'ਅਸੀਂ ਪਟਾਕੇ ਵੇਚਦੇ ਹਾਂ ਨਾਕਿ ਪ੍ਰਮਾਣੂ ਹਥਿਆਰ'

ਖਾਸ ਖ਼ਬਰਾਂ

ਨਵੀਂ ਦਿੱਲੀ, 10 ਅਕਤੂਬਰ: ਸੁਪਰੀਮ ਕੋਰਟ ਵਲੋਂ ਨਵੀਂ ਦਿੱਲੀ ਵਿਚ ਪਟਾਕਿਆਂ ਦੀ ਵਿਕਰੀ 'ਤੇ 31 ਅਕਤੂਬਰ ਤਕ ਪਾਬੰਦੀ ਲਗਾਏ ਜਾਣ ਕਾਰਨ ਦਿੱਲੀ ਦੇ ਪਟਾਕਾ ਵਿਕ੍ਰੇਤਾਵਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਦਿੱਲੀ ਦੇ ਪਟਾਕਾ ਵਿਕ੍ਰੇਤਾਵਾਂ ਦੀ ਦੀਵਾਲੀ ਧੂਏਂ ਵਿਚ ਉਡ ਜਾਣ ਦਾ ਖ਼ਦਸ਼ਾ ਹੈ ਕਿਉਂਕਿ ਇਸ ਪਾਬੰਦੀ ਕਾਰਨ ਪਟਾਕਾ ਵਿਕ੍ਰੇਤਾਵਾਂ ਨੂੰ ਵੱਡੇ ਪੱਧਰ 'ਤੇ ਵਿੱਤੀ ਘਾਟਾ ਪਵੇਗਾ। ਦਿੱਲੀ ਵਿਚ ਸਦਰ ਬਾਜ਼ਾਰ ਅਤੇ ਜਾਮਾ ਮਸਜਿਦ ਦੇ ਵੱਡੇ ਪਟਾਕਾ ਬਾਜ਼ਾਰ ਹਨ ਜਿਥੇ 20 ਰੁਪਏ ਤੋਂ ਲੈ ਕੇ 1000 ਜਾਂ ਇਸ ਤੋਂ ਵੱਧ ਕੀਮਤ ਦੇ ਪਟਾਕੇ ਮਿਲਦੇ ਹਨ। ਸਦਰ ਨਿਸ਼ਕਾਮ ਵੈਲਫ਼ੇਅਰ ਐਸੋਸੀਏਸ਼ਨ ਦੇ ਮੁਖੀ ਹਰਜੀਤ ਸਿੰਘ ਛਾਬੜਾ ਨੇ ਕਿਹਾ ਕਿ ਦਿੱਲੀ ਵਿਚ ਪਟਾਕੇ ਵੇਚਣ ਲਈ ਲਗਭਗ 500 ਆਰਜ਼ੀ ਲਾਇਸੰਸ ਜਾਰੀ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ 24 ਲਾਇਸੰਸ ਸਦਰ ਬਾਜ਼ਾਰ ਦੇ ਹਨ। ਇਨ੍ਹਾਂ ਵਿਚ ਉਹ ਵਿਅਕਤੀ ਸ਼ਾਮਲ ਨਹੀਂ ਹਨ ਜਿਨ੍ਹਾਂ ਕੋਲ ਪਟਾਕੇ ਵੇਚਣ ਦੇ ਪੱਕੇ ਲਾਇਸੰਸ ਹਨ। ਸਦਰ ਬਾਜ਼ਾਰ ਦੇ ਇਕ ਹੋਰ ਦੁਕਾਨਦਾਰ ਨੇ ਕਿਹਾ ਕਿ ਪ੍ਰਮਾਣੂ ਹਥਿਆਰਾਂ 'ਤੇ ਪਾਬੰਦੀ ਲਗਣੀ ਚਾਹੀਦੀ ਹੈ ਨਾ ਕਿ ਪਟਾਕਿਆਂ 'ਤੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਸੁਣਾ ਕੇ ਦਿੱਲੀ ਵਿਚ ਦੀਵਾਲੀ 'ਤੇ ਪਾਬੰਦੀ ਲਗਾ ਦਿਤੀ ਹੈ। 

ਇਸ ਬਾਜ਼ਾਰ ਵਿਚ ਕਈ ਦੁਕਾਨਾਂ ਦੇ ਬਾਹਰ ਪੋਸਟਰ ਲੱਗੇ ਹੋਏ ਸਨ ਜਿਨ੍ਹਾਂ 'ਤੇ ਲਿਖਿਆ ਸੀ ਕਿ ਲੋਕ ਨਸ਼ਿਆਂ ਕਾਰਨ ਮਰ ਰਹੇ ਹਨ ਨਾ ਕਿ ਪਟਾਕਿਆਂ ਕਾਰਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਛਾਬੜਾ ਨੇ ਕਿਹਾ ਕਿ ਉਹ ਪਟਾਕੇ ਵੇਚਦੇ ਹਨ ਨਾ ਕਿ ਪ੍ਰਮਾਣੂ ਹਥਿਆਰ ਜਿਨ੍ਹਾਂ 'ਤੇ ਸੁਪਰੀਮ ਕੋਰਟ ਨੇ ਪਾਬੰਦੀ ਲਗਾਈ ਹੈ। ਸਦਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਉਹ ਅਦਾਲਤ ਦਾ ਇਹ ਫ਼ੈਸਲਾ ਨਹੀਂ ਮੰਨਣਗੇ ਅਤੇ ਇਸ ਫ਼ੈਸਲੇ ਦੇ ਵਿਰੋਧ ਵਿਚ ਉਹ ਹੜਤਾਲ ਕਰਨਗੇ। ਅਪਣੀ ਦੁਕਾਨ ਦੇ ਬਾਹਰ ਇਕੱਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਛਾਬੜਾ ਨੇ ਕਿਹਾ ਕਿ ਉਹ ਅਪਣੀਆਂ ਦੁਕਾਨਾਂ ਵਿਚ ਪਟਾਕੇ ਨਹੀਂ ਵੇਚ ਸਕਦੇ, ਇਸ ਲਈ ਜੇ ਹੋਰ ਰਾਹ ਨਾ ਮਿਲਿਆ ਤਾਂ ਉਹ ਫੁਟਪਾਥ 'ਤੇ ਬੈਠ ਕੇ ਪਟਾਕੇ ਵੇਚਣਗੇ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੇ ਜਿਹੜੇ ਪਟਾਕੇ ਖ਼ਰੀਦ ਲਏ ਹਨ, ਹੁਣ ਉਹ ਉਨ੍ਹਾਂ ਦਾ ਕੀ ਕਰਨਗੇ? ਇਸ ਮੌਕੇ ਉਨ੍ਹਾਂ ਅਪਣਾ ਲਾਇਸੰਸ ਵੀ ਵਿਖਾਇਆ ਜਿਸ 'ਤੇ ਉਨ੍ਹਾਂ ਨੂੰ 21 ਨਵੰਬਰ ਤਕ ਪਟਾਕੇ ਵੇਚਣ ਦੀ ਇਜਾਜ਼ਤ ਮਿਲੀ ਹੋਈ ਸੀ। ਸਦਰ ਬਾਜ਼ਾਰ ਦੇ ਇਕ ਹੋਰ ਦੁਕਾਨਦਾਰ ਸੰਦੀਪ ਮਹਾਜਨ ਨੇ ਕਿਹਾ ਕਿ ਉਨ੍ਹਾਂ ਕੋਲ ਲਗਭਗ ਅੱਠ ਲੱਖ ਦੇ ਪਟਾਕੇ ਪਏ ਹਨ। 25 ਲੱਖ ਦੇ ਪਟਾਕੇ ਖ਼ਰੀਦ ਕੇ ਬੈਠੇ ਇਕ ਦੁਕਾਨਦਾਰ ਰਾਜੀਵ ਸਕਸੈਨ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਕਾਰਨ ਉਨ੍ਹਾਂ ਨੂੰ ਕਾਫ਼ੀ ਜ਼ਿਆਦਾ ਵਿੱਤੀ ਘਾਟਾ ਪਵੇਗਾ। ਕਈ ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਲਈ ਤਾਂ ਦੀਵਾਲੀ ਹੀ ਖ਼ਤਮ ਹੋ ਗਈ ਹੈ।                                                                                             (ਪੀ.ਟੀ.ਆਈ.)