ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਪਰ ਕੁਝ ਲੋਕ ਅਜੇ ਵੀ ਪੁਰਾਣੇ ਜ਼ਮਾਨੇ ਵਿਚ ਜੀ ਰਹੇ ਹਨ। ਉਹਨਾਂ ਨੂੰ ਉੱਚੀ ਜ਼ਾਤ ਵਿੱਚ ਜਨਮ ਲੈਣ ਦਾ ਖ਼ੁਮਾਰ ਹਾਲੇ ਵੀ ਚੜ੍ਹਿਆ ਹੋਇਆ ਹੈ। ਕਰਨਾਟਕਾ ਦੇ ਜ਼ਿਲ੍ਹਾ ਕਲਬੁਰਗੀ ਦੇ ਚੰਨੂਰ ਪਿੰਡ ਵਿੱਚ ਜ਼ਾਤ-ਪਾਤ ਦੇ ਵਖਰੇਵੇਂ ਨੇ ਹੱਦ ਕਰ ਦਿੱਤੀ ਹੈ। ਖਬਰ ਹੈ ਕਿ ਇੱਥੇ ਕੁਝ ਲੋਕਾਂ ਨੇ ਖੂਹ ਦੇ ਪਾਣੀ ਵਿੱਚ ਸਿਰਫ ਇਸ ਕਰਕੇ ਜ਼ਹਿਰ ਮਿਲਾ ਦਿੱਤੀ ਕਿ ਪਿੰਡ ਦੇ ਦਲਿਤ ਪਾਣੀ ਨਾ ਪੀ ਸਕਣ।
ਬੰਗਲੌਰ ਤੋਂ ਤਕਰੀਬਨ 640 ਕਿਲੋਮੀਟਰ ਦੂਰ ਇਸ ਪਿੰਡ ਵਿਚ ਸੱਤ ਖੂਹ ਹਨ, ਜਿਹਨਾਂ ਵਿਚੋਂ ਦਲਿਤ ਸਮਾਜ ਨੂੰ ਸਿਰਫ ਇਕ ਖੂਹ ਵਿਚੋਂ ਹੀ ਪਾਣੀ ਪੀਣ ਦੀ ਇਜਾਜ਼ਤ ਹੈ। ਬਾਕੀ ਸਾਰੇ ਖੂਹਾਂ 'ਤੇ ਉੱਚੀ ਜ਼ਾਤ ਵਾਲੇ ਲੋਕਾਂ ਦਾ ਕਬਜ਼ਾ ਕੀਤਾ ਹੋਇਆ ਹੈ। ਜਿਵੇਂ ਤਿਵੇਂ ਗੁਜ਼ਾਰਾ ਚੱਲ ਰਿਹਾ ਸੀ ਕਿ ਜਿਸ ਜ਼ਮੀਨ 'ਤੇ ਖੂਹ ਸੀ ਉਹ ਚਾਰ ਸਾਲ ਪਹਿਲਾਂ ਇੱਕ ਉੱਚ ਜ਼ਾਤ ਦੇ ਵਿਅਕਤੀ ਨੂੰ ਪਟੇ 'ਤੇ ਦੇ ਦਿੱਤੀ ਗਈ। ਇੱਥੋਂ ਹੀ ਸੰਕਟ ਗਹਿਰਾਇਆ, ਗੋਲਾਲੱਪਾ ਗੌੜਾ ਕੁਕਾਨੂਰ ਨਾਂਅ ਦੇ ਇਸ ਵਿਅਕਤੀ ਨੇ ਦਲਿਤਾਂ ਦੇ ਇਸ ਖੂਹ ਤੋਂ ਪਾਣੀ ਭਰਨ 'ਤੇ ਪਾਬੰਦੀ ਲਗਾ ਦਿੱਤੀ।
