ਮਹਿਲਾ ਪ੍ਰਿੰਸੀਪਲ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਦੋਸ਼ ਵਿਚ ਫਸੇ ਚਰਨਜੀਤ ਸਿੰਘ ਚੱਢਾ ਦਾ ਹੋਟਲ ਬਿਜ਼ਨੈੱਸ ਵੀ ਹੁਣ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਇਸ ਸਬੰਧ ਵਿਚ ਕਾਂਗਰਸੀ ਨੇਤਾ ਸੈਂਡੀ ਰੰਧਾਵਾ ਨੇ ਇਕ ਨਿੱਜੀ ਹੋਟਲ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਚੱਢਾ ਪਰਿਵਾਰ ਆਪਣੇ ਰਾਜਨੀਤਕ ਅਤੇ ਪੈਸੇ ਦੇ ਜ਼ੋਰ 'ਤੇ ਅੰਮ੍ਰਿਤਸਰ ਸ਼ਹਿਰ ਵਿਚ ਨਾਜਾਇਜ ਹੋਟਲਾਂ ਦੀ ਚੇਨ ਨੂੰ ਖੜ੍ਹਾ ਕਰ ਰਹੇ ਹਨ। ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਲ 2014 ਦੇ ਮਈ ਮਹੀਨੇ ਵਿਚ ਆਰ. ਟੀ. ਆਈ. ਰਾਹੀਂ ਸਿੱਧ ਹੋ ਗਿਆ ਸੀ ਕਿ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਹੋਟਲ, ਜਿਥੇ ਅਸ਼ਲੀਲ ਵੀਡੀਓ ਬਣੀ ਸੀ, ਪੂਰੀ ਤਰ੍ਹਾਂ ਨਾਲ ਨਾਜਾਇਜ਼ ਹੈ ਜਿਸ ਵਿਚ ਨਿਯਮਾਂ ਨੂੰ ਦਰਕਿਨਾਰ ਕਰ ਕੇ ਪਹਿਲਾਂ ਤਾਂ ਨਕਸ਼ਾ ਪਾਸ ਕਰਵਾਇਆ ਗਿਆ ਉਥੇ ਹੋਟਲ ਦੇ ਫਰੰਟ ਨੂੰ ਵੀ ਬਦਲ ਦਿੱਤਾ ਗਿਆ। ਇਸ ਦੇ ਇਲਾਵਾ ਟਰੱਸਟ ਦੀ ਜਗ੍ਹਾ ਨੂੰ ਵੀ ਚੱਢਾ ਪਰਿਵਾਰ ਨੇ ਆਪਣੇ ਰਾਜਨੀਤੀ ਰਸੂਖ ਕਾਰਨ ਮੇਨਟੀਨੈਂਸ ਦੇ ਨਾਂ 'ਤੇ ਕਬਜ਼ਾ ਕਰ ਕੇ ਉਥੇ ਪਾਰਕਿੰਗ ਬਣਾ ਲਈ।