ਅਜਿਹਾ ਲਾਮਿਸਾਲ ਸੀ ਮਾਰਸ਼ਲ ਅਰਜਨ ਸਿੰਘ ਦਾ ਕੰਮ ਕਰਨ ਦਾ ਅੰਦਾਜ਼

ਖਾਸ ਖ਼ਬਰਾਂ

ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਖੀ ਅਤੇ ਇੱਕੋ ਇੱਕ 5 ਸਟਾਰ ਰੇਟਿੰਗ ਅਫ਼ਸਰ ਮਾਰਸ਼ਲ ਅਰਜਨ ਸਿੰਘ ਨੇ 50 ਵੇਂ ਅਤੇ 60 ਵਿਆਂ ਦੇ ਦਹਾਕੇ ਦੇ ਕਾਰਜਕਾਲਾਂ ਦੌਰਾਨ ਹਵਾਈ ਬੇਸ ਦੇ ਜੋ ਮੁਆਇਨੇ ਕੀਤੇ ਉਹ ਦੇਸ਼ ਦੀ ਹਵਾਈ ਸੈਨਾ ਲਈ ਮੁਆਇਨੇ ਦਾ ਇੱਕ ਮਿਆਰ ਸਾਬਿਤ ਹੋਏ। 


ਆਪਣੀ ਪਹਿਲੀ ਮੁਆਇਨਾ ਅਤੇ ਨਿਰੀਖਣ ਯਾਤਰਾ ਬਾਰੇ ਹਵਾਈ ਬੇਸ ਨੂੰ ਸਿਰਫ ਕੁਝ ਮਿੰਟ ਪਹਿਲਾਂ ਹੀ ਖ਼ਬਰ ਮਿਲੀ ਜਦੋਂ ਹਵਾਈ ਆਵਾਜਾਈ ਕੰਟਰੋਲ ਨਾਲ ਸੰਪਰਕ ਕੀਤਾ ਗਿਆ ਸੀ।ਜ਼ਾਹਿਰ ਜਿਹੀ ਗੱਲ ਹੈ ਕਿ ਹਰ ਕੋਈ ਚਿੰਤਤ ਸੀ ਅਤੇ ਹਰ ਚੀਜ਼ ਦਾ ਸਹੀ ਤਰਾਂ ਪ੍ਰਬੰਧ ਕਰਨ ਵਿੱਚ ਮਸਰੂਫ਼ ਸੀ।


 

ਸ.ਅਰਜਨ ਸਿੰਘ ਦਾ ਸਵਾਗਤ ਕਰਨ ਲਈ ਸਟੇਸ਼ਨ ਕਮਾਂਡਰ ਅਤੇ ਸਕੁਆਰਡਨਾਂ ਦੇ ਕਮਾਂਡਿੰਗ ਅਫ਼ਸਰ ਹਾਜ਼ਿਰ ਹੋਏ ਅਤੇ ਉਹਨਾਂ ਨੂੰ ਜੀਪ ਵਿੱਚ ਬਿਠਾ ਨਿਰੀਖਣ ਲਈ ਲੈ ਗਏ। ਸ.ਅਰਜਨ ਸਿੰਘ ਨੇ ਆਪਰੇਸ਼ਨ ਰੂਮ, ਏਅਰ ਟ੍ਰੈਫਿਕ ਕੰਟ੍ਰੋਲ, ਮੈਡੀਕਲ ਇੰਸਪੈਕਸ਼ਨ ਰੂਮ, ਗਾਰਡ ਰੂਮ, ਆਰਡਰਲੀ ਰੂਮ ਆਦਿ ਭਾਵ ਸਟੇਸ਼ਨ ਦੇ ਸਾਰੇ ਤਕਨੀਕੀ ਅਤੇ ਪ੍ਰਸ਼ਾਸਕੀ ਪਹਿਲੂਆਂ 'ਤੇ ਆਪਣੀ ਨਿਗ੍ਹਾ ਮਾਰੀ। 


