ਫ਼ਾਜ਼ਿਲਕਾ : ਦੇਸ਼ ਦੀ ਰੱਖਿਆ ਕਰਦਿਆਂ ਅਾਸਾਮ ਵਿਚ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋ ਕੇ ਸ਼ਹਾਦਤ ਪਾਉਣ ਵਾਲੇ ਫ਼ਾਜ਼ਿਲਕਾ ਦੇ ਭਾਰਤੀ ਫ਼ੌਜ ਦੇ ਜਵਾਨ ਨੂੰ ਅੱਜ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਜੱਦੀ ਪਿੰਡ ਜੋੜਕੀ ਅੰਧੇਵਾਲੀ ਵਿਚ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਅਤੇ ਫ਼ੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ।
ਅਮਰਸੀਰ ਸਿੰਘ ਦੇ ਪਿਤਾ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੱਲ ਫੋਨ ਆਇਆ ਸੀ ਕਿ ਅਮਰਸੀਰ ਸਿੰਘ ਆਸਾਮ ਵਿਚ ਸ਼ਹੀਦ ਹੋ ਗਿਆ ਹੈ। ਸੁਖਮਿੰਦਰ ਸਿੰਘ ਚਰਵਾਹੇ ਦਾ ਕੰਮ ਕਰਦਾ ਹੈ। 13 ਸਿਖਲੀ ਰੈਜੀਮੈਂਟ ਵਿਚ ਬਤੌਰ ਸਿਪਾਹੀ ਤਾਇਨਾਤ ਅਮਰਸੀਰ ਸਿੰਘ ਦਾ ਵਿਆਹ ਲਗਭਗ 5 ਸਾਲ ਪਹਿਲਾਂ ਹੋਇਆ ਸੀ ਅਤੇ ਉਸਦੀ 4 ਸਾਲ ਅਤੇ ਤਿੰਨ ਮਹੀਨਿਆਂ ਦੀਆਂ ਦੋ ਬੇਟੀਆਂ ਹਨ। ਜਾਣਕਾਰੀ ਮੁਤਾਬਕ ਅਮਰਸੀਰ ਸਿੰਘ ਦੇ ਇਕ ਭਰਾ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ ਅਤੇ ਹੁਣ ਉਸਦਾ ਇਕ ਭਰਾ ਅਤੇ ਇਕ ਭੈਣ ਹਨ।
ਇਸ ਸਬੰਧੀ ਸੰਪਰਕ ਕਰਨ 'ਤੇ ਫਾਜ਼ਿਲਕਾ ਦੇ ਤਹਿਸੀਲਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਅਮਰਸੀਰ ਸਿੰਘ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਇਆ ਹੈ ਅਤੇ ਦੱਸਿਆ ਜਾਂਦਾ ਹੈ ਕਿ ਉੁਸਨੂੰ ਪਹਾੜੀ ਤੋਂ ਲੁੱਕ ਕੇ ਗੋਲੀ ਮਾਰੀ ਗਈ ਹੈ। ਦੇਸ਼ ਦੀ ਸੇਵਾ ਕਰਦੇ ਸ਼ਹੀਦ ਹੋਏ ਨੌਜਵਾਨ ਅਮਰਸੀਰ ਸਿੰਘ ਦੀ ਸ਼ਹਾਦਤ ਨੂੰ ਸਲਾਮ ਹੈ ਜਿਨ੍ਹਾਂ ਦੀ ਸ਼ਹਾਦਤ ਨੂੰ ਕਦੇ ਵੀ ਭਲਾਇਆ ਨਹੀਂ ਜਾ ਸਕਦਾ।