ਲੋਕਾਂ ਨੇ ਘਰਾਂ ਵਿਚ ਪਾਣੀ ਇਕ ਮੋਟਰ ਪੰਪ ਰਾਹੀਂ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨ ਬਾਅਦ ਦੋ ਦਿਨ ਬਿਜਲੀ ਨਾ ਆਉਣ ਕਾਰਨ ਜਦੋਂ ਇਕ ਦਲਿਤ ਵਿਅਕਤੀ ਖੂਹ ਕੋਲ ਗਿਆ ਤਾਂ ਉਸ ਨੇ ਦੇਖਿਆ ਕਿ ਪਾਣੀ ਵਿੱਚੋਂ ਬਦਬੂ ਆ ਰਹੀ ਸੀ। ਉਸਨੇ ਹਰ ਕਿਸੇ ਨੂੰ ਖੂਹ ਦਾ ਪਾਣੀ ਪੀਣ ਤੋਂ ਮਨ੍ਹਾਂ ਕਰ ਦਿੱਤਾ। ਦਲਿਤਾਂ ਨੇ ਇਕੱਠੇ ਹੋ ਕੇ ਪੁਲਿਸ ਕੋਲ ਸ਼ਿਕਾਇਤ ਕੀਤੀ। ਕਲਬੁਰਗੀ ਦੇ ਡੀ.ਐਸ.ਪੀ. ਨੇ ਕਿਹਾ ਕਿ ਟੈਸਟ ਤੋਂ ਬਾਅਦ ਪਾਣੀ ਵਿੱਚ 'ਇੰਡੋਸਲਫਾਨ' ਨਾਂ ਦਾ ਜ਼ਹਿਰ ਮਿਲਾਇਆ ਗਿਆ ਸੀ। ਪੁਲਿਸ ਨੇ ਖੂਹ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਗੰਭੀਰ ਸਮੱਸਿਆ ਪੈਦਾ ਹੋ ਜਾਣ ਦੇ ਬਾਵਜੂਦ ਪਿੰਡ ਦੇ ਉੱਚ ਜ਼ਾਤ ਦੇ ਲੋਕਾਂ ਨੇ ਦਲਿਤਾਂ ਨੂੰ ਹੋਰ 6 ਖੂਹਾਂ ਤੋਂ ਪਾਣੀ ਲੈਣ ਦੀ ਆਗਿਆ ਨਹੀਂ ਦਿੱਤੀ। ਹਾਰ ਕੇ ਤਹਿਸੀਲਦਾਰ ਨੇ ਦਲਿਤਾਂ ਲਈ ਟੈਂਕਰ ਦੀ ਵਿਵਸਥਾ ਕੀਤੀ।
ਅਜਿਹਾ ਹੀ ਇੱਕ ਮਾਮਲਾ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਮਨਾ ਪਿੰਡ ਵਿੱਚ ਵੀ ਵਿਚ ਹੋਇਆ ਸੀ।
ਜਿੱਥੇ ਕੁਝ ਉੱਚ ਜ਼ਾਤੀ ਵਿਅਕਤੀਆਂ ਨੇ ਇਕ ਖੂਹ ਵਿਚ ਮਿੱਟੀ ਦਾ ਤੇਲ ਪਾ ਦਿੱਤਾ ਸੀ ਤਾਂ ਕਿ ਦਲਿਤਾਂ ਨੂੰ ਖੂਹਾਂ ਤੋਂ ਪਾਣੀ ਨਾ ਦਿੱਤਾ ਜਾਵੇ। ਕੁਝ ਦਿਨ ਪਹਿਲਾਂ, ਦੇਸ਼ ਨੂੰ ਇੱਕ ਦਲਿਤ ਰਾਸ਼ਟਰਪਤੀ ਮਿਲਿਆ ਹੈ ਅਤੇ ਇਸਨੂੰ ਢੰਗ ਨਾਲ ਦਰਸਾਇਆ ਗਿਆ ਸੀ ਕਿ ਦੇਸ਼ ਵਿੱਚ ਦਲਿਤਾਂ ਦੀ ਸਥਿਤੀ ਬਹੁਤ ਮਜ਼ਬੂਤ ਹੈ ਪਰ ਇਹ ਘਟਨਾਵਾਂ ਦੱਸਣ ਲਈ ਕਾਫੀ ਹਨ ਕਿ ਅਸਲੀਅਤ ਕੀ ਹੈ।