ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ 10 ਤੇ 11 ਮਾਰਚ ਨੂੰ ਵਰਲਡ ਪੰਜਾਬੀ ਕਾਨਫਰੰਸ (ਰਜਿ:) ਤੇ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਸਾਂਝੇ ਉਪਰਾਲੇ ਨਾਲ ਹੋਈ ਦੋ ਰੋਜ਼ਾ 6ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸਫ਼ਲਤਾਪੂਰਵਕ ਪੂਰੀ ਹੋਈ। ਇਸ ਦੋ ਰੋਜ਼ਾ ਸੰਮੇਲਨ ਵਿਚ ਹੇਠ ਲਿਖਿਆਂ ਵਿਸ਼ਿਆਂ ਤੇ ਦੁਨੀਆਂ ਭਰ ਵਿਚੋਂ ਇਕੱਠੇ ਹੋਏ ਸਾਹਿਤਕਾਰ, ਸਮਾਜਸੇਵੀ, ਬੁੱਧੀ ਜੀਵੀਆਂ ਨੇ ਆਪੋ ਅਪਣੇ ਵਿਚਾਰ ਸਾਂਝੇ ਕੀਤੇ। ਇਸ ਕਾਨਫਰੰਸ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਹੋਈ।
ਪਹਿਲੀ ਪੰਜਾਬ ਤੇ ਸਿੱਖਿਆ ਦੀ, ਦੂਜੀ ਆਰਥਿਕਤਾ,ਕਿਸਾਨੀ ਅਤੇ ਖ਼ੁਦਕੁਸ਼ੀਆਂ ਦੀ, ਤੀਜੀ ਪੰਜਾਬ ਸੁਰੱਖਿਆ ਹਾਲਾਤ ਅਤੇ ਸਰੋਕਾਰ ਦੀ, ਚੌਥੀ ਪੰਜਾਬੀ ਭਾਸ਼ਾ ਦੀ,ਪੰਜਵੀਂ ਪੰਜਾਬੀ ਸਾਹਿਤ ਅਤੇ ਕਲਾਵਾਂ ਦੀ, ਛੇਵੀਂ ਪਰਵਾਸੀ ਪੰਜਾਬੀਆਂ ਦੀ, ਸੱਤਵੀਂ ਰਾਜਨੀਤਿਕ ਵਿਚਾਰਾਂ ਦੀ ਤੇ ਅੱਠਵੀਂ ਕਵੀ ਦਰਬਾਰ ਮਜ਼ੇ ਦੀ ਗੱਲ ਇਹ ਰਹੀ ਕਿ ਕਾਨਫਰੰਸ ਦੇ ਹਰ ਸੈਸ਼ਨ ਵਿਚ ਮਾਂ ਬੋਲੀ ਪੰਜਾਬੀ ਨੂੰ ਮੁਹੱਬਤ ਕਰਨ ਵਾਲੇ ਪੰਜਾਬੀਆਂ ਦੀ ਤੇ ਬੜੀ ਭਰਵੀਂ ਹਾਜ਼ਰੀ ਰਹੀ।
ਇਸ ਸਮਾਗਮ ਦੇ ਸਮੁੱਚੇ ਪ੍ਰਬੰਧਕੀ ਢਾਂਚੇ ਦੀ ਭਰਪੂਰ ਪ੍ਰਸ਼ੰਸਾ ਕਰਨੀ ਬਣਦੀ ਹੈ। ਇਸ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਪੰਜਾਬ ਭਵਨ ਸਰੀ, ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਜੀ ਦਾ ਵਿਸ਼ੇਸ਼ ਸਨਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਜੀ ਵੱਲੋਂ ਕੀਤਾ ਗਿਆ।
ਇਸ ਸਮਾਗਮ ਵਿੱਚ ਮਾਨਯੋਗ ਸਪੀਕਰ ਵਿਧਾਨ ਪੰਜਾਬ ਰਾਣਾ ਕੇ ਪੀ, ਪਦਮਸ੍ਰੀ ਡਾਕਟਰ ਸੁਰਜੀਤ ਪਾਤਰ, ਸਤਿਗੁਰੂ ਉਦੈ ਸਿੰਘ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਬੀ.ਐੱਸ.ਘੁੰਮਣ ਤੇ ਸਤਨਾਮ ਸਿੰਘ ਮਾਣਕ ਆਦਿ ਵਿਦਵਾਨ ਹਾਜ਼ਰ ਸਨ।ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪ੍ਰੇਮੀ ਹਾਜ਼ਰ ਸਨ।