ਅੱਜ ਤੋਂ ਲੱਗੇਗਾ ਪਟਾਖਾ ਬਾਜ਼ਾਰ, 96 ਨੂੰ ਮਿਲੇ ਲਾਇਸੈਂਸ

ਚੰਡੀਗੜ੍ਹ- ਲੰਬੀ ਜੱਦੋ-ਜਹਿਦ ਦੇ ਬਾਅਦ ਅੱਜ ਆਖਿਰਕਾਰ ਤੈਅ ਹੋ ਗਿਆ ਕਿ ਦੀਵਾਲੀ ਲਈ ਸ਼ਹਿਰ 'ਚ ਕੌਣ ਤੇ ਕਿਥੇ ਪਟਾਕੇ ਵੇਚ ਸਕੇਗਾ। ਪਟਾਕੇ ਵੇਚਣ ਸਬੰਧੀ ਇਜਾਜ਼ਤ ਲਈ ਅਪਲਾਈ ਕਰਨ ਵਾਲੇ 614 ਕਾਰੋਬਾਰੀਆਂ 'ਚੋਂ 96 ਦੇ ਨਾਂ ਸੋਮਵਾਰ ਨੂੰ ਡੀ. ਸੀ. ਅਜੀਤ ਬਾਲਾਜੀ ਜੋਸ਼ੀ ਦੀ ਮੌਜੂਦਗੀ 'ਚ ਡਰਾਅ ਜ਼ਰੀਏ ਆਰਜ਼ੀ ਲਾਇਸੈਂਸ ਲਈ ਫਾਈਨਲ ਕੀਤੇ ਗਏ। 

ਇਨ੍ਹਾਂ ਨੂੰ ਦੇਰ ਸ਼ਾਮ ਤਕ ਲਾਇਸੈਂਸ ਜਾਰੀ ਕਰ ਦਿੱਤੇ ਗਏ। ਇਸੇ ਦੇ ਨਾਲ ਪ੍ਰਸ਼ਾਸਨ ਨੇ ਸ਼ਹਿਰ 'ਚ ਪਟਾਕੇ ਵੇਚਣ ਲਈ ਪਹਿਲਾਂ ਤੈਅ ਕੀਤੀਆਂ ਗਈਆਂ ਸਾਈਟਾਂ ਦੀ ਗਿਣਤੀ 17 ਤੋਂ ਘਟਾ ਕੇ 9 ਕਰ ਦਿੱਤੀ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਬਾਅਦ ਪਟਾਕੇ ਵੇਚਣ ਵਾਲਿਆਂ ਦੀ ਗਿਣਤੀ ਸਿਰਫ 96 ਤਕ ਰਹਿ ਗਈ। ਡਰਾਅ 'ਚ ਸਫਲ ਰਹੇ ਬਿਨੈਕਾਰ ਹੁਣ ਮੰਗਲਵਾਰ ਤੋਂ ਇਨ੍ਹਾਂ 9 ਸਾਈਟਾਂ 'ਤੇ ਪਟਾਕੇ ਵੇਚਣ ਦਾ ਕੰਮ ਸ਼ੁਰੂ ਕਰ ਦੇਣਗੇ।

ਇਸੇ ਵਿਚਕਾਰ ਡਰਾਅ ਦੌਰਾਨ ਚੰਡੀਗੜ੍ਹ ਕ੍ਰੈਕਰਜ਼ ਡੀਲਰਜ਼ ਐਸੋਸੀਏਸ਼ਨ ਨੇ ਕੁਰਸੀਆਂ ਦੀ ਥਾਂ ਜ਼ਮੀਨ 'ਤੇ ਬੈਠ ਕੇ ਉਨ੍ਹਾਂ ਵਪਾਰੀਆਂ ਦੇ ਸਮਰਥਨ 'ਚ ਰੋਸ ਜਤਾਇਆ, ਜੋ ਇਸ ਵਾਰ ਪਟਾਕੇ ਵੇਚਣ ਤੋਂ ਵਾਂਝੇ ਰਹਿ ਗਏ ਹਨ। ਦੋ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਲੋਕਹਿੱਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪਟਾਕੇ ਸਿਰਫ ਦੀਵਾਲੀ ਦੇ ਦਿਨ, ਉਹ ਵੀ ਸ਼ਾਮੀਂ 6 ਤੋਂ ਰਾਤ ਸਾਢੇ 9 ਵਜੇ ਤਕ ਚਲਾਉਣ ਦਾ ਹੁਕਮ ਜਾਰੀ ਕੀਤਾ । 

 ਸਗੋਂ ਇਸ ਵਾਰ ਪਟਾਕੇ ਵੇਚਣ ਲਈ ਜਾਰੀ ਕੀਤੇ ਜਾਣ ਵਾਲੇ ਆਰਜ਼ੀ ਲਾਇਸੈਂਸਾਂ ਦੀ ਗਿਣਤੀ ਪਿਛਲੇ ਸਾਲ ਜਾਰੀ ਕੀਤੇ ਗਏ ਲਾਇਸੈਂਸਾਂ ਦੀ ਗਿਣਤੀ ਦੇ ਮੁਕਾਬਲੇ ਸਿਰਫ 20 ਫੀਸਦੀ ਕਰਨ ਦਾ ਵੀ ਹੁਕਮ ਦਿੱਤਾ ਸੀ।
ਪਿਛਲੇ ਸਾਲ 482 ਲਾਇਸੈਂਸ ਜਾਰੀ ਕੀਤੇ ਗਏ ਸਨ। ਇਸ ਹਿਸਾਬ ਨਾਲ 20 ਫੀਸਦੀ ਭਾਵ ਸਿਰਫ 96 ਲਾਇਸੈਂਸ ਜਾਰੀ ਕੀਤੇ ਗਏ। 

ਇਸਦੇ ਲਈ ਪ੍ਰਸ਼ਾਸਨ ਨੇ ਡਰਾਅ ਕੱਢਿਆ ਤੇ ਡਰਾਅ 'ਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਦੁਪਹਿਰ 2 ਵਜੇ ਤਕ ਅਰਜ਼ੀਆਂ ਲਈਆਂ ਗਈਆਂ। ਇਸ ਦੌਰਾਨ 614 ਅਰਜ਼ੀਆਂ ਆਈਆਂ। ਇਸਦੇ ਬਾਅਦ ਸ਼ਾਮੀਂ ਸਵਾ 5 ਵਜੇ ਡੀ. ਸੀ. ਅਜੀਤ ਬਾਲਾ ਜੀ ਜੋਸ਼ੀ ਦੀ ਮੌਜੂਦਗੀ 'ਚ ਡਰਾਅ ਦੀ ਪ੍ਰਕਿਰਿਆ ਸ਼ੁਰੂ ਹੋਈ, ਜੋ ਕਿ ਸ਼ਾਮ ਸਾਢੇ 7 ਵਜੇ ਤਕ ਚੱਲੀ। ਇਸ ਮੌਕੇ ਏ. ਡੀ. ਸੀ. ਰਾਜੀਵ ਗੁਪਤਾ ਤੇ ਤਹਿਸੀਲਦਾਰ ਅਮਰਿੰਦਰ ਸਿੰਘ ਵੀ ਮੌਜੂਦ ਰਹੇ।