ਅਬਦਾਲੀ ਦੇ ਕਬਜ਼ੇ 'ਚੋਂ ਲੜਕੀਆਂ ਆਜ਼ਾਦ ਕਰਵਾਉਣ ਵਾਲਾ ਸਿੱਖ ਸਰਦਾਰ - ਜੱਸਾ ਸਿੰਘ ਆਹਲੂਵਾਲੀਆ

ਖਾਸ ਖ਼ਬਰਾਂ

( ਪਨੇਸਰ ਹਰਿੰਦਰ ) ਮਾਣਮੱਤੇ ਸਿੱਖ ਇਤਿਹਾਸ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਨਾਂਅ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਈ: ਨੂੰ ਸਰਦਾਰ ਬਦਰ ਸਿੰਘ ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ ਅਤੇ ਇਸ ਪਿੰਡ ਤੋਂ ਹੋ ਉਹਨਾਂ ਦੇ ਨਾਂਅ ਨਾਲ ਆਹਲੂਵਾਲੀਆ ਸ਼ਬਦ ਜੁੜਿਆ। ਸਿਰਫ ਚਾਰ ਸਾਲ ਦੀ ਅਨਭੋਲ ਉਮਰੇ ਹੀ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਸ. ਜੱਸਾ ਸਿੰਘ ਦੇ ਮਾਤਾ ਜੀ ਇਨ੍ਹਾਂ ਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਲੈ ਗਏ।

 ਉਹਨਾਂ ਦੇ ਰਸ ਭਿੰਨੇ ਕੀਰਤਨ ਅਤੇ ਸੇਵਾ ਭਾਵ ਤੋਂ ਮਾਤਾ ਸੁੰਦਰੀ ਜੀ ਬਹੁਤ ਪ੍ਰਸੰਨ ਹੋਏ ਅਤੇ ਸ. ਜੱਸਾ ਸਿੰਘ ਲਗਭਗ ਸੱਤ ਸਾਲ ਉਹਨਾਂ ਕੋਲ ਦਿੱਲੀ ਰਹੇ। ਸ. ਜੱਸਾ ਸਿੰਘ ਨੇ ਦੀ ਪੜ੍ਹਾਈ-ਲਿਖਾਈ ਅਤੇ ਧਾਰਮਿਕ ਸਿੱਖਿਆ ਬੜੀ ਲਗਨ ਨਾਲ ਗ੍ਰਹਿਣ ਕੀਤੀ। ਪੰਜਾਬ ਪਹੁੰਚਣ 'ਤੇ ਸ. ਜੱਸਾ ਸਿੰਘ ਆਪਣੇ ਮਾਮਾ ਸ. ਬਾਘ ਸਿੰਘ ਰਾਹੀਂ ਨਵਾਬ ਕਪੂਰ ਸਿੰਘ ਦੇ ਸੰਪਰਕ ਵਿਚ ਆਏ। ਸ. ਜੱਸਾ ਸਿੰਘ ਦੇ ਗੁਣਾਂ ਨੂੰ ਪਹਿਚਾਣ ਲਿਆ ਨਵਾਬ ਕਪੂਰ ਸਿੰਘ ਨੇ ਉਹਨਾਂ ਨੂੰ ਧਰਮ-ਪੁੱਤਰ ਬਣਾਇਆ ਅਤੇ ਘੋੜਸਵਾਰੀ, ਤੀਰ-ਅੰਦਾਜ਼ੀ, ਸ਼ਸ਼ਤਰ ਵਿਦਿਆ ਵਿੱਚ ਪਰਪੱਕ ਬਣਾ ਦਿੱਤਾ।

