ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 4 ਉਡਾਣਾਂ ਰੱਦ

ਖਾਸ ਖ਼ਬਰਾਂ

ਐਸ.ਏ.ਐਸ. ਨਗਰ, 2 ਜਨਵਰੀ (ਕੁਲਦੀਪ ਸਿੰਘ) : ਸਾਲ ਦੇ ਪਹਿਲੇ ਦਿਨ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਰਜਨ ਦੇ ਲਗਭਗ ਉਡਾਣਾਂ ਦੇ ਰੱਦ ਹੋਣ ਅਤੇ ਕਈ ਉਡਾਣਾਂ ਲੇਟ ਹੋਣ ਤੋਂ ਬਾਅਦ ਅੱਜ ਦੂਜੇ ਦਿਨ 4 ਉਡਾਣਾਂ ਰੱਦ ਹੋ ਗਈਆਂ ਅਤੇ 21 ਉਡਾਣਾਂ ਦੇਰੀ ਨਾਲ ਚਲੀਆਂ ਜਾਂ ਪਹੁੰਚੀਆਂ। ਏਅਰਪੋਰਟ 'ਤੇ ਦਿਖਾਈ ਨਾ ਦੇਣ ਦੀ ਸਮੱਸਿਆ ਦੇ ਕਾਰਨ 7.30 ਵਜੇ ਪਹੁੰਚਣ ਵਾਲੀ ਉਡਾਣ 5 ਘੰਟੇ ਦੀ ਦੇਰੀ ਨਾਲ ਦੁਪਹਿਰ 12.15 ਵਜੇ ਪੁੱਜੀ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਹੀ ਅਰੰਭ ਹੋਈ ਮੁਹਾਲੀ ਤੋਂ ਬੈਂਗਕਾਕ ਅਤੇ ਦੁਬਈ ਦੀਆਂ ਉਡਾਣਾਂ ਦੇਰੀ ਨਾਲ ਪੁੱਜੀਆਂ ਅਤੇ ਦੇਰੀ ਨਾਲ ਹੀ ਰਵਾਨਾ ਹੋਈਆਂ।

ਏਅਰ ਇੰਡੀਆ ਬੈਂਗਕਾਕ ਦੀ ਉਡਾਣ ਤਾਂ 3 ਘੰਟੇ 9 ਮਿੰਟ ਦੀ ਦੇਰੀ ਨਾਲ ਪੁੱਜੀ। ਇਸੇ ਤਰ੍ਹਾਂ ਇੰਡੀਗੋ ਦੀ ਦੁਬਈ ਉਡਾਣ ਸਵਾ ਦੋ ਘੰਟੇ ਦੀ ਦੇਰੀ ਨਾਲ ਪੁੱਜੀ ਅਤੇ 30 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। 4 ਉਡਾਣਾਂ ਹੋਈਆਂ ਰੱਦ : ਅੱਜ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ 4 ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਇਨ੍ਹਾਂ ਵਿਚੋਂ ਤਿੰਨ ਉਡਾਣਾਂ ਤਾਂ ਧੁੰਦ ਕਾਰਨ ਹੀ ਰੱਦ ਹੋਈਆਂ ਜਦਕਿ ਇਕ ਉਡਾਣ ਜੋ ਏਅਰ ਇੰਡੀਆ ਦੀ ਲੇਹ ਦੀ ਸੀ, ਤਕਨੀਕੀ ਸਮੱਸਿਆ ਕਾਰਨ ਰੱਦ ਕੀਤੀ ਗਈ।