ਮੋਹਾਲੀ/ਚੰਡੀਗੜ੍ਹ : ਸਿੱਖਿਆ ਮੰਤਰੀ ਅਰੁਣਾ ਚੌਧਰੀ ਮੰਗਲਵਾਰ ਨੂੰ ਅਧਿਆਪਕ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਸਟੇਟ ਐਵਾਰਡ ਲਈ ਚੁਣੇ ਗਏ 40 ਅਧਿਆਪਕਾਂ ਨੂੰ ਸਨਮਾਨਿਤ ਕਰਨਗੇ। ਮੋਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਅਧਿਆਪਕ ਦਿਵਸ 'ਤੇ ਸੂਬਾ ਪੱਧਰੀ ਸਮਾਰੋਹ ਮਨਾਇਆ ਜਾਵੇਗਾ ।
ਜਿਸ ਮੌਕੇ ਸਿੱਖਿਆ ਮੰਤਰੀ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕਰਨਗੇ। ਇਸ ਸਨਮਾਨ 'ਚ ਅਧਿਆਪਕਾਂ ਨੂੰ 25 ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ, ਤਮਗਾ ਮਿਲੇਗਾ। ਵਿਭਾਗ ਦੇ ਨਿਯਮਾਂ ਅਨੁਸਾਰ ਇਨ੍ਹਾਂ ਅਧਿਆਪਕਾਂ ਨੂੰ ਸੇਵਾਕਾਲ 'ਚ ਇਕ ਸਾਲ ਦਾ ਵਾਧਾ ਵੀ ਮਿਲੇਗਾ।
ਇਸ ਦੌਰਾਨ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕੌਮੀ ਐਵਾਰਡ ਲਈ ਚੁਣੇ ਗਏ 8 ਅਧਿਆਪਕਾਂ ਅਤੇ ਸਟੇਟ ਐਵਾਰਡ ਲਈ ਚੁਣੇ ਗਏ 40 ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੇ ਆਪਣੀ ਸਖਤ ਮਿਹਨਤ, ਲਗਨ ਅਤੇ ਸਮਰਪਣ ਭਾਵਨਾ ਨਾਲ ਵਿਭਾਗ ਦਾ ਨਾਂ ਉੱਚਾ ਕੀਤਾ ਹੈ ਅਤੇ ਇਹ ਅਧਿਆਪਕ ਬਾਕੀ ਅਧਿਆਪਕਾਂ ਲਈ ਪ੍ਰੇਰਨਾ ਦਾ ਸ੍ਰੋਤ ਹਨ।
ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਵਿਖੇ ਹੋਣ ਵਾਲੇ ਕੌਮੀ ਪੱਧਰ ਦੇ ਅਧਿਆਪਕ ਦਿਵਸ ਸਮਾਰੋਹ ਵਿਚ ਕੌਮੀ ਐਵਾਰਡ ਲਈ ਪੰਜਾਬ ਦੇ 8 ਅਧਿਆਪਕਾਂ ਦੀ ਚੋਣ ਹੋਈ, ਜੋ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ।
ਇਨ੍ਹਾਂ 8 ਅਧਿਆਪਕਾਂ ਵਿਚ ਪ੍ਰਾਇਮਰੀ ਵਰਗ 'ਚੋਂ ਗੁਰਜੰਟ ਸਿੰਘ, ਲਵਜੀਤ ਸਿੰਘ, ਜਸਵੰਤ ਸਿੰਘ ਤੇ ਮਨਮੋਹਨ ਸਿੰਘ ਅਤੇ ਸੈਕੰਡਰੀ ਵਰਗ 'ਚੋਂ ਗੋਪਾਲ ਕ੍ਰਿਸ਼ਨ, ਸੁਖਦਰਸ਼ਨ ਸਿੰਘ, ਜਤਿੰਦਰ ਪਾਲ ਸਿੰਘ ਤੇ ਡਾ. ਪਰਮਜੀਤ ਸਿੰਘ ਕਲਸੀ ਦੇ ਨਾਂ ਸ਼ਾਮਲ ਹਨ।