ਪੰਜਾਬ 'ਚ ਵੱਖ-ਵੱਖ ਕਿਸਮ ਦੇ ਲਗਭਗ 80 ਹਜ਼ਾਰ ਅਪਰਾਧੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਇਕ ਸਪੈਸ਼ਲ ਐਪ ਤਿਆਰ ਕੀਤਾ ਗਿਆ ਹੈ, ਜਿਸ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਇਹ ਮੋਬਾਇਲ ਹਰ ਜ਼ਿਲਾ ਪੁਲਿਸ ਦੇ ਕੋਲ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਜ਼ਿਲੇ ਦੇ ਅਪਰਾਧੀ ਦੀ ਦੂਸਰੇ ਜ਼ਿਲਿਆਂ ਦੀ ਪੁਲਿਸ ਵੱਲੋਂ ਪਛਾਣ ਕੀਤੀ ਜਾ ਸਕੇ।
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਜਿਹੀ ਕਿਸਮ ਦਾ ਐਪ ਤਿਆਰ ਕਰ ਕੇ ਪੁਲਿਸ ਅਪਰਾਧ 'ਤੇ ਕਾਬੂ ਪਾਉਣ ਲਈ ਤਿਆਰੀ 'ਚ ਜੁਟ ਗਈ ਹੈ। ਪੁਲਿਸ ਵੱਲੋਂ ਤਿਆਰ ਕੀਤੇ ਗਏ ਐਪ ਨੂੰ ਵਿਭਾਗ 'ਚ ਸਾਰੇ ਮੋਬਾਇਲਾਂ 'ਚ ਡਾਊਨਲੋਡ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਪੁਲਿਸ ਸੂਤਰਾਂ ਅਨੁਸਾਰ ਅਪਰਾਧੀਆਂ ਦੀ ਦਿਨੋਂ-ਦਿਨ ਵਧ ਰਹੀ ਗਿਣਤੀ ਦਾ ਗ੍ਰਾਫ ਰੋਕਣ ਲਈ ਪੁਲਿਸ ਵਿਭਾਗ ਦੇ ਵਿਸ਼ੇਸ਼ ਸੈੱਲ ਵੱਲੋਂ ਇਕ ਸੂਚੀ ਤਿਆਰ ਕੀਤੀ ਗਈ ਹੈ, ਜਿਸ 'ਤੇ ਤਿੰਨ -ਚਾਰ ਮਹੀਨੇ ਤੋਂ ਕੰਮ ਹੋ ਰਿਹਾ ਹੈ। ਇਸ ਯੋਜਨਾ ਤਹਿਤ ਸਭ ਤੋਂ ਪਹਿਲਾਂ ਜ਼ਿਲਾ ਪੱਧਰ ਦੇ ਅਪਰਾਧੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ।
ਜਿਸ 'ਚ ਅਪਰਾਧੀ ਦੀ ਹਰ ਤਰ੍ਹਾਂ ਦੀ ਫੋਟੋ, ਪਰਿਵਾਰਕ ਰਿਕਾਰਡ, ਘਰ ਦਾ ਪਤਾ, ਸੰਪਰਕ ਨੰਬਰ ਅਤੇ ਉਸ ਵੱਲੋਂ ਕੀਤੇ ਗਏ ਕ੍ਰਾਈਮ ਦਾ ਲੇਖਾ-ਜੋਖਾ ਦਰਜ ਕੀਤਾ ਗਿਆ ਹੈ। ਇਸ ਐਪ ਨੂੰ ਹਰ ਪੁਲਿਸ ਥਾਣਾ, ਪੁਲਿਸ ਚੌਕੀ ਦੇ ਨਾਲ-ਨਾਲ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਨੂੰ ਡਾਊਨਲੋਡ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਦੇਸ਼ ਭਰ 'ਚ ਛੋਟੇ-ਵੱਡੇ ਕਿਸਮ ਦੇ ਜੁਰਮ ਕਰਨ ਵਾਲੇ ਅਪਰਾਧੀਆਂ ਨੂੰ ਕਾਬੂ ਕਰਨ ਲਈ ਦੇਸ਼ ਅੰਦਰ ਇਕ ਐਪ ਯੋਜਨਾ ਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ। ਪੰਜਾਬ ਪੁਲਿਸ ਦੇ ਏ. ਡੀ. ਜੀ. ਪੀ. ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਪਰਾਧੀਆਂ ਦੇ ਲਗਾਤਾਰ ਹਾਈਟੈੱਕ ਹੋਣ ਕਾਰਨ ਉਨ੍ਹਾਂ ਨੂੰ ਕੰਟਰੋਲ ਕਰਨਾ ਮੁਸ਼ਕਲ ਸੀ, ਜਿਸ ਕਾਰਨ ਪੁਲਿਸ ਵੱਲੋਂ ਅਜਿਹਾ ਐਪ ਲਾਂਚ ਕੀਤਾ ਗਿਆ ਹੈ, ਜਿਸ ਤੋਂ ਪੁਲਿਸ ਅਪਰਾਧੀਆਂ ਨੂੰ ਜਲਦ ਕਾਬੂ ਕਰ ਸਕੇਗੀ।