ਆਨੰਦ ਮੈਰਿਜ ਐਕਟ ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ 'ਚ ਵੀ ਲਾਗੂ

ਨਵੀਂ ਦਿੱਲੀ, 12 ਅਕਤੂਬਰ (ਸੁਖਰਾਜ ਸਿੰਘ): ਸੱਤ ਰਾਜਾਂ 'ਚ ਲਾਗੂ ਕੀਤੇ ਜਾਣ ਤੋਂ ਬਾਅਦ ਆਨੰਦ ਮੈਰਿਜ ਐਕਟ ਹੁਣ ਤਿੰਨ ਹੋਰ ਰਾਜਾਂ ਵਿਚ ਲਾਗੂ ਹੋ ਗਿਆ ਹੈ ਤੇ ਇਸ ਤਰ੍ਹਾਂ ਅਜਿਹੇ ਰਾਜਾਂ ਦੀ ਗਿਣਤੀ ਦੱਸ ਹੋ ਗਈ ਹੈ। ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ ਕ੍ਰਮਵਾਰ 8ਵਾਂ, 9ਵਾਂ ਤੇ 10ਵਾਂ ਰਾਜ ਬਣ ਗਿਆ ਹੈ ਜਿਸ ਵਿਚ ਇਹ ਐਕਟ ਲਾਗੂ ਹੋਇਆ ਹੈ।ਇਕ ਅਹਿਮ ਘਟਨਾਕ੍ਰਮ ਵਿਚ ਦਿੱਲੀ ਵਿਚ ਇਹ ਐਕਟ ਬਹੁਤ ਜਲਦ ਲਾਗੂ ਕੀਤੇ ਜਾਣ ਦੀ ਤਿਆਰੀ ਹੋ ਗਈ ਹੈ।ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਰਮਾਤਮਾ ਦੀ ਅਪਾਰ ਬਖਸ਼ਿਸ਼ ਨਾਲ ਇਹ ਐਕਟ ਦੇਸ਼ ਭਰ ਵਿਚ ਲਾਗੂ ਕਰਨ ਦੀ ਮੁਹਿੰਮ ਸਿਖ਼ਰਾਂ ਵੱਲ ਵੱਧ ਰਹੀ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਛੇਤੀ ਹੀ ਇਹ ਦੇਸ਼ ਦੇ ਸਾਰੇ ਰਾਜਾਂ ਵਿਚ ਲਾਗੂ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਬਿਹਾਰ, ਉੱਤਰਾਖੰਡ ਤੇ ਦਿੱਲੀ ਸਮੇਤ ਵੱਖ-ਵੱਖ ਰਾਜਾਂ ਵਿਚ ਐਕਟ ਲਾਗੂ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੇਰਲਾ, ਮੱਧ ਪ੍ਰਦੇਸ਼ ਤੇ ਮਿਜ਼ੋਰਮ ਵਿਚ ਰਹਿੰਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਉਹ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਇਸ ਐਕਟ ਦੇ ਤਹਿਤ ਕਰਵਾ ਸਕਣਗੇ।ਸ. 

ਸਿਰਸਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ (ਸ. ਸਿਰਸਾ) ਨੇ ਦਿੱਲੀ ਦੇ ਉਪਰਾਜਪਾਲ ਸ੍ਰੀ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਦਿੱਲੀ ਵਿਚ ਐਕਟ ਜਲਦ ਲਾਗੂ ਹੋਵੇਗਾ  ਅਤੇ ਇਸ ਦੀ ਪ੍ਰਕਿਰਿਆ ਪੂਰੀ ਹੋਣ ਵਾਲੀ ਹੈ।ਉਨ੍ਹਾਂ ਕਿਹਾ ਕਿ ਇਸ ਐਕਟ ਦਾ ਆਧਾਰ 108 ਵਰ੍ਹੇ ਪਹਿਲਾਂ  1909 ਵਿਚ ਰੱਖਿਆ ਗਿਆ ਸੀ ਜਦੋਂ ਗਵਰਨਰ ਜਨਰਲ ਦੇ ਅਧੀਨ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਵਲੋਂ ਇਹ ਐਕਟ ਪਾਸ ਕਰਦਿਆਂ ਸਿੱਖਾਂ ਲਈ ਆਨੰਦ ਮੈਰਿਜ ਨੂੰ ਕਾਨੂੰਨੀ ਮਾਨਤਾ ਦਿਤੀ ਗਈ ਸੀ। ਸਾਲ 2012 ਵਿਚ ਸੰਸਦ ਨੇ ਇਸ ਐਕਟ ਵਿਚ ਸੋਧ ਕੀਤੀ ਤੇ ਇਹ ਆਨੰਦ ਮੈਰਿਜ ਸੋਧ ਐਕਟ 2012 ਬਣ ਗਿਆ ਜਿਸ ਵਿਚ ਕਈ ਤਬਦੀਲੀਆਂ ਕੀਤੀਆਂ ਤੇ ਆਨੰਦ ਮੈਰਿਜ ਸ਼ਬਦ ਦੀ ਥਾਂ 'ਆਨੰਦ ਕਾਰਜ' ਸ਼ਬਦ ਦੀ ਵਰਤੋਂ  ਨੂੰ ਪ੍ਰਵਾਨਗੀ ਮਿਲੀ ਜੋ ਕਿ ਸਿੱਖਾਂ ਲਈ ਰਵਾਇਤੀ ਸ਼ਬਦਾਵਲੀ ਹੈ। ਸ. ਸਿਰਸਾ ਨੇ ਕਿਹਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਇੱਛਾ ਸੀ ਕਿ ਦੇਸ਼ ਦੇ ਸਾਰੇ ਰਾਜਾਂ ਵਿਚ ਇਹ ਐਕਟ ਲਾਗੂ ਹੋਵੇ ਤੇ ਉਹ ਇਹ ਮਾਮਲਾ ਵੱਖ-ਵੱਖ ਰਾਜ ਸਰਕਾਰਾਂ ਕੋਲ ਉਠਾ ਰਹੇ ਹਨ ਜਿਥੇ ਇਹ ਐਕਟ ਹਾਲੇ ਲਾਗੂ ਹੋਣਾ ਬਾਕੀ ਹੈ।