ਅੰਮ੍ਰਿਤਸਰ : ਪੰਜਾਬ ਅਤੇ ਬਰਮਿੰਘਮ 'ਚ ਵਸਦੇ ਭਾਰਤ ਦੇ ਲੋਕਾਂ ਲਈ ਖੁਸ਼ਖਬਰੀ ਹੈ। ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਬਰਮਿੰਘਮ ਵਿਚਕਾਰ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਹੈ।ਨਵੀਂ ਉਡਾਣ ਹਫਤੇ 'ਚ ਦੋ ਵਾਰ ਉਪਲੱਬਧ ਹੋਵੇਗੀ, ਮੰਗਲਵਾਰ ਅਤੇ ਵੀਰਵਾਰ ਨੂੰ ਅਤੇ ਏਅਰ ਇੰਡੀਆ ਇਹ ਸੇਵਾ ਬੋਇੰਗ-787 ਡ੍ਰੀਮਲਾਈਨਰ ਜਹਾਜ਼ ਜ਼ਰੀਏ ਦੇਵੇਗਾ।
ਏਅਰ ਇੰਡੀਆ ਨੇ ਅੰਮ੍ਰਿਤਸਰ ਅਤੇ ਬਰਮਿੰਘਮ ਵਿਚਕਾਰ ਸੇਵਾ 20 ਫਰਵਰੀ ਨੂੰ ਸ਼ੁਰੂ ਕੀਤੀ ਹੈ।ਏਅਰਲਾਈਨ ਨੇ ਕਿਹਾ ਕਿ ਇਹ ਪਹਿਲੀ ਸਿੱਧੀ ਹਵਾਈ ਉਡਾਣ ਹੈ, ਜੋ ਪੰਜਾਬ ਅਤੇ ਯੂ. ਕੇ. ਵਿਚਕਾਰ ਕਿਸੇ ਏਅਰਲਾਈਨ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਏਅਰ ਇੰਡੀਆ ਅੰਮ੍ਰਿਤਸਰ ਅਤੇ ਲੰਡਨ ਵਿਚਕਾਰ ਦੋ ਰੋਜ਼ਾਨਾ ਉਡਾਣਾਂ ਦਾ ਸੰਚਾਲਨ ਕਰਦੀ ਹੈ ਪਰ ਇਹ ਦਿੱਲੀ ਰਾਹੀਂ ਚੱਲਦੀਆਂ ਹਨ।
ਹੁਣ ਨਵੀਂ ਉਡਾਣ ਦਿੱਲੀ-ਅੰਮ੍ਰਿਤਸਰ-ਬਰਮਿੰਘਮ ਅਤੇ ਬਰਮਿੰਘਮ-ਅੰਮ੍ਰਿਤਸਰ-ਦਿੱਲੀ ਮਾਰਗ 'ਤੇ ਚੱਲੇਗੀ। ਦਿੱਲੀ ਤੋਂ 'ਏ. ਆਈ.-117' 11.20 ਵਜੇ ਉਡਾਣ ਭਰੇਗਾ ਅਤੇ 12.25 ਵਜੇ ਅੰਮ੍ਰਿਤਸਰ ਪਹੁੰਚੇਗਾ। ਇਸ ਦੇ ਬਾਅਦ ਇਹ ਉਡਾਣ 13.55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਯੂ. ਕੇ. ਦੇ ਸਥਾਨਕ ਸਮੇਂ ਅਨੁਸਾਰ 17.15 ਵਜੇ ਬਰਮਿੰਘਮ ਪਹੁੰਚੇਗੀ।
ਉੱਥੇ ਹੀ ਵਾਪਸੀ ਉਡਾਣ 'ਏ. ਆਈ.-118' ਬਰਮਿੰਘਮ ਤੋਂ 18.45 'ਤੇ ਚੱਲੇਗੀ ਅਤੇ ਅਗਲੇ ਦਿਨ ਸਵੇਰੇ 7.45 'ਤੇ ਅੰਮ੍ਰਿਤਸਰ ਪਹੁੰਚੇਗੀ। ਇਹ ਉਡਾਣ ਫਿਰ ਦਿੱਲੀ ਲਈ 9.15 ਵਜੇ ਰਵਾਨਾ ਹੋ ਜਾਵੇਗੀ ਅਤੇ 10.30 ਵਜੇ ਤਕ ਉੱਥੇ ਪਹੁੰਚੇਗੀ।