2 ਕਿਲੋ 50 ਗ੍ਰਾਮ ਹੈਰੋਇਨ ਸਮੇਤ 4 ਭਾਰਤੀ ਤਸਕਰ ਕਾਬੂ

ਫ਼ਿਰੋਜ਼ਪੁਰ, 23 ਫ਼ਰਵਰੀ (ਬਲਬੀਰ ਸਿੰਘ ਜੋਸਨ): ਐਸ ਟੀ ਐਫ਼ ਬਾਰਡਰ ਰੇਂਜ ਅੰਮ੍ਰਿਤਸਰ ਵਲੋਂ  ਹੈਰੋਇਨ ਦਾ ਵਪਾਰ ਕਰਨ ਵਾਲੇ 4 ਤਸਕਰਾਂ ਨੂੰ 2 ਕਿਲੋ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਮਿਲੀ ਹੈ। ਫ਼ਿਰੋਜ਼ਪੁਰ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏ.ਆਈ.ਜੀ. ਸਪੈਸ਼ਲ ਟਾਸਕ ਫ਼ੋਰਸ ਬਾਰਡਰ ਰੇਂਜ ਅੰਮ੍ਰਿਤਸਰ ਰਛਪਾਲ ਸਿੰਘ ਨੇ ਦਸਿਆ ਕਿ ਸਬ ਇੰਸਪੈਕਟਰ ਸ਼ਿੰਦਰਪਾਲ ਨੂੰ ਕਿਸੇ ਮੁਖਬਰ ਨੇ ਇਤਲਾਹ ਦਿਤੀ ਸੀ ਕਿ ਕਿਸਾਨ ਮਨਜੀਤ ਸਿੰਘ ਪੁੱਤਰ ਸਿਕੰਦਰ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ ਥਾਣਾ ਮਮਦੋਟ ਦੀ ਜ਼ਮੀਨ ਤਾਰ ਤੋਂ ਪਾਰ ਹੈ ਅਤੇ ਪਾਕਿਸਤਾਨੀ ਤੋਂ ਹੈਰੋਇਨ ਤਸਕਰ ਕਰਵਾ ਕੇ ਇਹ ਅਪਣੇ ਖੇਤਾਂ ਵਿਚ ਰੱਖਵਾ ਲੈਂਦਾ ਹੈ ਅਤੇ ਬਾਅਦ ਵਿਚ ਸ਼ਰਮਾ ਸਿੰਘ, ਸਤਨਾਮ ਸਿੰਘ ਅਤੇ ਗੁਲਸ਼ਨ ਸਿੰਘ ਪੁੱਤਰਾਨ ਲੱਖਾ ਸਿੰਘ ਵਾਸੀਆਨ ਟਾਹਲੀ ਵਾਲਾ ਨੂੰ ਸਪਲਾਈ ਕਰਦਾ ਹੈ ਜਿਨ੍ਹਾਂ ਦੀ ਪਾਕਿ ਦੇ ਤਸਕਰਾਂ ਨਾਲ ਸਬੰਧ ਹਨ। ਡੀ.ਐਸ.ਪੀ. ਕਿਰਪਾਲ ਸਿੰਘ, ਅਰੁਨ ਕੁਮਾਰ ਇੰਸਪੈਕਟਰ ਅਤੇ ਸਬ ਇੰਸਪੈਕਟਰ ਸ਼ਿੰਦਰ ਸਿੰਘ ਨੇ ਸ਼ੱਕ ਦੇ ਆਧਾਰ 'ਤੇ ਮਨਜੀਤ ਸਿੰਘ ਅਤੇ ਉਸ ਦੇ 3 ਸਾਥੀਆਂ ਨੂੰ ਕਾਬੂ ਕੀਤਾ। 

ਇਸ ਦੌਰਾਨ ਟੀਮ ਵਲੋਂ ਬੀ.ਓ.ਪੀ. ਜੱਲੋ ਕੇ ਦੇ ਏਰੀਆ ਵਿਚ ਮਨਜੀਤ ਸਿੰਘ ਦੇ ਖੇਤਾਂ ਵਿਚ ਦੱਬੀ ਹੋਈ 4 ਪੈਕਟ ਹੈਰੋਇਨ ਵੀ ਬਰਾਮਦ ਹੋਈ ਜਿਸ ਨੂੰ ਤੋਲਣ ਤੇ ਪਤਾ ਲੱਗਿਆ ਕਿ ਇਸ ਦਾ ਵਜ਼ਨ 2 ਕਿਲੋ 50 ਗ੍ਰਾਮ ਹੈ। ਉਨ੍ਹਾਂ ਦਸਿਆ ਕਿ ਫੜੇ ਗਏ ਸਮੱਗਲਰਾਂ ਤੋਂ ਜਦੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਹ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅਪਣੀ ਮਹਿੰਦਰਾਪਿਕਅੱਪ ਗੱਡੀ 'ਤੇ ਨੌਕਰੀ ਵਾਲੇ ਲੋਕਾਂ ਨੂੰ ਮਾਝੇ ਵਾਲੇ ਪਾਸੇ ਅੰਮ੍ਰਿਤਸਰ ਲੈ ਜਾਂਦੇ ਸਨ ਜਿਸ ਦੀ ਆੜ 'ਚ ਹੋ ਇਹ ਹੈਰੋਇਨ ਅਸਲੀ ਸਮੱਗਲਰਾਂ ਨੂੰ ਪਹੁੰਚਾਉਂਦੇ ਸਨ। ਉਨ੍ਹਾਂ ਦਸਿਆ ਕਿ ਉਹ  ਫ਼ਿਰੋਜ਼ਪੁਰ, ਫ਼ਾਜ਼ਿਲਕਾ, ਤਰਨਤਾਰਨ ਅਤੇ ਅੰਮ੍ਰਿਤਸਰ ਆਦਿ ਜ਼ਿਲ੍ਹਿਆਂ ਵਿਚ ਹੈਰੋਇਨ ਦੀ ਖੇਪ ਸਪਲਾਈ ਕਰਦੇ ਸਨ। ਏ.ਆਈ.ਜੀ. ਸਪੈਸ਼ਲ ਟਾਸਕ ਫੋਰਸ ਬਾਰਡਰ ਰੇਂਜ ਅੰਮ੍ਰਿਤਸਰ ਰਛਪਾਲ ਸਿੰਘ ਨੇ ਦਸਿਆ ਕਿ ਇਨ੍ਹਾਂ ਹੈਰੋਇਨ ਤਸਕਰਾਂ ਦੇ ਫੜੇ ਜਾਣ ਨਾਲ ਹਿੰਦ ਪਾਕਿ ਸਰਹੱਦ ਫ਼ਿਰੋਜ਼ਪੁਰ ਰਾਹੀ ਂਮਾਲਵੇ ਅਤੇ ਮਾਝੇ ਨੂੰ ਜਾਂਦੀ ਹੈਰੋਇਨ ਦੀ ਸਮੱਗਲਿੰਗ ਕਰਨ ਵਾਲੇ ਤਸਕਰਾਂ ਦਾ ਨੈਟਵਰਕ ਤੋੜ ਦਿਤਾ ਹੈ। ਉਨ੍ਹਾਂ ਦਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਕਰੀਬ 10 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।