ ਕੇ ਰੱਖ ਦਿੱਤਾ।
ਅਪਮਾਨਜਨਕ ਸਵਾਲ ਅਤੇ ਕਾਗਜ਼ੀ ਕਾਰਵਾਈਆਂ ਅਤੇ ਦਾ ਜਦੋਂ ਉਸਨੇ ਕਾਰਨ ਪੁੱਛਿਆ ਤਾਂ ਜਵਾਬ ਮਿਲਿਆ ਕਿ ਇਹ ਇਸ ਲਈ ਹੈ ਕਿਓਂ ਕਿ ਭਾਰਤੀ ਗੁਲਾਮ ਹਨ। ਅਣਖੀਲੇ ਪੰਜਾਬੀ ਗੱਭਰੂ ਦੇ ਦਿਲ ਤੇ "ਗੁਲਾਮ" ਲਫਜ਼ ਨੇ ਐਸੀ ਸੱਟ ਮਾਰੀ ਕਿ ਇਸ ਕਲੰਕ ਨੂੰ ਉਤਾਰਨ ਲਈ ਕਰਤਾਰ 1913 ਵਿੱਚ ਗ਼ਦਰ ਪਾਰਟੀ ਦਾ ਸਿਰਕੱਢ ਮੈਂਬਰ ਬਣ ਗਿਆ। ਗ਼ਦਰ ਨਾਂ ਦਾ ਇੱਕ ਅਖਬਾਰ ਕੱਢਣਾ ਸ਼ੁਰੂ ਕੀਤਾ ਅਤੇ ਉਸ ਦੇ ਪੰਜਾਬੀ ਐਡੀਸ਼ਨ ਵਿੱਚ ਕਰਤਾਰ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਗੀਤ ਅਤੇ ਲੇਖ ਛਾਪ ਕੇ ਆਜ਼ਾਦੀ ਦੀ ਲੜਾਈ ਲਈ ਵਿਸ਼ਵ ਪੱਧਰੀ ਵਿਦ੍ਰੋਹ ਨੂੰ ਬੁਲੰਦ ਕੀਤਾ। ਇੱਕ ਪੁਲਿਸੀਏ ਮੁਖਬਰ ਨੇ ਮੁਖਬਰੀ ਕੀਤੀ ਤੇ ਕਰਤਾਰ ਸਿੰਘ ਨੂੰ 2 ਮਾਰਚ 1915 ਨੂੰ 63 ਸਾਥੀਆਂ ਸਮੇਤ ਗਿਰਫਤਾਰ ਕਰਵਾ ਦਿੱਤਾ। ਜੱਜ ਨੇ ਸਭ ਤੋਂ ਖਤਰਨਾਕ ਵਿਦ੍ਰੋਹੀ ਕਹਿੰਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਅਤੇ 16 ਨਵੰਬਰ 1915 ਨੂੰ ਲਾਹੋਰ ਵਿੱਚ ਕਰਤਾਰ ਨੇ ਦੇਸ਼ ਦੀ ਖਾਤਿਰ ਫਾਂਸੀ ਦਾ ਰੱਸਾ ਚੁੰਮਿਆ। ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦੇਸ਼ ਭਗਤਾਂ ਲਈ ਇੱਕ ਮਿਸਾਲ ਬਣੀ ਅਤੇ ਇਹਨਾਂ ਪੈੜਾਂ ਤੋਂ ਪ੍ਰੇਰਣਾ ਲੈ ਕੇ ਸ਼ਹੀਦ ਭਗਤ ਸਿੰਘ ਨੇ ਪੰਜਾਬੀਆਂ ਦੀ ਜੁਝਾਰੂਪੁਣੇ ਦੀ ਰਿਵਾਇਤ ਨੂੰ ਅੱਗੇ ਤੋਰਿਆ। ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ ਮੰਨਦੇ ਸੀ ਤੇ ਹਰ ਵਕ਼ਤ ਜੇਬ ਵਿੱਚ ਉਨ੍ਹਾਂ ਦੀ ਤਸਵੀਰ ਰੱਖਦੇ ਸੀ ਜੋ ਭਗਤ ਸਿੰਘ ਦੇ ਆਖਰੀ ਸਮੇ ਵੀ ਬਰਾਮਦ ਹੋਈ। ਸਰਾਭਾ ਪਿੰਡ ਦੀਆਂ ਜੂਹਾਂ ਚੋਂ ਨਿੱਕਲ ਕੇ ਅਮਰੀਕਾ ਵਿੱਚ ਇੱਕ ਖੇਤ ਮਜਦੂਰ ਤੋਂ ਗ਼ਦਰ ਪਾਰਟੀ ਦੇ ਸਭ ਤੋਂ ਘੱਟ ਉਮਰ ਦੇ ਸ਼ਹੀਦ ਬਣੇ ਕਰਤਾਰ ਸਿੰਘ ਸਰਾਭਾ ਦੇ ਲਬਾਂ ਤੇ ਆਖਰੀ ਸਮੇ ਵੀ ਦੇਸ਼ ਭਗਤੀ ਨਾਲ ਸਰਾਬੋਰ ਗੀਤ ਦੇ ਲਫਜ਼ ਸਨ...
"ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿੰਨੇ ਦੇਸ਼ ਦੀ ਸੇਵਾ ਚ ਪੈਰ ਪਾਇਆ,
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ"