ਅੱਤਵਾਦੀਆਂ ਨੂੰ ਸਮਝਾਉਣ 'ਚ ਲੱਗੀ ਅਧਿਆਪਕਾ ਨੇ ਇੰਝ ਬਦਲ ਦਿੱਤੀ 68 ਅੱਤਵਾਦੀਆਂ ਦੀ ਜ਼ਿੰਦਗੀ

ਬੰਗਲੁਰੂ : ਗੁਜਰਾਤ ਦੇ ਰਾਜਕੋਟ ਦੀ ਦੀਪਾ ਦਵੇ ਮਣੀਪੁਰ 'ਚ ਸਾਹਸ ਅਤੇ ਸੰਘਰਸ਼ ਦਾ ਇੱਕ ਚਿਹਰਾ ਬਣ ਕੇ ਉਭਰੀ ਹੈ। ਪਿਛਲੇ 15 ਸਾਲ ਤੋਂ ਉਹ ਇੰਫਾਲ ਦੇ ਸੁਫੋ ਬੈਲਾਂ ਪਿੰਡ 'ਚ ਬੱਚਿਆਂ ਨੂੰ ਪੜ੍ਹਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ 68 ਅੱਤਵਾਦੀਆਂ ਨੂੰ ਮੁੱਖ ਧਾਰਾ 'ਚ ਲਿਆਉਣ ਦਾ ਵੀ ਕੰਮ ਕੀਤਾ ਹੈ ਪਰ ਇਸ ਸਫਲਤਾ ਦੀ ਕਹਾਣੀ ਇਕ ਲੰਬੇ ਸੰਘਰਸ਼ ਤੋਂ ਹੋ ਕੇ ਨਿਕਲੀ ਹੈ।



ਧਮਕੀਆਂ ਦੇ ਬਾਵਜੂਦ ਖੋਲ੍ਹਿਆ ਸੀ ਸਕੂਲ : ਮੂਲ ਰੂਪ ਤੋਂ ਗੁਜਰਾਤ ਦੀ ਰਹਿਣ ਵਾਲੀ ਦੀਪਾ ਦੱਸਦੀ ਹੈ ਕਿ 2003 'ਚ ਉਹ ਇੱਥੇ ਆਰਟ ਆਫ ਲਿਵਿੰਗ ਦੇ ਵੱਲੋਂ ਖੋਲ੍ਹੇ ਗਏ ਸਕੂਲ 'ਚ ਅਧਿਆਪਿਕਾ ਦੇ ਤੌਰ 'ਤੇ ਆਈ ਸੀ ਤਾਂ ਮਣੀਪੁਰ ਦੇ ਇਸ ਇਲਾਕੇ 'ਚ ਬਹੁਤ ਅੱਤਵਾਦ ਸਨ।

2003 ਜਨਵਰੀ 'ਚ ਸਕੂਲ ਦੀ ਨੀਂਹ ਰੱਖਣ ਦੇ ਨਾਲ ਹੀ ਅੱਤਵਾਦੀਆਂ ਦਾ ਉਨ੍ਹਾਂ ਤੱਕ ਸੁਨੇਹਾ ਆ ਗਿਆ। ਉਹ ਚਾਹੁੰਦੇ ਸਨ ਕਿ ਦੀਪਾ ਸਕੂਲ ਬੰਦ ਕਰਕੇ ਵਾਪਸ ਚਲੀ ਜਾਵੇ। ਅੱਤਵਾਦੀਆਂ ਦੇ ਪਹਿਲੇ ਸੁਨੇਹੇ ਨੂੰ ਉਨ੍ਹਾਂ ਨੇ ਨਜ਼ਰਅੰਦਾਜ ਕਰ ਦਿੱਤਾ। ਅੱਤਵਾਦੀਆਂ  ਨੂੰ ਇਹ ਗੱਲ ਪਸੰਦ ਨਹੀਂ ਆਈ ਅਤੇ ਅਗਲੇ ਦਿਨ ਕੁਝ ਹਥਿਆਰਬੰਦ ਲੋਕ ਉਨ੍ਹਾਂ ਦੇ ਕੋਲ ਆ ਧਮਕੇ। ਉਨ੍ਹਾਂ ਦੇ ਕੋਲ ਏਕੇ - 47 ਵੀ ਸੀ ਤਾਂ ਪਹਿਲੀ ਵਾਰ ਉਨ੍ਹਾਂ ਨੇ ਅਜਿਹੇ ਹਥਿਆਰ ਦੇਖੇ ਸਨ। ਅੱਤਵਾਦੀਆਂ ਨੇ ਉਨ੍ਹਾਂ ਨੂੰ ਵਾਪਸ ਪਰਤਣ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਪਰ ਉਹ ਫਿਰ ਵੀ ਨਹੀਂ ਪਰਤੀ।



