ਐੱਸਡੀਐੱਮ ਨਵਾਂਸ਼ਹਿਰ ਦਾ ਸਹਾਇਕ ਕਲਰਕ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਨਵਾਂਸ਼ਹਿਰ ਨੇ ਇੰਤਕਾਲ ਕਰਵਾਉਣ ਦੀ ਏਵਜ ਵਿੱਚ ਇਕ ਕਿਸਾਨ ਤੋ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਐਸਡੀਐਮ ਨਵਾਂਸ਼ਹਿਰ ਦੇ ਸਹਾਇਕ ਕਲਰਕ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ। ਮੌਕੇ ਤੇ ਪੁਲਿਸ ਨੇ ਪਿੰਡ ਦੇ ਨੰਬਰਦਾਰ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਰਿਸ਼ਵਤ ਵਿੱਚ ਲਏ ਗਏ ਪੈਸੇ ਵੀ ਮੌਕੇ ਤੇ ਬਰਾਮਦ ਕਰ ਲਏ ਹਨ। ਦੋਨਾ ਦੋਸ਼ੀਆ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਡੀਐਸਪੀ ਵਿਜੀਲੈਂਸ ਸੱਤਪਾਲ ਨੇ ਦੱਸਿਆ ਕਿ ਪਿੰਡ ਉੜਾਪੜ ਨਿਵਾਸੀ ਰਛਪਾਲ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਨਾ ਦੀ 14 ਕਨਾਲ ਜਮੀਨ ਪਿੰਡ ਨੌਰਾ ਵਿੱਚ ਹੈ। ਉਸਦੇ ਇੰਤਕਾਲ ਦਾ ਕੇਸ ਨਵਾਂਸ਼ਹਿਰ ਦੇ ਐਸਡੀਐਮ ਦੀ ਕਚਿਹਰੀ ਵਿੱਚ ਚੱਲਦਾ ਹੈ। ਰਛਪਾਲ ਸਿੰਘ ਨੇ ਦੋਸ਼ ਲਗਾਇਆ ਕਿ ਐਸਡੀਐਮ ਦਾ ਸਹਾਇਕ ਕਲਰਕ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਕੇਸ ਨੂੰ ਉਨ੍ਹਾਂ ਦੇ ਹੱਕ ਵਿੱਚ ਕਰਨ ਲਈ ਪੰਜ ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਇਸ ਸ਼ਿਕਾਇਤ ਦੇ ਆਧਾਰ ਤੇ ਵਿਜੀਲੈਂਸ ਦੀ ਟੀਮ ਨੇ ਇਕ ਟੀਮ ਦਾ ਗਠਨ ਕਰਕੇ ਬੰਗਾ ਵਿੱਚ ਟਰੈਪ ਲਗਾਇਆ। 

ਜਿੱਦਾ ਹੀ ਰਛਪਾਲ ਸਿੰਘ ਨੇ ਦੋਸ਼ੀ ਕਲਰਕ ਸੁਖਵਿੰਦਰ ਸਿੰਘ ਨੂੰ ਇਕ ਲੱਖ ਰੁਪਏ ਫੜਾਏ ਉਸਨੇ ਉਹ ਪੈਸੇ ਲੈ ਕੇ ਆਪਣੇ ਨਾਲ ਬੈਠੇ ਕਥਿਤ ਦੋਸ਼ੀ ਸ਼ਿੰਗਾਰਾ ਰਾਮ ਨੂੰ ਫੜਾ ਦਿੱਤੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਮੌਕੇ ਤੇ ਸਰਕਾਰੀ ਗਵਾਹ ਦੇ ਰੂਪ ਵਿੱਚ ਇੰਦਰਪ੍ਰੀਤ ਸਿੰਘ ਧਾਲੀਵਾਲ ਤੇ ਅਸ਼ੋਕ ਕੁਮਾਰ ਹਾਜ਼ਰ ਸਨ। ਛਾਪਾਮਾਰੀ ਟੀਮ ਵਿੱਚ ਇੰਸਪੈਕਟਰ ਸੁਖਵਿੰਦਰ ਸਿੰਘ , ਸਬ ਇੰਸਪੈਕਟਰ ਹਰਜੀਤ ਸਿੰਘ, ਏਐਸਆਈ ਗੁਰਪਾਲ ਸਿੰਘ, ਹੈਡ ਕਾਂਸਟੇਬਲ ਸੁਖਦੇਵ ਸਿੰਘ ਹਾਜ਼ਰ ਸਨ।