 ਇਸ ਸਮੇਂ ਸਿੱਖਾਂ ਉਪਰ ਜ਼ੁਲਮ ਵਧ ਰਹੇ ਸੀ ਜਿਸ ਕਾਰਨ ਕੌਮ ਬਹੁਤ ਰੋਹ ਵਿੱਚ ਸੀ। ਸਿੱਖ ਛੋਟੇ-ਛੋਟੇ ਜਥਿਆਂ ਰਾਹੀਂ ਗੁਰੀਲਾ ਰਣਨੀਤੀ ਦੁਆਰਾ ਬਦਲੇ ਲੈਣ ਦੀਆਂ ਮੁਹਿੰਮਾਂ ਸ਼ੁਰੂ ਕਰ ਚੁੱਕੇ ਸੀ ਪਰ ਜਥਿਆਂ ਦਾ ਕੋਈ ਸਾਂਝਾ ਨੇਤਾ ਨਹੀਂ ਸੀ। 1733-34 ਈ: ਵਿਚ ਸਾਰੇ ਖਿੰਡੇ-ਪੁੰਡੇ ਜਥਿਆਂ ਨੇ ਇਕੱਠੇ ਹੋ ਕੇ ਸ. ਕਪੂਰ ਸਿੰਘ ਨੂੰ ਸਾਂਝਾ ਨੇਤਾ ਬਣਾ ਲਿਆ। ਪਹਿਲਾਂ 1746 ਈ: ਵਿਚ ਅਤੇ ਫੇਰ 29 ਮਾਰਚ 1748 ਨੂੰ ਸਾਰੇ ਜਥਿਆਂ ਦੀ ਸਾਂਝੀ ਮੀਟਿੰਗ ਹੋਈ। ਉਸ ਸਮੇਂ ਸਿੱਖ 65 ਜੱਥਿਆਂ ਵਿੱਚ ਵੰਡੇ ਹੋਏ ਸਨ। 29 ਮਾਰਚ 1748 ਦੇ ਦਿਨ ਸਮੁੱਚੀ ਕੌਮ ਦੀਆਂ 11 ਮਿਸਲਾਂ ਬਣਾਈਆਂ ਗਈਆਂ। ਸ. ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਅਤੇ ਨਾਲ ਹੀ ਸਾਰੀਆਂ ਮਿਸਲਾਂ ਦੇ ਨੇਤਾ ਬਣੇ। ਮਿਸਲਾਂ ਦੇ ਸਮੂਹ ਨੂੰ ਦਲ ਖਾਲਸਾ ਦਾ ਨਾਂਅ ਦਿੱਤਾ ਗਿਆ।

  1746 ਦੇ ਸ਼ੁਰੂ ਵਿਚ ਸਿੱਖ ਜਥਿਆਂ ਅਤੇ ਸਰਕਾਰੀ ਫੌਜ ਦੀ ਝੜਪ ਹੋ ਗਈ। ਆਪਣੇ ਭਰਾ ਜਸਪਤ ਰਾਏ ਦਾ ਬਦਲਾਅ ਲੈਣ ਲਈ ਲਾਹੌਰ ਦੇ ਦੀਵਾਨ ਲਖਪਤ ਰਾਏ ਨੇ ਕਾਹਨੂੰਵਾਲ ਵਿਚ ਘਿਰੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਇਸ ਲੜਾਈ ਵਿਚ ਸ. ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਨੇ ਬਹੁਤ ਸੂਰਬੀਰਤਾ ਦਿਖਾਈ। ਇਸ ਕਤਲੇਆਮ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।

1749 ਈ: ਵਿੱਚ ਦਲ ਖਾਲਸਾ ਨੇ ਦੀਵਾਨ ਕੌੜਾ ਮੱਲ ਨੂੰ ਮੁਲਤਾਨ ਦਾ ਸੂਬੇਦਾਰ ਬਣਨ ਵਿੱਚ ਫੌਜੀ ਸਹਾਇਤਾ ਕੀਤੀ। ਧਾਰਮਿਕ ਖਿਆਲਾਂ ਦੇ ਸ. ਜੱਸਾ ਸਿੰਘ ਆਹਲੂਵਾਲੀਆ ਨੇ ਇਸ ਸਹਾਇਤਾ ਬਦਲੇ ਦੀਵਾਨ ਕੌੜਾ ਮੱਲ ਤੋਂ ਗੁਰਦੁਆਰਾ ਬਾਲ ਲੀਲਾ, ਨਨਕਾਣਾ ਸਾਹਿਬ ਵਿਖੇ ਬਣਵਾਇਆ ਅਤੇ ਬਹੁਤ ਸਾਰੇ ਗੁਰਦੁਆਰਿਆਂ ਦੀ ਮੁਰੰਮਤ ਕਰਵਾਈ।

 1761 ਈ: ਵਿੱਚ ਅਬਦਾਲੀ ਪਾਣੀਪਤ ਵਿਖੇ ਮਰਹੱਟਿਆਂ ਦਾ ਸਾਰਾ ਮਾਲ-ਧਨ ਅਤੇ 2200 ਔਰਤਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲਿਜਾ ਰਿਹਾ ਸੀ। ਉਸ ਵੇਲੇ ਹਿੰਦੂ ਲੋਕਾਂ ਦਾ ਮਨੋਬਲ ਇੰਨਾ ਗਿਰ ਚੁੱਕਾ ਸੀ ਕਿ ਕਹਾਵਤ ਬਣ ਗਈ ਸੀ, ‘ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’ । ਜੇ ਕੋਈ ਇਨ੍ਹਾਂ ਤੁਰਕਾਂ ਨੂੰ ਵੰਗਾਰਦਾ ਸੀ, ਤਾਂ ਉਹ ਸੀ ਸਿੱਖ ਸਰਦਾਰ। ਸ. ਜੱਸਾ ਸਿੰਘ ਆਹਲੂਵਾਲੀਆ ਨੇ ਦਲ ਖਾਲਸਾ ਦੀ ਅਗਵਾਈ ਕੀਤੀ ਅਤੇ ਬਣਦੀ ਔਰਤਾਂ ਅਤੇ ਲੜਕੀਆਂ ਨੂੰ ਅਜ਼ਾਦ ਕਰਵਾ ਕੇ ਬਾਇੱਜ਼ਤ ਘਰੋਂ-ਘਰੀ ਪਹੁੰਚਾਇਆ।