ਪਹੁੰਚ ਗਈ ਸੀ ਅੱਤਵਾਦੀਆਂ ਦੇ ਘਰ : ਕੁਝ ਸਮੇਂ ਬਾਅਦ ਕੁਕੀ ਅੱਤਵਾਦੀਆਂ ਦੇ ਇਕ ਗੁੱਟ ਨੇ ਸਕੂਲ ਚਲਾਉਣ ਦੇ ਬਦਲੇ 'ਚ ਉਨ੍ਹਾਂ ਨੇ ਪੈਸਿਆਂ ਦੀ ਮੰਗ ਸ਼ੁਰੂ ਕਰ ਦਿੱਤੀ। ਦੀਪਾ ਨੇ ਇਹ ਮੰਗ ਵੀ ਠੁਕਰਾ ਦਿੱਤੀ ਅਤੇ ਆਪਣੇ ਆਪ ਅੱਤਵਾਦੀਆਂ ਨਾਲ ਗੱਲ ਕਰਨ ਦਾ ਫੈਸਲਾ ਕੀਤਾ। ਇਸਦੇ ਲਈ ਉਨ੍ਹਾਂ ਨੇ ਸਥਾਨਕ ਆਦਿਵਾਸੀਆਂ ਤੋਂ ਮਦਦ ਮੰਗੀ ਅਤੇ ਕੁਝ ਅੱਤਵਾਦੀਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਮਿਲੀ। ਪਹਿਲੀ ਮੁਲਾਕਾਤ 'ਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਪਰ ਉਨ੍ਹਾਂ ਨੇ ਮੁਲਾਕਾਤ ਦਾ ਸਿਲਸਿਲਾ ਨਹੀਂ ਛੱਡਿਆ।



ਦੀਪਾ ਦੱਸਦੀ ਹੈ ਕਿ ਉਹ ਲਗਾਤਾਰ ਇਹੀ ਸਮਝਾਉਂਦੀ ਰਹੀ ਕਿ ਉਹ ਇੱਥੇ ਪੜ੍ਹਾਉਣ ਆਈ ਹੈ। ਇਸ 'ਚ ਕਿਸੇ ਦਾ ਕੋਈ ਨੁਕਸਾਨ ਨਹੀਂ ਹੈ। ਤਿੰਨ - ਚਾਰ ਸਾਲ ਉਨ੍ਹਾਂ ਨੂੰ ਪਿੰਡ ਅਤੇ ਆਲੇ-ਦੁਆਲੇ ਦੇ ਲੋਕਾਂ 'ਚ ਵਿਸ਼ਵਾਸ ਜਮਾਉਣ 'ਚ ਲੱਗ ਗਏ। ਅਖੀਰ 'ਚ ਉਨ੍ਹਾਂ ਨੂੰ ਪਹਿਲੀ ਸਫ਼ਲਤਾ ਉਸੇ ਅੱਤਵਾਦੀ ਨੂੰ ਸਮਝਾਉਣ 'ਚ ਮਿਲੀ ਜੋ ਉਨ੍ਹਾਂ ਨੂੰ ਸਕੂਲ 'ਚ ਏਕੇ - 47 ਲੈ ਕੇ ਧਮਕਾਉਣ ਆਇਆ ਸੀ। ਦੀਪਾ ਨੇ ਦੱਸਿਆ ਕਿ ਇਸ ਤੋਂ ਉਨ੍ਹਾਂ ਦੀ ਹਿੰਮਤ ਹੋਰ ਵੱਧ ਗਈ। ਇਹ ਸਿਲਸਿਲਾ ਅੱਜ ਤੱਕ ਜਾਰੀ ਹੈ।