ਐਸ.ਬੀ.ਆਈ. ਬੈਂਕ ਖਾਤੇ ਵਿਚੋਂ ਕਿਉਂ ਹਰ ਸਾਲ ਕੱਟੇ ਜਾਂਦੇ ਹਨ 147 ਰੁਪਏ

ਨਵੀਂ ਦਿੱਲੀ, 7 ਮਾਰਚ : ਜੇਕਰ ਤੁਹਾਡਾ ਖਾਤਾ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ) ਹੈ ਤਾਂ ਤੁਹਾਨੂੰ ਬੈਂਕ ਵਲੋਂ 147.50 ਰੁਪਏ ਕੱਟੇ ਜਾਣ ਦਾ ਐਸ.ਐਮ.ਐਸ. ਆਇਆ ਹੋਵੇਗਾ। ਹਾਲਾਂਕਿ ਬੈਂਕ ਵਲੋਂ ਇਹ ਨਹੀਂ ਦਸਿਆ ਗਿਆ ਹੈ ਕਿ ਆਖ਼ਰ ਇਹ ਰਾਸ਼ੀ ਕਿਉਂ ਕੱਟੀ ਗਈ ਹੈ? ਪਿਛਲੇ ਦਿਨੀ ਸੋਸ਼ਲ ਮੀਡੀਆ ਤੋਂ ਲੈ ਕੇ ਕਈ ਆਨਲਾਈਨ ਫ਼ਾਰਮ 'ਤੇ ਲੋਕਾਂ ਨੇ ਅਪਣੀਆਂ ਸ਼ਿਕਾਇਤਾਂ ਦਰਜ ਕੀਤੀਆਂ। ਇਸ 'ਚ ਉਨ੍ਹਾਂ ਕਿਹਾ ਕਿ ਆਖ਼ਰ ਕਿਉਂ ਉਨ੍ਹਾਂ ਦੇ ਪੈਸੇ ਕੱਟੇ ਗਏ ਹਨ। ਲੋਕਾਂ ਨੇ ਟਵਿਟਰ 'ਤੇ ਐਸ.ਬੀ.ਆਈ. ਨੂੰ ਟੈਗ ਕਰ ਕੇ ਇਸ ਦੇ ਬਾਰੇ ਜਾਨਣਾ ਚਾਹਿਆ। ਅਜਿਹੇ 'ਚ ਅਸੀਂ ਤੁਹਾਨੂੰ ਦਸਦੇ ਹਾਂ ਕਿ ਬੈਂਕ ਨੇ ਤੁਹਾਡੇ ਖਾਤੇ 'ਚੋਂ ਪੈਸੇ ਕਿਉਂ ਕੱਟੇ।ਤੁਹਾਨੂੰ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਤੁਸੀਂ ਅਪਣਾ ਬੈਂਕ ਸਟੇਟਮੈਂਟ ਵੇਖੋਗੇ ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਪੈਸੇ ਕਿਉਂ ਕੱਟੇ ਗਏ ਹਨ। ਬੈਂਕ ਨੇ ਅਪਣੇ ਗਾਹਕਾਂ ਦੇ ਖਾਤੇ 'ਚੋਂ ਇਹ ਰਾਸ਼ੀ ਏ.ਟੀ.ਐੱਮ. ਏਨੂਅਲ ਚਾਰਜ ਦੇ ਤੌਰ 'ਤੇ ਵਸੂਲੀ ਹੈ। ਇਹ ਰਾਸ਼ੀ ਏ.ਟੀ.ਐਮ. ਏਨੂਅਲ ਚਾਰਜ ਪਲੱਸ ਜੀ.ਐਸ.ਟੀ. ਨਾਲ ਮਿਲਾ ਕੇ ਕੱਟੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਹ ਰਾਸ਼ੀ ਤੁਹਾਡੇ ਖਾਤੇ 'ਚੋਂ ਹਰ ਸਾਲ ਕੱਟੀ ਜਾਂਦੀ ਹੈ।