ਨਿਰੀਖਣ ਦੌਰੇ ਦੇ ਅਖੀਰ ਵਿਚ ਉਹਨਾਂ ਪਾਇਲਟਾਂ ਦੇ ਕਮਰੇ ਵਿਚ ਪਾਇਲਟਾਂ ਨਾਲ ਗੱਲਬਾਤ ਕੀਤੀ। ਕਿਸੇ ਕਿਸਮ ਦਾ ਰਸਮੀ ਸਮਾਗਮ ਨਹੀਂ, ਕਿਸੇ ਦਿਖਾਵੇ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਇੱਕ ਮਿਸਾਲੀ ਅਫ਼ਸਰ ਹੋਣ ਦੇ ਨਾਤੇ ਉਹਨਾਂ ਦਾ ਵਿਉਹਾਰ ਅਤੇ ਕੰਮ ਕਰਨ ਦਾ ਤਰੀਕਾ ਬਹੁਤ ਪੇਸ਼ੇਵਾਰਾਨਾ ਸੀ। ਚਾਪਲੂਸੀ ਤੋਂ ਉਹਨਾਂ ਨੂੰ ਸਖ਼ਤ ਨਫਰਤ ਸੀ ਅਤੇ ਉਹਨਾਂ ਅਧੀਨ ਕੰਮ ਕਰਦੇ ਸਾਰੇ ਅਫਸਰਾਂ 'ਤੇ ਉਹਨਾਂ ਦੀ ਸ਼ਖ਼ਸੀਅਤ ਦੇ ਇਸ ਪੱਖ ਦਾ ਪ੍ਰਭਾਵ ਪੂਰੀ ਕਮਾਂਡ 'ਤੇ ਸੀ।



ਸ.ਅਰਜਨ ਸਿੰਘ ਇਹ ਨਿਰੀਖਣ ਦੌਰੇ ਲਗਾਤਾਰ ਕਰਦੇ ਰਹੇ। 1965 ਦੀ ਲੜਾਈ ਤੋਂ ਬਾਅਦ ਅਤੇ ਹਵਾਈ ਫੌਜ ਦੇ ਪ੍ਰਦਰਸ਼ਨ ਦੇ ਡੂੰਘੇ ਵਿਸ਼ਲੇਸ਼ਣ ਤੋਂ ਬਾਅਦ, ਉਨ੍ਹਾਂ ਨੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਲਈ ਉਚੇਚੇ ਕਦਮ ਚੁੱਕੇ। ਉਹ ਹਰ ਰੈਂਕ ਦੇ ਅਧਿਕਾਰੀਆਂ ਅਤੇ ਸਾਰੇ ਵਰਗਾਂ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਸੀ ਅਤੇ ਉਹਨਾਂ ਨੂੰ ਅਹਿਸਾਸ ਕਰਵਾਉਂਦੇ ਸੀ ਕਿ ਉਹਨਾਂ ਤੋਂ ਕਿੰਨੀਆਂ ਵੱਡੀਆਂ ਉਮੀਦਾਂ ਹਨ। 


ਉਹਨਾਂ ਦੀ ਸਪਸ਼ਟ ਅਤੇ ਨਿਜੀ ਤਵੱਜੋ ਹਰੇਕ ਨੂੰ ਵਿਸ਼ਵਾਸ ਵਿੱਚ ਲੈਂਦੀ ਸੀ ਅਤੇ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਕਿ ਅਗਲੀ ਜੰਗ ਵਿੱਚ ਉਨ੍ਹਾਂ ਦੀ ਭੂਮਿਕਾ ਕੀ ਹੋਵੇਗੀ। ਇਹ ਸ.ਅਰਜਨ ਸਿੰਘ ਦਾ ਦਿੱਤਾ ਹੋਇਆ ਵਿਰਸਾ ਹੀ ਸੀ ਜਿਸ ਦੇ ਨਤੀਜੇ ਵਜੋਂ ਏਅਰ ਚੀਫ ਮਾਰਸ਼ਲ ਪੀ.ਸੀ. ਲਾਲ 1971 ਦੀ ਜੰਗ ਜਿੱਤਣ ਲਈ ਨਿਰਵਿਘਨ ਅੱਗੇ ਵਧਦੇ ਚਲੇ ਗਏ।