'ਆਪ' ਤੇ 'ਲਿਪ' ਦਾ ਗਠਜੋੜ ਖ਼ਤਮ, ਅਮਨ ਅਰੋੜਾ ਵਲੋਂ ਵੀ ਅਸਤੀਫ਼ਾ

ਖਾਸ ਖ਼ਬਰਾਂ

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਪੰਜਾਬ ਅਮਨ ਅਰੋੜਾ ਨੇ ਵੀ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਅਜਿਹਾ ਬੀਤੇ ਦਿਨ ਆਪ ਕਨਵੀਨਰ ਕੇਜਰੀਵਾਲ ਵਲੋਂ ਡਰੱਗਜ਼ ਮਾਮਲੇ 'ਚ ਮਜੀਠੀਆ ਤੋਂ ਲਿਖਤੀ ਮਾਫ਼ੀ ਮੰਗਣ ਤੋਂ ਬਾਅਦ ਹੋਇਆ ਹੈ।


ਤੁਹਾਨੂੰ ਦਸ ਦੇਈਏ ਕਿ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗ ਮਾਮਲੇ 'ਚ ਲਿਖਤੀ ਮੁਆਫ਼ੀ ਮੰਗਣ ਤੋਂ ਬਾਅਦ ਪੰਜਾਬ 'ਚ ਉਸ ਸਮੇਂ ਵੱਡਾ ਸਿਆਸੀ ਧਮਾਕਾ ਹੋਇਆ, ਜਦੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ।

ਭਗਵੰਤ ਮਾਨ ਨੇ ਇਸ ਗੱਲ ਦੀ ਜਾਣਕਾਰੀ ਅਪਣੇ ਫੇਸਬੁੱਕ ਪੇਜ਼ 'ਤੇ ਦਿਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਡਰੱਗ ਮਾਫ਼ੀਆ ਅਤੇ ਲੋਕਾਂ ਨਾਲ ਹੋ ਰਹੀ ਹਰ ਕਿਸਮ ਦੀ ਧੱਕੇਸ਼ਾਹੀ

ਖ਼ਿਲਾਫ਼ ਉਨ੍ਹਾਂ ਦੀ ਜੰਗ ਜਾਰੀ ਰਹੇਗੀ ਅਤੇ ਉਨ੍ਹਾਂ ਨੇ ਇਕ ਸੱਚਾ ਪੰਜਾਬੀ ਹੋਣ ਦੇ ਨਾਤੇ ਅਸਤੀਫ਼ਾ ਦਿਤਾ ਹੈ।

 ਕੇਜਰੀਵਾਲ ਦੀ ਮੁਆਫ਼ੀ ਤੋਂ ਬਾਅਦ ਪੰਜਾਬ ਦੇ ਆਪ ਆਗੂਆਂ 'ਚ ਬਗਾਵਤ ਹੋ ਗਈ ਹੈ। ਭਗਵੰਤ ਮਾਨ ਦੇ ਨਾਲ-ਨਾਲ ਅਮਨ ਅਰੋੜਾ, ਕੰਵਰ ਸੰਧੂ ਅਤੇ ਸੁਖਪਾਲ ਖਹਿਰਾ ਨੇ ਵੀ ਬਗਾਵਤ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ 'ਚ 16 ਮਾਰਚ ਨੂੰ ਪਾਰਟੀ ਦੀ ਅਗਲੀ ਰਣਨੀਤੀ ਦਾ ਖ਼ੁਲਾਸਾ ਕੀਤਾ ਜਾਵੇਗਾ।