ਬਿਊਰੋ ਰੀਪੋਰਟ ਸਪੋਕਸਮੈਨ ਵੈਬ ਟੀਵੀ : ਲਗਦਾ ਏ ਹੁਣ ਆਰਐਸਐਸ ਯਾਨੀ ਰਾਸ਼ਟਰੀ ਸਿੱਖ ਸੰਗਤ ਜਿਹੀ ਸੰਘ ਸੰਚਾਲਿਤ ਕਿਸੇ ਅਖੌਤੀ ਸਿੱਖ ਜਥੇਬੰਦੀ ਰਾਹੀਂ ਸਿੱਖ ਧਰਮ ਚ ਦਖਲਅੰਦਾਜ਼ੀ ਕਰਨ ਦੀ ਲੋੜ ਨਹੀਂ ਰਹੇਗੀ। ਕਿਉਂਕਿ ਪਹਿਲਾਂ ਹੀ ਭਾਈਵਾਲ ਪਾਰਟੀ ਭਾਜਪਾ ਦੇ ਇਸ਼ਾਰਿਆਂ ਤੇ ਨੱਚਦੀ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਆਏ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਆਰਐਸਐਸ ਵਾਲਿਆਂ ਲਈ ਸਿੱਖ ਵਿਦਿਅਕ ਸੰਸਥਾਵਾਂ ਤਾਂ ਕੀ ਆਪਣੀ ਪਾਰਟੀ ਦੇ ਵੀ ਬੂਹੇ ਖੋਲ ਦਿਤੇ ਹਨ।
ਜਿਸ ਦੀ ਮਿਸਾਲ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਦਿਲੀ ਇਕਾਈ ਦੇ ਹੋਏ ਹਾਲੀਆ ਗਠਨ ਦੌਰਾਨ ਪ੍ਰਤੱਖ ਤੌਰ ਤੇ ਵੇਖਣ ਨੂੰ ਮਿਲੀ ਹੈ। ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਇਸ ਵਿੰਗ ਦੀ ਪੰਜਵੀ ਸੂਚੀ ਜਾਰੀ ਕਰਦਿਆਂ ਦਿਲੀ ਤੋਂ ਭਾਰਤੀ ਜਨਤਾ ਪਾਰਟੀ ਦੀ ਕੌਂਸਲਰ ਰਹੀ ਰਿਤੂ ਵੋਹਰਾ ਨਾਮਕ ਮਹਿਲਾ ਨੂੰ ਦਿੱਲੀ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਹੈ। ਇੰਨਾ ਹੀ ਨਹੀਂ ਹਾਲੇ ਕੁਝ ਦਿਨ ਪਹਿਲਾਂ ਹੀ ਦਿਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿੱਖ ਵਿਦਿਅਕ ਜਥੇਬੰਦੀਆਂ ਦਾ ਵੀ ਭਗਵਾਂਕਰਨ ਕਰਨ ਦੇ ਰਾਹ ਤੁਰਦੇ ਹੋਏ ਇਸ ਮਹਿਲਾ ਰਿਤੂ ਵੋਹਰਾ ਨੂੰ ਗੁਰੂ ਹਰਕ੍ਰਿਸ਼ਨ ਆਈਟੀਆਈ ਤਿਲਕ ਨਗਰ ਦੀ ਚੇਅਰਪਰਸਨ ਦਾ ਅਹੁਦਾ ਬਖਸ਼ ਦਿੱਤਾ।
ਜਿਸ ਕਾਰਨ ਪਹਿਲਾਂ ਹੀ ਸਿੱਖ ਸਫ਼ਾਂ ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਿਲੀ ਦੇ ਪ੍ਰਧਾਨ ਤੇ ਦਿਲੀ ਸਿੱਖ ਗੁਰੂਦੁਆਰਾ ਮੈਨੈਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਇਸ ਨੂੰ ਸਿੱਖ ਵਿਦਿਅਕ ਸੰਸਥਾਵਾਂ ਚ ਕੱਟੜਵਾਦ ਦਾ ਦਾਖਲਾ ਤੇ ਭਗਵੇਂਕਰਨ ਦਾ ਨਾਂ ਦੇ ਚੁਕੇ ਨੇ. ਸਰਨਾ ਨੇ ਮੀਡੀਆ ਬਿਆਨ ਚ ਦੋਸ਼ ਲਾਇਆ ਏ ਕਿ ਇਕ ਗੈਰ - ਸਿੱਖ ਮਹਿਲਾ ਨੂੰ ਇਹ ਵੱਡੀ ਜ਼ਿੰਮੇਦਾਰੀ ਭਾਜਪਾ ਦੇ ਵੱਲੋਂ ਬਾਦਲਾਂ ਦੇ ਹੱਕ ਚ ਦਿੱਲੀ ਨਗਰ ਨਿਗਮ ਚੋਣ ਚ ਪੰਜ ਸੀਟਾਂ ਦਿੱਤੇ ਜਾਣ ਦੇ ਬਦਲੇ ਵਿੱਚ ਦਿੱਤੀ ਗਈ ਹੈ। ਸਰਨਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਏ ਕਿ ਗੈਰ - ਸਿੱਖ ਮਹਿਲਾ ਨੂੰ ਦਿੱਲੀ ਕਮੇਟੀ ਦੇ ਕਿਸੇ ਅਹੁਦੇ ਉੱਤੇ ਬਿਠਾਇਆ ਗਿਆ ਹੋਵੇ। ਉਨ੍ਹਾਂ ਦਾ ਕਹਿਣਾ ਏ ਕਿ ਨਿਯਮਾਂ ਦੇ ਮੁਤਾਬਕ ਸਿਰਫ ਸਿੱਖ ਮੈਂਬਰ ਹੀ ਗਵਰਨਿੰਗ ਬਾਡੀ ਦਾ ਚੇਅਰਪਰਸਨ ਹੋ ਸਕਦਾ ਹੈ।
ਪਰ ਅਕਾਲੀ ਦਲ ਤੇ ਇਸ ਵਿਰੋਧ ਦਾ ਕੋਈ ਅਸਰ ਤਾਂ ਕੀ ਪੈਣਾ ਸੀ ਸਗੋਂ ਹੁਣ ਇਸ ਹਿੰਦੂ ਮਹਿਲਾ ਨੂੰ ਇਸਤਰੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਬਖਸ਼ ਕੇ ਪਾਰਟੀ 'ਚ ਹੀ ਆਰਐਸਐਸ ਦਾ ਦਾਖਲਾ ਕਰ ਲਿਆ ਹੈ । ਦਸਣਯੋਗ ਏ ਕਿ ਆਰਐਸਐਸ ਵਲੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਚ ਪਿਛਲੇ ਸਾਲ ਦਿਲੀ ਵਿਖੇ ਆਪਣੇ ਤੌਰ ਤੇ ਸਮਾਗਮ ਐਲਾਨਿਆ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰ ਸਿਖਾਂ ਨੂੰ ਉਸ ਸਮਾਗਮ ਨਾ ਜਾਣ ਲਈ ਕਿਹਾ ਸੀ।
ਇਹ ਵੀ ਜਾਣਕਾਰੀ ਮਿਲੀ ਏ ਕਿ ਪੰਜਾਬ ਚ ਸਿੱਖ ਵਿਰੋਧੀ ਗਤੀਵਿਧੀਆਂ ਕਰਦੇ ਆਏ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਦਿਵਿਆ ਜਿਓਤੀ ਜਾਗ੍ਰਤੀ ਸੰਸਥਾਨ ਦੁਆਰਾ ਦਿਲੀ ਫਰਵਰੀ 2016 ਦੌਰਾਨ ਕਰਵਾਏ ਗਏ ਸਮਾਗਮ 'ਚ ਇਹ ਮਹਿਲਾ ਰਿਤੂ ਵੋਹਰਾ ਨੇ ਮੋਹਰੀ ਤੌਰ ਤੇ ਸ਼ਮੂਲੀਅਤ ਕੀਤੀ ਜਿਸ ਦਾ ਜਿਕਰ ਨੂਰਮਹਿਲੀਏ ਦੇ ਡੇਰੇ ਦੀ ਵੈਬਸਾਈਟ ਤੇ ਮੌਜੂਦ ਹੈ। ਇਹ ਗੱਲ ਉਸ ਵੇਲੇ ਹੋਰ ਵੀ ਗੰਭੀਰ ਬਣ ਜਾਂਦੀ ਏ ਜਦੋਂ ਜਗੀਰ ਕੌਰ ਵਲੋਂ ਦਿਲੀ ਵਿੰਗ ਚ ਇਸ ਮਹਿਲਾ ਦੀ ਕੀਤੀ ਗਈ ਨਿਯੁਕਤੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤੀ ਗਈ ਹੋਣ ਦਾ ਦਾਅਵਾ ਕੀਤਾ ਗਿਆ ਹੋਵੇ।