 1761 ਈ: ਵਿੱਚ ਦਲ ਖਾਲਸਾ ਨੇ ਲਾਹੌਰ ਸ਼ਹਿਰ ਨੂੰ ਘੇਰਾ ਪਾ ਕੇ ਕਬਜ਼ੇ ਹੇਠ ਲੈ ਲਿਆ। ਦਲ ਖਾਲਸਾ ਦੀ ਇਸ ਇਤਿਹਾਸਕ ਜਿੱਤ 'ਤੇ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ-ਉਲ-ਕੌਮ ਦੇ ਖਿਤਾਬ ਨਾਲ ਨਿਵਾਜ਼ਿਆ ਗਿਆ। ਲਾਹੌਰ ਦੀ ਜਿੱਤ ਦੀ ਖੁਸ਼ੀ ਵਿਚ ਨਵਾਂ ਸਿੱਕਾ ਜਾਰੀ ਕੀਤਾ ਗਿਆ।

1762 ਈ: ਵਿਚ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਮਲੇਰਕੋਟਲਾ ਨੇੜੇ ਦਲ ਖਾਲਸਾ ਅਤੇ ਅਬਦਾਲੀ ਦੀ ਫੌਜ ਵਿਚਕਾਰ ਭਿਆਨਕ ਜੰਗ ਹੋਈ। ਇਸ ਜੰਗ ਵਿੱਚ 25 ਤੋਂ 30,000 ਸਿੱਖ ਸ਼ਹੀਦ ਹੋਏ। ਇਸ ਕਤਲੇਆਮ ਨੂੰ ਇਤਿਹਾਸ ਵਿੱਚ ਵੱਡੇ ਘੱਲੂਘਾਰਾ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਜੰਗ ਵਿੱਚ ਸ.ਜੱਸਾ ਸਿੰਘ ਆਹਲੂਵਾਲੀਆ ਨੂੰ 22 ਫੱਟ ਲੱਗੇ।

1764 ਈ. ਨੂੰ ਦਲ ਖਾਲਸਾ ਨੇ ਸਰਹੰਦ ਉਪਰ ਹਮਲਾ ਕੀਤਾ। ਸਰਹੰਦ ਦੀ ਲੁੱਟ ਵਿਚੋਂ ਸ. ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਆਏ ਹਿੱਸੇ 9 ਲੱਖ ਰੁਪਏ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਲਈ ਦੇ ਦਿੱਤੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਵਿਚ ਗੁਰਦੁਆਰਾ ਫਹਿਤਗੜ੍ਹ ਸਾਹਿਬ ਬਣਵਾਇਆ।

1765-66 ਵਿੱਚ ਹੋਈ ਸ੍ਰੀ ਦਰਬਾਰ ਸਾਹਿਬ ਦੀ ਕਾਰ ਸੇਵਾ ਵੀ ਸ. ਜੱਸਾ ਸਿੰਘ ਆਹਲੂਵਾਲੀਆ ਦੀ ਦੇਖ-ਰੇਖ ਵਿੱਚ ਨੇਪਰੇ ਚੜ੍ਹੀ। ਅਬਦਾਲੀ ਸ੍ਰੀ ਦਰਬਾਰ ਸਾਹਿਬ ਨੂੰ ਤੋਪਾਂ ਨਾਲ ਉਡਾਉਣਾ ਚਾਹੁੰਦਾ ਸੀ। ਨੌਸ਼ਹਿਰਾ ਪੰਨੂਆ ਦੇ ਚੌਧਰੀ ਸਾਹਿਬ ਰਾਏ ਨੇ 3 ਲੱਖ ਰੁਪਏ ਦੇ ਕੇ ਅਬਦਾਲੀ ਤੋਂ ਸ੍ਰੀ ਦਰਬਾਰ ਸਾਹਿਬ ਗਹਿਣੇ ਕਰ ਲਿਆ ਅਤੇ ਇਹ ਫੈਸਲਾ ਹੋਇਆ ਕਿ ਜਿੰਨੀ ਦੇਰ ਦਲ ਖਾਲਸਾ 3 ਲੱਖ ਰੁਪਏ ਨਹੀਂ ਮੋੜਦਾ, ਉੱਨੀ ਦੇਰ ਸ੍ਰੀ ਦਰਬਾਰ ਸਾਹਿਬ ਦਾ ਚੜ੍ਹਾਵਾ ਚੌਧਰੀ ਦਾ ਹੋਵੇਗਾ। ਚੌਧਰੀ ਦੀ ਰਕਮ ਸ. ਜੱਸਾ ਸਿੰਘ ਆਹਲੂਵਾਲੀਆ ਨੇ ਉਤਾਰੀ ਅਤੇ ਪਾਵਨ ਪਵਿੱਤਰ ਸ੍ਰੀ ਦਰਬਾਰ ਸਾਹਿਬ ਸਿੱਖ ਕੌਮ ਦੇ ਹਵਾਲੇ ਕੀਤਾ।

1777 ਈ: ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਨੇ ਕਪੂਰਥਲੇ ਉਪਰ ਹਮਲਾ ਕੀਤਾ ਅਤੇ ਜਿੱਤ ਕੇ ਆਪਣੀ ਰਾਜਧਾਨੀ ਬਣਾਇਆ।ਦਿੱਲੀ ਨਾਲ ਸਿੱਖਾਂ ਦਾ ਬੇਸ਼ਕੀਮਤੀ ਇਤਿਹਾਸ ਜੁੜਿਆ ਹੈ। 1783 ਈ. ਵਿੱਚ ਸਿੱਖਾਂ ਨੇ ਦਿੱਲੀ ਫਤਿਹ ਕਰਕੇ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਝੁਲਾਏ। ਪੰਥ ਦੇ ਦੋ ਮਹਾਨ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਬਘੇਲ ਸਿੰਘ ਦੀ ਕਮਾਨ ਹੇਠ ਸਿੱਖਾਂ ਨੇ ਮਾਰਚ 1783 ਈ: ਵਿੱਚ ਹੀ ਦਿੱਲੀ ਪਹੁੰਚ ਕੇ ਛਾਉਣੀ ਪਾਈ ਸੀ। ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੂੰ ਇਸਦਾ ਨਾਂਅ ਸਿੱਖਾਂ ਦੀ 30 ਹਜ਼ਾਰ ਗਿਣਤੀ ਦੀ ਫੌਜ ਤੋਂ ਹੀ ਮਿਲਿਆ। 

ਜ਼ਿੰਦਗੀ ਦੇ ਅਖੀਰਲੇ ਸਾਲਾਂ ਵਿੱਚ ਸ. ਜੱਸਾ ਸਿੰਘ ਆਹਲੂਵਾਲੀਆ ਨੇ ਜ਼ਿਆਦਾ ਸਮਾਂ ਸ੍ਰੀ ਦਰਬਾਰ ਸਾਹਿਬ ਵਿਚ ਗੁਜ਼ਾਰਿਆ ਅਤੇ ਅੰਤ 20 ਅਕਤੂਬਰ 1783 ਨੂੰ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸਸਕਾਰ ਬਾਬਾ ਅਟੱਲ ਵਿਖੇ ਕੀਤਾ ਗਿਆ। ਸਿੱਖ ਕੌਮ ਲਈ ਸ. ਜੱਸਾ ਸਿੰਘ ਆਹਲੂਵਾਲੀਆ ਹਮੇਸ਼ਾ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਏ। 

ਆਪਣੀ ਬਹਾਦਰੀ ਸਦਕਾ ਸ. ਜੱਸਾ ਸਿੰਘ ਆਹਲੂਵਾਲੀਆ ਨੇ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਅਜੇਤੂ ਮੰਨੇ ਜਾਂਦੇ ਮੁਗ਼ਲ ਹਮਲਾਵਰਾਂ ਦੇ ਮੂੰਹ ਮੋੜੇ। ਸ.ਜੱਸਾ ਸਿੰਘ ਆਹਲੂਵਾਲੀਆ ਦੀ ਸ਼ਖ਼ਸੀਅਤ ਸਿੱਖ ਕੌਮ ਦਾ ਬੇਸ਼ਕੀਮਤੀ ਇਤਿਹਾਸ ਸਮੋਈ ਬੈਠੀ ਹੈ। ਇਸ ਅਦੁੱਤੀ ਸ਼ਖ਼ਸੀਅਤ ਬਾਰੇ ਸਿੱਖ ਕੌਮ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਦੇਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।